2 ਮਈ ਨੂੰ ਪੂਰੇ ਪੰਜਾਬ ’ਚ ਰੇਲ ਰੋਕੋ ਅੰਦੋਲਨ ਦਾ ਐਲਾਨ
ਚੰਡੀਗੜ੍ਹ, 29 ਅਪ੍ਰੈਲ (ਪੀ. ਟੀ. ਲਾਇਵ)- ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਐਲਾਨ ਕੀਤਾ ਹੈ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਰੁਲ ਰਹੀ ਫਸਲ ਅਤੇ ਕਿਸਾਨਾਂ ਨੇ ਅਦਾਇਗੀ ਨਾ ਹੋਣ ਦੇ ਰੋਸ ਵਜੋਂ ਕਾਂਗਰਸ ਵੱਲੋਂ 30 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਘਿਰਾਓ ਵਿੱਚ ਕਾਂਗਰਸ ਪਾਰਟੀ ਦੇ ਸਾਰੇ ਵਿਧਾਇਕ ਭਾਰੀ ਗਿਣਤੀ ’ਚ ਆਪਣੇ ਸਮਰਥਕਾਂ ਅਤੇ ਪਾਰਟੀ ਮੈਂਬਰਾਂ ਸਮੇਤ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਗਈਆਂ ਹਨ, ਤਾਂ ਜੋ ਪੰਜਾਬ ਸਰਕਾਰ ਨੂੰ ਅਹਿਸਾਸ ਹੋ ਸਕੇ ਕਿ ਪੰਜਾਬ ਵਿੱਚ ਕਿਸਾਨੀ ਦੀ ਦੁਰਦਸ਼ਾ ਕਿਸ ਹਾਲਤ ਤੱਕ ਹੋ ਰਹੀ ਹੈ ਅਤੇ ਮੰਡੀਆਂ ਵਿੱਚ ਕਈ-ਕਈ ਦਿਨਾਂ ਤੋਂ ਪਈ ਕਣਕ ਖਰੀਦ ਨਾ ਹੋਣ ਕਾਰਨ ਕਿਸਾਨ ਅੱਤ ਦੀ ਪਰੇਸ਼ਾਨੀ ਦੀ
ਹਾਲਤ ਵਿੱਚ ਹਨ। ਸ੍ਰੀ ਜਾਖੜ ਨੇ ਇਹ ਵੀ ਦੱਸਿਆ ਕਿ ਇਸ ਸਬੰਧ ਵਿੱਚ 2 ਮਈ ਨੂੰ ਪੂਰੇ ਪੰਜਾਬ ਵਿੱਚ ਰੇਲਾਂ ਰੋਕੀਆਂ ਜਾਣਗੀਆਂ। ਸ੍ਰੀ ਜਾਖੜ ਨੇ ਇਸ ਪ੍ਰੋਗਰਾਮ ਦੇ ਐਲਾਨ ਸਬੰਧੀ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜ਼ਿਕਰ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਜਦ ਤੱਕ ਕਿਸਾਨਾਂ ਨੂੰ ਫਸਲ ਦਾ ਸਹੀ ਮੁੱਲ ਨਹੀਂ ਮਿਲ ਜਾਂਦਾ ਉਦੋਂ ਤੱਕ ਕਾਂਗਰਸ ਵੱਲੋਂ ਰੋਸ ਵਿਖਾਵੇ ਜਾਰੀ ਰੱਖੇ ਜਾਣਗੇ।
ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਨਿਵਾਸ ਦਾ ਘਿਰਾਓ ਕਰਨ ਅਤੇ ਰੇਲ ਰੋਕੋ ਅੰਦੋਲਨ ਦਾ ਐਲਾਨ ਕਰਨ ਦੇ ਨਾਲ ਹੀ ਪੁਲਿਸ ਅਤੇ ਪ੍ਰਸ਼ਾਸਨ ਨੇ ਸੁਰੱਖਿਆ ਪ੍ਰਬੰਧ ਸਖਤ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਚੰਡੀਗੜ੍ਹ ਸਮੇਤ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਪੁਲਿਸ ਨਫਰੀ ਵਧਾ ਦਿੱਤੀ ਹੈ। ਥਾਂ-ਥਾਂ ਪੁਲਿਸ ਨਾਕੇ ਲਗਾ ਦਿੱਤੇ ਗਏ ਹਨ ਤਾਂ ਜੋ ਧਰਨਾਕਾਰੀਆਂ ਨੂੰ ਰਸਤੇ ਵਿੱਚ ਹੀ ਰੋਕਿਆ ਜਾ ਸਕੇ।
ਇਸ ਧਰਨੇ ਵਿੱਚ ਪੰਜਾਬ ਦੇ ਕਾਂਗਰਸ ਵਿਧਾਇਕਾਂ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਅਤੇ ਹੋਰ ਨੇਤਾ ਸਰਗਰਮ ਹੋ ਗਏ ਹਨ। ਜਿਨ੍ਹਾਂ ਦੇ ਅੱਜ ਰਾਤ ਤੋਂ ਹੀ ਚੰਡੀਗੜ੍ਹ ਵੱਲ ਕੂਚ ਕਰਨ ਦੀਆਂ ਤਿਆਰੀਆਂ ਵਿਢ ਦਿੱਤੀਆਂ ਗਈਆਂ ਹਨ।