ਨਵੀਂ ਦਿੱਲੀ, 24 ਅਪ੍ਰੈਲ (ਪੀ. ਟੀ.)- ਦਿੱਲੀ ’ਚ ਆਮ ਆਦਮੀ ਪਾਰਟੀ ਦੀ ਰੈਲੀ ’ਚ ਕਿਸਾਨ ਦੀ ਆਤਮ ਹੱਤਿਆ ਦੇ ਸਬੰਧ ’ਚ ਜ਼ਿਲ੍ਹਾ ਮੈਜਿਸਟਰੇਟ (ਡੀ.ਐਮ.) ਵੱਲੋਂ ਤੈਅ ਆਖਰੀ ਸਮਾਂ ਸੀਮਾ ਬੀਤ ਜਾਣ ਦੇ ਬਾਵਜੂਦ ਦਿੱਲੀ ਪੁਲਿਸ ਨੇ ਅੱਜ ਇਕ ਵਾਰ ਫਿਰ ਇਸ ਨਾਲ ਸਬੰਧਿਤ ਜਾਣਕਾਰੀ ਉਨ੍ਹਾਂ ਦੇ ਨਾਲ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ। ਨਵੀਂ ਦਿੱਲੀ ਦੇ ਡੀ.ਐਮ. ਦੇ ਨੋਟਿਸ ਦਾ ਦਿੱਲੀ ਪੁਲਿਸ ਨੇ ਜਵਾਬ ਦੇ ਦਿੱਤਾ ਹੈ।ਜਿਸ ’ਚ ਕਿਹਾ ਗਿਆ ਹੈ ਕਿ ਡੀ.ਐਮ. ਕੋਲ ਜਾਂਚ ਰਿਪੋਰਟ ਮੰਗਣ ਦਾ ਹੱਕ ਨਹੀਂ ਹੈ। ਦਿੱਲੀ ਪੁਲਿਸ ਨੇ ਦਲੀਲ ਦਿੱਤੀ ਹੈ ਕਿ ਇਹ ਫ਼ੌਜਦਾਰੀ ਮਾਮਲਾ ਹੈ। ਇਸ ਮਾਮਲੇ ‘ਚ ਉਹ ਸਿਰਫ਼ ਜੁਡੀਸ਼ੀਅਲ ਮੈਜਿਸਟਰੇਟ ਨੂੰ ਰਿਪੋਰਟ ਦੇ ਸਕਦੇ ਹਨ। ਉਥੇ ਹੀ ਦਿੱਲੀ ਪੁਲਿਸ ਦੇ ਕਮਿਸ਼ਨਰ ਬੀ ਐਸ ਬਸੀ ਨੇ ਕਿਹਾ ਕਿ ਇਸ ਮਾਮਲੇ ’ਚ ਪੁਲਿਸ ਦੀ ਲਾਪਰਵਾਹੀ ਦੀ ਵੀ ਜਾਂਚ ਹੋਵੇਗੀ।