ਗੁਰੂਹਰਸਹਾਏ, 30 ਅਪ੍ਰੈਲ (ਮਹਿੰਦਰ ਸਿੰਘ ਥਿੰਦ)- ਅੱਜ ਦੁਪਹਿਰ ਵੇਲੇ ਵੱਖ-ਵੱਖ ਪਿੰਡਾਂ ਅੰਦਰ ਅਚਾਨਕ ਲੱਗੀ ਅੱਗ ਨਾਲ ਕਿਸਾਨਾਂ ਦਾ ਕਣਕ ਦਾ ਨਾੜ ਸੜ੍ਹਨ ਅਤੇ ਕਈ ਕਿਸਾਨਾਂ ਦੀ ਖੇਤਾਂ ਵਿਚ ਪਈ ਹੱਥਾਂ ਨਾਲ ਕਟਾਈ ਕੀਤੀ ਕਣਕ ਸੜ੍ਹਨ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਮਿਸ਼ਰੀ ਵਾਲਾ, ਕੋਹਰ ਸਿੰਘ ਵਾਲਾ, ਝਾਵਲਾ, ਕਰਕਾਂਦੀ ਆਦਿ ਨਾਲ ਲੱਗਦੇ ਹੋਰ ਪਿੰਡਾਂ ਦੇ ਖੇਤਾਂ ਅੰਦਰ ਅਚਾਨਕ ਅੱਗ ਲੱਗ ਗਈ ਜਿਸ ਨਾਲ ਖੇਤਾਂ ਚ ਸੈਕੜੇ ਏਕੜ ਤੂੜੀ ਬਣਾਉਣ ਲਈ ਪਿਆ ਨਾੜ ਸੜ੍ਹ ਕੇ ਸੁਆਹ ਹੋ ਗਿਆ। ਇਸ ਤੋਂ ਇਲਾਵਾ ਕਈ ਕਿਸਾਨਾਂ ਦੀਆ ਤੂੜੀਆਂ ਵੀ ਸੜ੍ਹ ਗਈਆ। ਇਸ ਅੱਗ ਨੇ
ਗੁੱਦੜਢੰਡੀ ਰੋਡ ਤੇ ਸਥਿਤ ਮਾਰਕਫੈਡ ਦੇ ਗੋਦਾਮਾਂ ਨੂੰ ਵੀ ਆਪਣੀ ਲਪੇਟ ਚ ਲੈ ਲਿਆ ਜਿਸ ਨਾਲ ਕਣਕ ਦੇ 3 ਵੱਡੇ ਚੱਠਿਆਂ ਨੂੰ ਅੱਗ ਪੈ ਗਈ ਤੇ ਭਾਵੇ ਮੌਕੇ ਤੇ ਲੇਬਰ ਯੂਨੀਅਨ ਨੇ ਜੱਦੋ-ਜਹਿਦ ਕਰਦਿਆ ਵੱਡੀ ਪੱਧਰ ਤੇ ਕਣਕ ਸੜ੍ਹਨ ਤੋਂ ਬਚਾਅ ਕਰ ਲਿਆ ਪਰ ਫਿਰ ਵੀ ਇਸ ਅੱਗ ਨਾਲ ਕਈ ਟਨ ਕਣਕ ਨੁਕਸਾਨੀ ਗਈ। ਇਸ ਅੱਗ ਤੇ ਕਾਬੂ ਪਾਉਣ ਲਈ ਮਾਰਕਫੈਡ ਦੇ ਗੋਦਾਮ ਅੰਦਰ ਫਾਜਿਲਕਾ ਤੋਂ ਪੁੱਜੀ ਫਾਇਰ ਬ੍ਰਿਗੇਡ ਨੇ ਪਾਣੀ ਦੀਆਂ ਬੋਛਾਰਾ ਕਰਕੇ ਤੂੜੀ ਦੇ ਢੇਰ ਨੂੰ ਲੱਗੀ ਅੱਗ ਤੇ ਕਾਬੂ ਪਾਇਆ। ਮੌਕੇ ਤੇ ਉਪ ਮੰਡਲ ਦੇ ਐਸ.ਡੀ.ਐਮ ਪ੍ਰੋ: ਜਸਪਾਲ ਸਿੰਘ ਗਿੱਲ ਨੇ ਪਹੁੰਚ ਕੇ ਜਾਇਜਾ ਲਿਆ। ਤੇਜ਼ ਹਵਾਵਾ ਕਾਰਨ ਅੱਗ ਵੱਡੀ ਪੱਧਰ ਤੇ ਉੱਠ ਰਹੀ ਸੀ ਅਤੇ ਇਸ ਤੋਂ ਇਲਾਵਾ ਇਲਾਕੇ ਦੇ ਕਈ ਪਿੰਡਾਂ ਵਿਚ ਵੀ ਅੱਗ ਨੇ ਵੱਡੀ ਪੱਧਰ ਤੇ ਨੁਕਸਾਨ ਕੀਤਾ।