ਬਠਿੰਡਾ, 1 ਮਈ (ਅਮਰਜੀਤ ਸਿੰਘ ਸਿੱਧੂ)- ਇਸ ਸਾਲ ਕਣਕ ਦੇ ਘੱਟ ਨਿਕਲੇ ਝ੍ਯਾੜ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਇਸ ਵਾਰ ਬਾਰਸ਼, ਝੱਖੜ ਅਤੇ ਗੜਿਆਂ ਨੇ ਕਣਕ ਦੇ ਝਾੜ ਨੂੰ ਪ੍ਰਭਾਵਿਤ ਕੀਤਾ ਹੈ। ਕਣਕ ਦਾ ਝਾੜ ਇਸ ਸਾਲ 15 ਤੋਂ 20 ਕੁੰਇਟਲ ਪ੍ਰਤੀ ਏਕੜ ਨਿਕਲ ਰਿਹਾ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 20 ਫੀਸਦੀ ਘੱਟ ਹੈ। ਜਿਥੇ ਕਣਕ ਦੇ ਘੱਟ ਝਾੜ ਨੇ ਕਿਸਾਨਾਂ ਦੀ ਆਰਥਿਕਤਾਂ ਨੂੰ ਧੱਕਾ ਲਾਇਆ ਹੈ। ਉਥੇ ਪੰਜਾਬ ਮੰਡੀ ਬੋਰਡ ਨੂੰ ਪ੍ਰਾਪਤ ਹੋਣ ਵਾਲੀ ਮਾਰਕਿਟ ਫੀਸ ਵੀ ਘਟ ਗਈ ਹੈ। ਪੰਜਾਬ ਮੰਡੀ ਬੋਰਡ ਵੱਲੋਂ ਪ੍ਰਾਪਤ ਵੇਰਵਿਆਂ ਅਨੁਸਾਰ 30 ਅਪ੍ਰੈਲ ਸ਼ਾਮ ਤੱਕ ਜਿਲ੍ਹੇ ਦੀਆਂ ਮੰਡੀਆਂ ਵਿੱਚ 6,01,660 ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ 5,71,400 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਜਦੋਂਕਿ 30,260 ਮੀਟਰਿਕ ਟਨ ਕਣਕ ਖੁੱਲ੍ਹੇ ਅਸਮਾਨ ਹੇਠ ਅਣਵਿਕੀ ਪਈ ਹੈ। ਜਿਕਰਯੋਗ ਹੈ ਕਿ ਪਿਛਲੇ ਸਾਲ
30 ਅਪ੍ਰੈਲ ਤੱਕ 8,50,146 ਮੀਟਰਿਕ ਟਨ ਕਣਕ ਮੰਡੀਆਂ ਵਿੱਚ ਪੁੱਜੀ ਸੀ, ਜਦੋਂਕਿ ਇਸ ਸਾਲ ਇਸ ਸਮੇਂ ਤੱਕ 6,01,660 ਮੀਟਰਿਕ ਟਨ ਕਣਕ ਆਈ ਹੈ। ਜੋ ਪਿਛਲੇ ਸਾਲ ਨਾਲੋਂ ਕਾਫੀ ਘੱਟ ਹੈ।
ਮੰਡੀਆਂ ਵਿੱਚ ਕਣਕ ਦੀ ਚੁਕਾਈ ਦਾ ਕੰਮ ਬਹੁਤ ਧੀਮੀ ਰਫਤਾਰ ਨਾਲ ਚੱਲਣ ਕਰਕੇ ਕਈ ਕਿਸਮ ਦੀਆਂ ਮੁਸ਼ਕਿਲਾਂ ਦਰਪੇਸ਼ ਹਨ। ਸਭ ਤੋਂ ਮਾੜੀ ਹਾਲਤ ਤਲਵੰਡੀ ਸਾਬੋ ਇਲਾਕੇ ਦੀਆਂ ਮੰਡੀਆਂ ਦੀ ਹੈ ਜਿਥੇ 3,93,398 ਮੀਟਰਿਕ ਟਨ ਕਣਕ ਦੀ ਚੁੱਕਾਈ ਨਹੀਂ ਹੋ ਸਕੀ। ਮੰਡੀਆਂ ਵਿਚ ਬੋਰੀਆਂ ਦੇ ਅੰਬਾਰ ਲੱਗੇ ਨਜ਼ਰ ਆਉਦੇ ਹਨ। ਮੌਸਮ ਦੀ ਖਰਾਬੀ ਕਰਕੇ ਕਣਕ ਦੇ ਝਾੜ ਉੱਪਰ ਪਏ ਮਾੜੇ ਪ੍ਰਭਾਵ ਨੂੰ ਘਟਾਉਣ ਲਈ ਭਾਵੇਂ ਪੰਜਾਬ ਸਰਕਾਰ ਨੇ ਪ੍ਰਭਾਵਿਤ ਕਿਸਾਨਾਂ ਨੂੰ 8 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ, ਪ੍ਰੰਤੂ ਕਿਸਾਨ ਸਰਕਾਰ ਦੇ ਇਸ ਫੈਸਲੇ ਤੋਂ ਸਤੁੰਸ਼ਟ ਨਜ਼ਰ ਨਹੀਂ ਆ ਰਹੇ। ਕਿਸਾਨਾਂ ਦਾ ਕਹਿਣਾ ਹੈ ਕਿ ਅਜਿਹੇ ਐਲਾਨ ਅਕਸਰ ਹੀ ਸਿਆਸਤ ਤੋਂ ਪ੍ਰੇਰਿਤ ਹੁੰਦੇ ਹਨ ਅਤੇ ਅਜਿਹੀ ਰਾਸ਼ੀ ਸਿਆਸੀ ਗਿਣਤੀਆਂ ਮਿਣਤੀਆਂ ਅਧੀਨ ਹੀ ਵੰਡੀ ਜਾਂਦੀ ਹੈ ਜਿਸ ਤੋਂ ਸੱਚ ਮੁੱਚ ਹੀ ਪ੍ਰਭਾਵਿਤ ਹੋਏ ਲੋਕ ਵਾਂਝੇ ਰਹਿ ਜਾਂਦੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਸੱਚ ਮੁੱਚ ਹੀ ਕਿਸਾਨ ਹਿਤੈਸੀ ਹੈ ਤਾਂ ਕਣ ਕ ਦੇ ਘੱਟ ਝਾੜ ਬਦਲੇ ਘੱਟੋ ਘੱਟ 20 ਹਜ਼ਾਰ ਰੁਪਏ ਮੁਆਵਜਾਂ ਤਰੁੰਤ ਕਿਸਾਨਾਂ ਨੂੰ ਦਿੱਤਾ ਜਾਵੇ ਤਾਂ ਜੋ ਉਹ ਸਾਉਣੀ ਦੀਆਂ ਫਸਲਾਂ ਲਈ ਖਾਦਾਂ ਤੇ ਬੀਜਾਂ ਆਦਿ ਦਾ ਪ੍ਰਬੰਧ ਕਰ ਸਕਣ।