ਬਰਨਾਲਾ, 24 ਅਪ੍ਰੈਲ- ਕਸਬਾ ਹੰਢਿਆਇਆ ਦੇ ਵਾਰਡ ਨੰਬਰ 10 ਸਮਸ਼ਾਨਘਾਟ ਕੋਲੋਂ ਦੀ ¦ਘਦੀ ਮਾਨਸਾ ਸੜਕ ਨੂੰ ਮਿਲਾਉਂਦੀ ਫਿਰਨੀ ਕੋਲ ਵਸਦੇ ਘਰਾਂ ਨਜ਼ਦੀਕ ਇਕ ਧਾਰਮਿਕ ਅਸਥਾਨ ਵਿਚ ਮਾਨਸਾ ਸੜਕ ਸਥਿਤ ਧੌਲਾ ਫੈਕਟਰੀ ਵਿਚੋਂ ਬਚਦੀ ਰਹਿੰਦ ਖੂਹੰਦ ਚਿੱਟੇ ਰੰਗ ਦੀ ਚੂਨਾ ਮਿੱਟੀ ਦੇ ਸੁੱਟਣ ਦਾ ਮਾਮਲਾ ਗਰਮਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਵਾਸੀ ਰੂਪ ਸਿੰਘ ਸਰਾਂ, ਹਰਬੰਸ ਅਤੇ ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਗਰ ਪੰਚਾਇਤ ਹੰਢਿਆਇਆ ਵੱਲੋਂ ਨਕਸ਼ਾ ਪਾਸ ਕਰਵਾ ਕੇ ਆਪੋ ਆਪਣੀਆਂ ਨਿੱਜੀ ਰਿਹਾਇਸ਼ਾਂ ਕੀਤੀਆਂ ਹੋਈਆਂ ਹਨ। ਪਰ ਇਨ੍ਹਾਂ ਦੀ ਰਿਹਾਇਸ਼ ਦੇ ਅੱਗੇ ਇਕ ਛੱਪੜ (ਟੋਭਾ) ਬਣਿਆ ਹੋਇਆ ਹੈ। ਇਸ ਟੋਭੇ ਵਿਚ ਹਰ ਛਿਮਾਹੀ ਮਹੀਨੇ ਵਾਲੇ ਦਿਨ ਲੋਕ ਮਿੱਟੀ ਕੱਢਣ ਲਈ ਆਉਂਦੇ ਹਨ ਅਤੇ ਇਸ ਜਗ੍ਹਾ ਤੇ ਕਈ ਧਾਰਮਿਕ ਸਮਾਂਧਾਂ ਦੀਆਂ ਮਟੀਆਂ ਵੀ ਬਣਾਈਆਂ ਹੋਈਆਂ ਹਨ। ਪਰ ਪਿਛਲੇ ਦਿਨੀਂ ਇਕ ਫੋਰਡ ਟਰੈਕਟਰ ਤੇ ਚਿੱਟੇ ਰੰਗ ਦੀ
ਚੂਨਾ ਮਿੱਟੀ ਸੁੱਟਣ ਲਈ ਆਏ ਇਕ ਵਿਅਕਤੀ ਨੂੰ ਜਦੋਂ ਰੋਕ ਕੇ ਪੁੱਛਿਆ ਤਾਂ ਉਸਨੇ ਨਗਰ ਪੰਚਾਇਤ ਹੰਡਿਆਇਆ ਦੇ ਦੀ ਮਹਿਲਾ ਕੌਂਸਲ ਪ੍ਰਧਾਨ ਅਤੇ ਇਕ ਮੀਤ ਪ੍ਰਧਾਨ ਦੇ ਦਸਤਾਖਤਾਂ ਹੇਠ ਇਸ ਜਗ੍ਹਾ ਵਿਚ ਸਮੁੱਚੇ ਕੌਂਸਲਰਾਂ ਦੀ ਜਿੰਮੇਵਾਰੀ ਦੇ ਐਧਾਰ ’ਤੇ ਧੌਲਾ ਸੜਕ ਸਥਿਤ ਇਕ ਫੈਕਟਰੀ ਨੂੰ ਸੰਬੋਧਨ ਕਰਕੇ ਲਿਖਿਆ ਗਿਆ ਹੈ ਕਿ ਨਗਰ ਪੰਚਾਇਤ ਦੀ ਇਸ ਕਰੀਬ ਇਕ ਏਕੜ ਜ਼ਮੀਨ ਜੋ ਜੰਗੀਆਣਾ ਰਸਤੇ ਉਪਰ ਲਗਦੀ ਹੈ ਜਿਸ ਵਿਚ ਡੂੰਘੇ ਟੋਏ ਹਨ, ਉਸ ਵਿਚ ਚੂਨੇ ਦੀ ਭਰਤ ਪਾਈ ਜਾਵੇ ਅਤੇ ਭਰਤ ਤੋਂ ਬਾਅਦ ਚੂਨੇ ਨੂੰ ਮਿੱਟੀ ਨਾਲ ਭਰਿਆ ਜਾਵੇ ਤਾਂ ਕਿ ਇਸ ਖਾਲੀ ਪਈ ਜ਼ਮੀਨ ਨੂੰ ਪੰਚਾਇਤ ਨੂੰ ਆਮਦਨ ਹੋ ਸਕੇ। ਇਸ ਤਰ੍ਹਾਂ ਦਿਖਾਏ ਲੈਟਰ ਪੈਡ ਉਪਰ ਲਿਖੇ ਪੱਤਰ ਦੀ ਕਾਪੀ ਨੂੰ ਵਿਖਾਉਂਦਿਆਂ ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਦੇ ਇਨ੍ਹਾਂ ਕੌਂਸਲਰਾਂ ਵਲੋਂ ਆਪਣੇ ਕਥਿਤ ਨਿੱਜੀ ਮੁਫ਼ਾਦਾਂ ਨੂੰ ਲੈ ਕੇ ਇਸ ਜਗ੍ਹਾ ਵਿਚ ਚੂਨਾ ਮਿੱਟੀ ਦੀ ਭਰਤ ਪਵਾਈ ਜਾ ਰਹੀ ਹੈ ਜਦੋਂਕਿ ਹੋਰਨਾਂ ਕੌਂਸਲਰਾਂ ਨੂੰ ਇਸ ਸਬੰਧੀ ਕੁੱਝ ਵੀ ਨਹੀਂ ਪਤਾ ਅਤੇ ਕਈ ਕੌਂਸਲਰਾਂ ਨੇ ਤਾਂ ਸਾਡੇ ਘਰ ਆ ਕੇ ਇਸ ਪੱਤਰ ਨੂੰ ਵੇਖਿਆ ਹੈ। ਨਕਸ਼ਾ ਪਾਸ ਕਰਵਾਕੇ ਮਕਾਨ ਦੀ ਉਸਾਰੀ ਕਰਨ ਵਾਲੇ ਰੂਪ ਸਿੰਘ ਸਰਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਮਾਮਲੇ ਨੂੰ ਮਾਣਯੋਗ ਡਿਪਟੀ ਕਮਿਸ਼ਨਰ ਬਰਨਾਲਾ ਦੇ ਧਿਆਨ ਵਿਚ ਲਿਆ ਦਿੱਤਾ ਹੈ ਤਾਂ ਕਿ ਸਾਨੂੰ ਇਸ ਸਬੰਧੀ ਇਨਸਾਫ਼ ਮਿਲ ਸਕੇ। ਉਨ੍ਹਾਂ ਅੱਗੇ ਕਿਹਾ ਕਿ ਹੁਣ ਆਉਣ ਵਾਲੇ ਦਿਨਾਂ ਵਿਚ ਤੇਜ਼ ਹਵਾਵਾਂ ਅਤੇ ਹਨ੍ਹੇਰੀਆਂ ਚੱਲਣਗੀਆਂ ਜਿਸ ਕਾਰਨ ਸਾਨੂੰ ਖਾਣਾ ਖਾਣ, ਪਕਾਉਣ ਸਮੇਂ ਅਤੇ ਰਾਤ ਨੂੰ ਛੱਤਾਂ ਉਪਰ ਜਾਂ ਵਿਹੜਿਆਂ ਵਿਚ ਸੌਣ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਨਗਰ ਪੰਚਾਇਤ ਹੰਡਿਆਇਆ ਵਿਚ ਇਸ ਸੁੱਟਾਈ ਜਾ ਰਹੀ ਚਿੱਟੀ ਚੂਨਾ ਮਿੱਟੀ ਮਾਣਯੋਗ ਅਦਾਲਤ ਦੇ ਉਸ ਫੈਸਲੇ ਜੋ ਇਕ ਰਿੱਟ ਪੁਟੀਸ਼ਨ ਐਡਵੋਕੇਟ ਅਨੂੰ ਸ਼ਰਮਾ ਵਲੋਂ ਪਾਈ ਗਈ ਸੀ ਦੇ ਜਵਾਬ ਵਿਚ ਉਸ ਸਮੇਂ ਕਾਰਜ ਸਾਧਕ ਅਫ਼ਸਰ ਨੇ 21/4/2011 ਨੂੰ ਜਵਾਬ ਵਿਚ ਆਖਿਆ ਗਿਆ ਸੀ ਕਿ ਇਲਾਕੇ ਅੰਦਰ ਕਾਲੀ ਚੂਨਾ ਮਿੱਟੀ ਜਾਂ ਕਾਲੇ ਰੰਗ ਦੀ ਸੁਆਹ ਮਿੱਟੀ ਨਹੀਂ ਸੁਟਵਾਈ ਜਾਵੇਗੀ ਦੇ ਆਪੇ ਦਿੱਤੇ ਮਾਣਯੋਗ ਅਦਾਲਤ ਨੂੰ ਜਵਾਬ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਕਿ ਮਾਣਯੋਗ ਅਦਾਲਤ ਵਲੋਂ ਇਸ ਜਾਰੀ ਕੀਤੇ ਗਏ ਫੈਸਲੇ ਨੂੰ ਤੁਰੰਤ ਲਾਗੂ ਕਰਵਾਇਆ ਤਾਂ ਕਿ ਇਲਾਕਾ ਪ੍ਰਦੂਸ਼ਨ ਰਹਿਤ ਹੋ ਸਕੇ। ਓਧਰ ਜਦੋਂ ਇਸ ਸਬੰਧੀ ਜੇ.ਈ. ਸਲੀਮ ਮੁਹੰਮਦ ਨਾਲ ਗੱਲ ਕੀਤੀ ਗਈ ਤਾਂ ਉਨ੍ਰਾਂ ਕਿਹਾ ਕਿ ਨਗਰ ਪੰਚਾਇਤ ਹੰਡਿਆਇਆ ਵਿਚ ਕਿਸੇ ਮਾਣਯੋਗ ਅਦਾਲਤ ਦੇ ਹੁਕਮਾਂ ਨੂੰ ਟਿੱਚ ਨਹੀਂ ਜਾਣਿਆ ਜਾਵੇਗਾ ਅਤੇ ਬਣਦੀ ਕਾਰਵਾਈ ਲਈ ਵਿਭਾਗ ਨੂੰ ਲਿਖਿਆ ਜਾਵੇਗਾ। ਇਸ ਭਰਤ ਸੁੱਟਣ ਵਾਲੇ ਠੇਕੇਦਾਰ ਗੁਰਜੰਟ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਤਾਂ ਪ੍ਰਧਾਨ ਵਲੋਂ ਲਿਖ ਕੇ ਦਿੱਤਾ ਹੋਇਆ ਹੈ ਅਤੇ ਜਦੋਂ ਲੋਕਾਂ ਨੇ ਵਿਰੋਧ ਕੀਤਾ ਤਾਂ ਅਸੀਂ ਸੁੱਟਣਾ ਬੰਦ ਕਰ ਦਿੱਤਾ ਅਤੇ ਇਕ ਅੱਧੀ ਟਰਾਲੀ ਸੁੱਟੀ ਗਈ ਹੈ। ਲੋਕਾਂ ਵਲੋਂ ਵਿਰੋਧ ਕੀਤੇ ਜਾਣ ’ਤੇ ਅਸੀਂ ਸਬੰਧਿਤ ਪ੍ਰਧਾਨ ਨੂੰ ਆਖ਼ ਦਿੱਤਾ ਹੈ ਕਿ ਅਸੀਂ ਇਸ ਜਗ੍ਹਾ ਤੇ ਚੂਨਾ ਮਿੱਟੀ ਨਹੀਂ ਸੁੱਟਾਂਗੇ।