ਸੁਨਾਮ, 25 ਅਪ੍ਰੈਲ (ਰਾਕੇਸ਼ ਜਿੰਦਲ)- ਅੱਜ ਅਨਾਜ ਮੰਡੀ ਸੁਨਾਮ ਵਿਖੇ ਮੈਂਬਰ ਪਾਰਲੀਮੈਂਟ ਸ਼੍ਰੀ ਭਗਵੰਤ ਸਿੰਘ ਮਾਨ ਨੇ ਕਣਕ ਦੇ ਸੀਜਣ ਵਿਚ ਪਹਿਲੀ ਵਾਰੀ ਕਿਸਾਨਾਂ, ਆੜ੍ਹਤੀਆਂ ਅਤੇ ਮਜਦੂਰਾਂ ਨੂੰ ਆਈਆਂ ਦਿੱਕਤਾਂ ਬਾਰੇ ਸੁਨਾਮ, ਚੀਮਾਂ, ਸ਼ੇਰੋਂ, ਧਰਮਗੜ੍ਹ, ਲਹਿਰਾਗਾਗਾ, ਭਵਾਨੀਗੜ੍ਹ, ਭਲਵਾਨ, ਧੂਰੀ ਅਤੇ ਨਦਾਮਪੁਰ ਮੰਡੀਆਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਸਰਕਾਰਾਂ ਨੂੰ ਹਰੇਕ ਸੀਜਣ ਬਾਰੇ ਪਤਾ ਹੁੰਦਾ ਹੈ। ਪਰ ਇਸ ਸੀਜਣ ਵਿਚ ਨਵਾਂ ਹੀ ਦੇਖਣ ਨੂੰ ਮਿਲ ਰਿਹਾ ਹੈ। ਕਿਉਂਕਿ ਸਰਕਾਰ ਨੇ ਕੋਈ ਵੀ ਪ੍ਰਬੰਧ ਨਹੀਂ ਕੀਤਾ। ਕਿਸਾਨ ਮੰਡੀਆਂ ਵਿਚ 15 ਦਿਨਾਂ ਤੋਂ ਰੁਲ ਰਹੇ ਹਨ। ਆੜ੍ਹਤੀਆਂ ਨੇ ਕਿਹਾ ਕਿ ਖਰੀਦ ਏਜੰਸੀਆਂ ਪ੍ਰਸ਼ਾਸਨ ਦੀ ਸ਼ਹਿ ਨਾਲ ਕਣਕ ਕੱਚੇ ਕਾਗਜਾਂ ਉਪਰ ਲਿਖ ਰਹੇ ਹਨ। ਉਹ ਰਜਿਸਟਰਾਂ ਵਿਚ ਕੁਝ ਵੀ ਦਰਜ ਨਹੀਂ ਕਰ ਰਹੇ ਅਤੇ ਨਾ ਹੀ ਮਾਰਕਿਟ ਕਮੇਟੀ ਦੇ ਦਫਤਰ ਵਿਚ ਕੁਝ ਦਰਜ ਕਰਵਾਇਆ ਜਾਂਦਾ ਹੈ। ਸਿਰਫ ਪ੍ਰਸ਼ਾਸਨ ਅਤੇ ਸਰਕਾਰ ਨੂੰ ਖੁਸ਼ ਕਰਨ ਲਈ ਕਾਗਜੀ ਅੰਕੜੇ ਹੀ ਦੇ ਰਹੇ ਹਨ। ਆੜ੍ਹਤੀਆਂ ਨੂੰ ਥੋੜ੍ਹਾ ਜਿਹਾ ਬਾਰਦਾਨਾ ਦੇ ਕੇ ਉਨ੍ਹਾਂ ਤੋਂ ਕਣਕ ਬੋਰੀਆਂ ਵਿਚ ਭਰਵਾ ਕੇ ਮੰਡੀਆਂ ਵਿਚ ਹੀ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ। ਸਰਕਾਰ ਨਾ ਤਾਂ ਉਨ੍ਹਾਂ ਨੂੰ ਕੋਈ ਪੇਮੈਂਟ ਕਰ ਰਹੀ ਹੈ ਅਤੇ ਨਾ ਹੀ ਕੋਈ
ਕਾਗਜੀ ਕਾਰਵਾਈ ਕਰ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਸੁਨਾਮ ਮੰਡੀ ਵਿਚ ਕਣਕ 1400 ਰੁਪਏ ਤੋਂ 1430 ਰੁਪਏ ਤੱਕ ਵਿਕ ਰਹੀ ਹੈ, ਪਰ ਇਹ ਸਰਕਾਰੀ ਰਿਕਾਰਡ ਵਿਚ 1455 ਰੁਪਏ ਹੀ ਲਿਖੀ ਜਾਂਦੀ ਹੈ। ਕਿਸਾਨਾਂ ਨੇ ਦੱਸਿਆ ਕਿ ਇਹ ਖਮਿਆਜਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅਸੀਂ ਭੁਗਤ ਰਹੇ ਹਾਂ। ਇਸ ਵਿਚ ਪ੍ਰਸ਼ਾਸਨ, ਆੜ੍ਹਤੀਏ ਅਤੇ ਖਰੀਦਦਾਰ ਦੋਵੇਂ ਹੀ ਦੋਸ਼ੀ ਹਨ। ਕਿਉਂਕਿ ਕਿਸਾਨਾਂ ਦੀ ਇਸ ਮਾਯੂਸੀ ਦੀ ਹਾਲਤ ਦਾ ਇਹ ਨਜਾਇਜ ਫਾਇਦਾ ਉਠਾ ਰਹੇ ਹਨ। ਕਿਸਾਨਾਂ ਅਤੇ ਮਜਦੂਰਾਂ ਦੀ ਰਾਖੀ ਕਰਨ ਵਾਲੀ ਆੜ੍ਹਤੀਆ ਐਸੋਸੀਏਸ਼ਨ ਸੁਨਾਮ ਆਪਣੇ ਇਲਾਕੇ ਦੇ ਐਮ.ਪੀ. ਨੂੰ ਆਪਣੀਆਂ ਮੁਸ਼ਕਿਲਾਂ ਦੱਸਣ ਦੀ ਬਜਾਏ ਉਥੋਂ ਭੱਜਣ ਨੂੰ ਤਹਿਰੀਰ ਦਿੰਦੇ ਰਹੇ, ਉਹ ਸਿਰਫ ਸਿਆਸੀ ਸਿਆਸਤ ਦਾ ਹੀ ਸ਼ਿਕਾਰ ਹੋਏ ਅਤੇ ਕਿਸਾਨਾਂ ਬਾਰੇ ਕੁਝ ਨਹੀਂ ਸੋਚ ਸਕੇ। ਸਿਰਫ ਕੁਝ ਆੜ੍ਹਤੀਏ, ਕਿਸਾਨ ਅਤੇ ਮਜਦੂਰਾਂ ਨੇ ਹੀ ਆਪਣੀਆਂ ਮੁਸ਼ਕਿਲਾਂ ਤੋਂ ਭਗਵੰਤ ਮਾਨ ਨੂੰ ਜਾਨੂੰ ਕਰਵਾਇਆ। ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਵਿਸ਼ਵਾਸ ਦਿਵਾਇਆ ਕਿ ਉਹ ਸਬੰਧਤ ਮਹਿਕਮੇ ਨੂੰ ਗੱਲ ਕਰਕੇ ਜਲਦੀ ਤੋਂ ਜਲਦੀ ਖਰੀਦ ਸ਼ੁਰੂ ਕਰਵਾਉਣਗੇ। ਇਸ ਮੌਕੇ ਮੰਡੀ ਵਿਚ ਨਾ ਤਾਂ ਸਰਕਾਰੀ ਖਰੀਦ ਚੱਲ ਰਹੀ ਸੀ ਅਤੇ ਨਾ ਹੀ ਕੋਈ ਸਰਕਾਰੀ ਖਰੀਦ ਏਜੰਸੀਆਂ ਦੇ ਅਧਿਕਾਰੀ ਮੰਡੀ ਵਿਚ ਸ਼ਾਮਿਲ ਸੀ, ਜਦਕਿ ਭਗਵੰਤ ਮਾਨ ਦੇ ਆਉਣ ਦੀ ਸੂਚਨਾ ਸਭ ਨੂੰ ਪਹਿਲਾਂ ਹੀ ਦਿੱਤੀ ਗਈ ਸੀ। ਇਸ ਤੋਂ ਜਾਹਰ ਹੁੰਦਾ ਹੈ ਕਿ ਗਰੀਬ ਕਿਸਾਨ ਅਤੇ ਮਜਦੂਰ ਸਿਆਸੀ ਸਿਆਸਤ ਦਾ ਸ਼ਿਕਾਰ ਹੋ ਰਹੇ ਹਨ। ਸਿਆਸੀ ਲੀਡਰ ਹੀ ਕਿਸਾਨਾਂ, ਆੜ੍ਹਤੀਏ, ਮਜਦੂਰਾਂ ਅਤੇ ਟਰਾਂਸਪੋਰਟਰਾਂ ਨੂੰ ਮੰਡੀਆਂ ਵਿਚ ਰੋਲ ਰਹੇ ਹਨ। ਸਥਾਨਕ ਐਸ.ਡੀ.ਐਮ. ਸ਼੍ਰੀਮਤੀ ਪ੍ਰਨੀਤ ਸ਼ੇਰਗਿੱਲ ਨੇ ਭਗਵੰਤ ਮਾਨ ਨੂੰ ਵਿਸ਼ਵਾਸ ਦਿਵਾਇਆ ਕਿ ਜੋ ਦਿੱਕਤਾਂ ਆ ਰਹੀਆਂ ਹਨ, ਉਹ ਜਲਦੀ ਹੀ ਹੱਲ ਕਰ ਲਈਆਂ ਜਾਣਗੀਆਂ। ਖਰੀਦ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਲਈ ਉਹ ਕਈ ਦਿਨਾਂ ਤੋਂ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਕਣਕ ਦੀ ਖਰੀਦ ਜਲਦੀ ਤੋਂ ਜਲਦੀ ਸ਼ੁਰੂ ਕਰਵਾ ਦਿੱਤੀ ਜਾਵੇਗੀ। ਕਿਸਾਨਾਂ ਅਤੇ ਮਜਦੂਰਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਆਪ ਪਾਰਟੀ ਦੇ ਕਨਵੀਨਰ ਗਮਦੂਰ ਸਿੰਘ ਨੇ ਸੁਨਾਮ ਏਰੀਏ ਦੀਆਂ ਮੁਸ਼ਕਿਲਾਂ ਅਤੇ ਕਿਸਾਨਾਂ, ਆੜ੍ਹਤੀਆਂ ਅਤੇ ਮਜਦੂਰਾਂ ਦੀਆਂ ਮੁਸ਼ਕਿਲਾਂ ਤੋਂ ਸੁਚਾਰੂ ਢੰਗ ਨਾਲ ਜਾਨੂੰ ਕਰਵਾਇਆ ਅਤੇ ਜਲਦੀ ਤੋਂ ਜਲਦੀ ਹੱਲ ਕਰਵਾਉਣ ਬਾਰੇ ਕਿਹਾ। ਇਸ ਸਮੇਂ ਮਾਰਕਿਟ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ, ਦਲਜੀਤ ਸਿੰਘ ਬਿੱਟੂ, ਸੱਤ ਪਾਲ ਸਰਪੰਚ ਸਰਪ੍ਰਸਤ, ਰਾਕੇਸ਼ ਸੇਠੀ, ਲਾਭ ਸਿੰਘ ਸਰਪੰਚ, ਗੁਰਿੰਦਰ ਗਰੇਵਾਲ, ਡਾ. ਸ਼ਵਿੰਦਰ ਸਿੰਘ, ਮਨੀ ਸਰਾਓ, ਕ੍ਰਿਸ਼ਨ ਸਿੰਘ ਕੰਬੋਜ਼, ਅਵਤਾਰ ਸਿੰਘ, ਇਸ਼ਰ ਸਿੰਘ ਫੌਜੀ, ਬਚਨ ਬੇਦਿਲ, ਅਬਜਿੰਦਰ ਸਿੰਘ ਸੰਘਾ, ਪ੍ਰੇਮ ਅੱਗਰਵਾਲ, ਅਤੇ ਵੱਡੀ ਗਿਣਤੀ ਵਿਚ ਕਿਸਾਨ, ਮਜਦੂਰ ਅਤੇ ਆਪ ਪਾਰਟੀ ਦੇ ਵਰਕਰ ਹਾਜ਼ਰ ਸਨ।