ਗੁਰੂਹਰਸਹਾਏ, 23 ਅਪ੍ਰੈਲ (ਮਹਿੰਦਰ ਸਿੰਘ ਥਿੰਦ)- ਪੰਜਾਬ ਸਰਕਾਰ ਵੱਲੋਂ ਜਿੱਥੇ ਲੜਕੀਆਂ ਦੀ ਪੜ੍ਹਾਈ ਨੂੰ ਮੁਫ਼ਤ ਕਰਨ ਦੇ ਵਾਅਦੇ ਕੀਤੇ ਜਾ ਰਹੇ ਹਨ ਅਤੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਪੜਨ ਲਈ ਘਰ ਘਰ ਜਾ ਕੇ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਕੁਝ ਭ੍ਰਿਸ਼ਟ ਅਧਿਆਪਕਾਂ ਵੱਲੋਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਆਰਥਿਕ ਅਤੇ ਮਾਨਸਿਕ ਤੌਰ ’ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦੀ ਮਿਸਾਲ ਪਿੰਡ ਮਾਹਮੂਜੋਈਆ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਮਿਲਦੀ ਹੈ, ਜਿੱਥੇ ਪ੍ਰਿੰਸੀਪਲ ਵੱਲੋਂ ਬੱਚਿਆਂ ਦੇ ਦਾਖਲੇ ਦੀ ਫੀਸ ਵੱਧ ਵਸੂਲੀ ਜਾ ਰਹੀ ਹੈ। ਇਸ ਸਬੰਧੀ ਬੱਚਿਆਂ ਦੇ ਮਾਪਿਆਂ ਰਾਜ ਕੁਮਾਰ, ਸੁਭਾਸ਼ ਸਿੰਘ, ਸੁਰਜੀਤ ਸਿੰਘ ਤ੍ਰਿਪਾਲ ਕੇ, ਕਸ਼ਮੀਰ ਚੰਦ ਮਾਹਮੂਜੋਈਆ, ਰਮੇਸ਼ ਸਿੰਘ, ਕਸ਼ਮੀਰੋ ਬਾਈ, ਹਰਭਜਨ ਸਿੰਘ, ਬਲਵੀਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਵੱਲੋਂ ਪ੍ਰਿੰਸੀਪਲ ਬਿਰਜਮੋਹਣ ਬੇਦੀ ਵੱਲੋਂ ਐਡਮੀਸ਼ਨ ਫੀਸ ਵੱਧ ਵਸੂਲੀ ਜਾ ਰਹੀ
ਹੈ। ਜਦਕਿ ਪੰਜਾਬ ਸਰਕਾਰ ਵੱਲੋਂ ਲੜਕੀਆਂ ਨੂੰ ਮੁਫ਼ਤ ਸਿੱਖਿਆ ਦੇਣ ਦਾ ਐਲਾਨ ਕੀਤਾ ਗਿਆ ਹੈ। ਰਾਜ ਕੁਮਾਰ ਨੇ ਦੱਸਿਆ ਕਿ ਉਸ ਦੀ ਲੜਕੀ ਪ੍ਰਿਯਕਾ ਪਾਸੋਂ ਪ੍ਰਿੰਸੀਪਲ ਹਰ ਮਹੀਨੇ 200 ਰੁਪਏ ਫੀਸ ਲੈ ਰਿਹਾ ਹੈ ਅਤੇ ਇਸ ਤੋਂ ਇਲਾਵਾ ਲੜਕੇ ਮਿੰਟੂ ਪਾਸੋਂ 370 ਰੁਪਏ ਛੇ ਮਹੀਨੇ ਦੀ ਜਗ੍ਹਾ 1100 ਰੁਪਏ ਲੈ ਰਿਹਾ ਹੈ। ਇਸ ਤੋਂ ਇਲਾਵਾ ਵੀ ਅਨੇਕਾਂ ਬੱਚਿਆਂ ਪਾਸੋਂ ਵੱਧ ਪੈਸੇ ਵਸੂਲ ਰਿਹਾ ਹੈ। ਜਦੋਂ ਮਾਪਿਆਂ ਵੱਲੋਂ ਪ੍ਰਿੰਸੀਪਲ ਨਾਲ ਇਸ ਸਬੰਧੀ ਗੱਲਬਾਤ ਕੀਤੀ ਤਾਂ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਬੱਚੇ ਸਕੂਲ ਵਿਚ ਨਾ ਪੜ੍ਹਾਉਣ ਅਤੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦੀਆਂ ਧਮਕੀਆਂ ਦਿੱਤੀਆਂ ਹਨ। ਇਸ ਸਬੰਧੀ ਮਾਪਿਆਂ ਵੱਲੋਂ 9 ਅਪ੍ਰੈਲ ਨੂੰ ਡੀ.ਈ.ਓ.ਸੈਕੰਡਰੀ ਫਾਜਿਲਕਾ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ ਪਰ ਅਜੇ ਤੱਕ ਪ੍ਰਿੰਸੀਪਲ ਖਿਲਾਫ਼ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ। ਪੀੜਤ ਬੱਚਿਆਂ ਦੇ ਮਾਪਿਆਂ ਨੇ ਸਿੱਖਿਆ ਮੰਤਰੀ ਅਤੇ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਪਾਸੋਂ ਅਜਿਹੀ ਭ੍ਰਿਸ਼ਟ ਮੁਲਾਜਮ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦ ਤੋਂ ਜਲਦ ਪ੍ਰਿੰਸੀਪਲ ਖਿਲਾਫ਼ ਕਾਰਵਾਈ ਨਾ ਕੀਤੀ ਤਾਂ ਉਹ ਹਾਈਵੇ ਰੋਡ ਜਾਮ ਕਰਨ ਲਈ ਮਜ਼ਬੂਰ ਹੋਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਸਿੱਖਿਆ ਵਿਭਾਗ ਦੀ ਹੋਵੇਗੀ। ਇਸ ਸਬੰਧੀ ਜਦੋਂ ਪ੍ਰਿੰਸੀਪਲ ਬ੍ਰਿਜਮੋਹਣ ਬੇਦੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਫ਼ੋਨ ਕੱਟ ਦਿੱਤਾ ਅਤੇ ਇਸ ਕੋਈ ਵੀ ਜਵਾਬ ਨਹੀਂ ਦਿੱਤਾ।