ਚੰਡੀਗੜ੍ਹ, 26 ਅਪ੍ਰੈਲ, (ਪੀ. ਟੀ.)- ਕਾਂਗਰਸੀ ਆਗੂ ਸੁਖਪਾਲ ਖੈਹਰਾ ਨੇ ਖੁਦ ਦੀ ਜਾਨ ਨੂੰ ਖਤਰਾ ਦੱਸਦਿਆਂ ਦੋਸ਼ ਲਾਇਆ ਹੈ ਕਿ ਪੰਜਾਬ ਪੁਲਿਸ ਉਸ ਨੂੰ ਡਰੱਗ ਕੇਸ ਦਾ ਸਰਗਨਾ ਗਰਦਾਨਕੇ ਝੂਠੇ ਕੇਸ ਚ ਫਸਾਉਣਾ ਚਾਹੁੰਦੀ ਹੈ। ਖੈਹਰਾ ਨੇ ਅੱਜ ਇਥੇ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰਦੇਵ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਬਾਦ ਟਾਰਚਰ ਕਰਦਿਆਂ ਉਸ ਤੋਂ ਕਥਿਤ ਤੌਰ ਤੇ ਜਬਰੀ ਬਿਆਨ ਲਏ ਹਨ ਕਿ ਮੈਂ ਡਰੱਗ ਰੈਕੇਟ ਦਾ ਮਾਸਟਰ ਮਾਇੰਡ% ਹਾਂ ਤੇ ਉਹ ਮੇਰੇ ਲਈ ਕੰਮ ਕਰਦਾ ਸੀ।ਖੈਹਰਾ ਨੇ ਦੱਸਿਆ ਕਿ ਉਸ ਦੇ ਪੀ ਐਸ ਓ ਤੋਂ ਵੀ 4 ਦਿਨ ਪੁਲਿਸ ਨੇ ਪੁੱਛਗਿਛ ਕੀਤੀ ਤੇ ਸਾਦੇ ਪੇਪਰਾਂ ਤੇ ਕਥਿਤ ਤੌਰ ਤੇ ਦਸਖਤ ਕਰਵਾਏ ਹਨ।ਖੈਹਰਾ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਪੁਲਿਸ ਉਨ੍ਹਾਂ ਤੇ ਡਰੱਗ ਕੇਸ ਦਾ ਝੂਠਾ ਪਰਚਾ ਪਾ ਕੇ ਉਨ੍ਹਾਂ ਨੂੰ ਇਸ ਦਾ ਮਾਸਟਰ ਮਾਇੰਡ ਗਰਦਾਨ ਸਕਦੀ ਹੈ।
ਖੈਹਰਾ ਨੇ ਇਹ ਵੀ ਕਿਹਾ ਕਿ ਪੁਲਿਸ ਦੇ ਉਨ੍ਹਾਂ ਦੇ ਸੂਤਰਾਂ ਨੇ ਉਨ੍ਹਾਂ ਨੂੰ ਸਲਾਹ ਦਿਤੀ ਹੈ ਕਿ ਉਹ ਆਪਣੀ ਜਾਨ-ਮਾਨ ਪ੍ਰਤੀ ਸੁਚੇਤ ਰਹਿਣ। ਇਸ ਲਈ ਉਨ੍ਹਾਂ ਨੂੰ ਆਪਣੀ ਜਾਨ ਦਾ ਵੀ ਖਦਸ਼ਾ ਹੈ।
ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਖੈਹਰਾ ਦੇ ਨਾਲ ਖੜੀ ਹੈ।ਨਹੀਂ ਹੋਵਾਂਗਾ ਆਮ ਆਦਮੀ ਪਾਰਟੀ ਚ ਸ਼ਾਮਲ : ਖੈਹਰਾ
ਖੈਹਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਲਈ ਉਨ੍ਹਾਂ ਨੇ ਆਪਣੇ ਹਮਾਇਤੀਆਂ ਤੇ ਵਰਕਰਾਂ ਤੋਂ ਸਲਾਹ ਲਈ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾ ਦੇ ਹਲਕੇ ਦੇ ਐਨ ਆਰ ਆਈਜ਼ ਨੇ ਵੀ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਚ ਸ਼ਾਮਲ ਨਾ ਹੋਣ ਦੀ ਸਲਾਹ ਦਿਤੀ ਹੈ।
ਖੈਹਰਾ ਦੇ ਸੁਰ ਅੱਜ ਕੁਝ ਬਦਲੇ ਹੋਏ ਦਿਖਾਈ ਦਿਤੇ ਤੇ ਉਨ੍ਹਾਂ ਕਿਹਾ ਕਿ ਜੋ ਹਾਲ ਆਮ ਆਦਮੀ ਪਾਰਟੀ ਦਾ ਹੈ, ਉਸ ’ਚ ਸ਼ਾਮਲ ਨਹੀਂ ਹੋਇਆ ਜਾ ਸਕਦਾ।