ਗ੍ਰਹਿ ਮੰਤਰੀ ਰਾਜਨਾਥ ਵੱਲੋਂ ਜਾਂਚ ਦੇ ਆਦੇਸ਼
ਨਵੀਂ ਦਿੱਲੀ, 22 ਅਪ੍ਰੈਲ (ਪੀ. ਟੀ. ਲਾਇਵ)- ਕੇਂਦਰ ਸਰਕਾਰ ਦੇ ਜ਼ਮੀਨ ਪ੍ਰਾਪਤੀ ਆਰਡੀਨੈਂਸ ਦੇ ਵਿਰੁੱਧ ਆਮ ਆਦਮੀ ਪਾਰਟੀ ਵੱਲੋਂ ਜੰਤਰ-ਮੰਤਰ ਵਿਖੇ ਜਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਰਾਜਸਥਾਨ ਦੇ ਦੋਸਾ ’ਚ ਰਹਿਣ ਵਾਲੇ ਇੱਕ ਕਿਸਾਨ ਨੇ ਰੈਲੀ ਵਾਲੇ ਸਥਾਨ ਵਿੱਚ ਹੀ ਲੱਗੇ ਇੱਕ ਦਰਖਤ ਉੱਪਰ ਕੱਪੜਾ ਬੰਨ੍ਹ ਕੇ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਯਤਨ ਕੀਤਾ। ਇਸ ਮੌਕੇ ਆਪ ਪਾਰਟੀ ਦੇ ਭਾਰੀ ਗਿਣਤੀ ’ਚ ਵਰਕਰਾਂ ਸਮੇਤ ਦਿੱਲੀ ਪੁਲਿਸ ਦੇ ਮੁਲਾਜ਼ਮ ਵੀ ਮੌਜੂਦ ਸਨ, ਪਰ ਕਿਸੇ ਨੇ ਵੀ ਦੁਖੀ ਕਿਸਾਨ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦੌਰਾਨ ਮੁੱਖ ਮੰਤਰੀ ਕੇਜਰੀਵਾਲ ਕਿਸਾਨਾਂ ਦੇ ਹਿੱਤਾਂ ਨੂੰ ਲੈ ਕੇ ਸਟੇਜ ਤੋਂ ਬੋਲਦੇ ਰਹੇ ਪਰ ਕਿਸਾਨ ਹਸਪਤਾਲ ਵਿੱਚ ਲਿਜਾਏ ਜਾਣ ਬਾਅਦ ਜ਼ਿੰਦਗੀ ਅਤੇ ਮੌਤ ਨਾਲ ਜੂਝਦਾ ਹੋਇਆ ਆਖਿਰ ਜ਼ਿੰਦਗੀ ਦੀ ਜੰਗ ਹਾਰ ਗਿਆ।
ਰੈਲੀ ਵਿੱਚ ਇਹ ਦੁਖਦਾਈ ਘਟਨਾ ਹਜ਼ਾਰਾਂ ਲੋਕਾਂ ਦੀ ਮੌਜੂਦਗੀ ਵਿੱਚ ਹੋਈ ਪਰ ਲੋਕ ਰੈਲੀ ਵਿੱਚ ਮਸ਼ਰੂਫ ਰਹੇ। ਕਿਸਾਨ ਦੇ ਕੋਲੋਂ ਮਿਲੇ ਖੁਦਕੁਸ਼ੀ ਨੋਟ ਦੇ ਅਨੁਸਾਰ ਮ੍ਰਿਤਕ ਕਿਸਾਨ ਰਾਜਸਥਾਨ ਦੇ ਦੋਸਾ ਦਾ ਰਹਿਣ ਵਾਲਾ ਸੀ। ਰੈਲੀ ਦੇ ਦੌਰਾਨ ਉਹ ਦਰਖਤ ਨਾਲ ਲਟਕਦਾ ਮਿਲਿਆ। ਜਿਸ ਬਾਅਦ ਲੋਕਾਂ ਨੇ ਉਸ ਨੂੰ ਹੇਠਾਂ ਉਤਾਰਿਆ ਅਤੇ ਹਸਪਤਾਲ ਭੇਜਿਆ। ਮ੍ਰਿਤਕ ਕਿਸਾਨ ਕੋਲੋਂ ਜਿਹੜੀ ਪਰਚੀ ਮਿਲੀ ਹੈ ਉਸ ਵਿੱਚ ਉਸ ਨੇ ਆਪਣਾ ਮੋਬਾਇਲ ਨੰਬਰ ਅਤੇ ਨਾਲ ਹੀ ‘ਜੈ ਜਵਾਨ, ਜੈ ਕਿਸਾਨ, ਜੈ ਰਾਜਸਥਾਨ’ ਲਿਖਿਆ। ਗਜੇਂਦਰ ਨਾਂਅ ਦੇ ਇਸ ਕਿਸਾਨ ਨੇ ਇਹ ਵੀ ਲਿਖਿਆ ਹੈ ਕਿ ਉਸ ਦੇ 3 ਬੱਚੇ ਹਨ, ਉਸ ਦੀ ਫਸਲ ਬਰਬਾਦ ਹੋ ਚੁੱਕੀ ਹੈ, ਅਤੇ ਉਹ ਬਹੁਤ ਪਰੇਸ਼ਾਨ ਹੈ। ਇਸ ਮਾਮਲੇ ਵਿੱਚ ਰਾਜਸਥਾਨ ਕਾਂਗਰਸ ਦੇ ਪ੍ਰਧਾਨ ਸਚਿਨ ਪਾਇਲਟ ਨੇ ਕਿਹਾ ਹੈ ਕਿ ਉਹ ਕਿਸਾਨ ਦੇ ਪਰਿਵਾਰ ਲਈ ਹਰ ਸੰਭਵ ਮਦਦ ਕਰਨਗੇ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਜ਼ਾਹਿਰ ਹੁੰਦਾ ਹੈ ਕਿ ਕਿਸਾਨ ਕਿਸ ਹਾਲਤ ਵਿੱਚ ਜੀ ਰਹੇ ਹਨ।
ਕਿਸਾਨ ਨੂੰ ਦੇਖਣ ਰਾਮ ਮਨੋਹਰ ਲੋਹੀਆ ਹਸਪਤਾਲ ਪਹੁੰਚੇ ਦਿੱਲੀ ਦੇ ਮੁਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਰੈਲੀ ਦੇ ਦੌਰਾਨ ਉਨ੍ਹਾਂ ਨੇ ਆਪਣੇ ਵਰਕਰਾਂ ਨੂੰ ਕਿਸਾਨ ਨੂੰ ਦਰਖਤ ਤੋਂ ਉਤਾਰਨ ਲਈ ਕਿਹਾ ਪਰ ਕਿਸਾਨ ਨੇ ਕਿਸੇ ਦੀ ਨਹੀਂ ਸੁਣੀ ਅਤੇ ਅਚਾਨਕ ਆਤਮ ਹੱਤਿਆ ਕਰ ਲਈ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਸ਼ਾਇਦ ਮੋਦੀ ਸਰਕਾਰ ਕਿਸੇ ਉਦਯੋਗਪਤੀ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀ ਹੈ ਇਸ ਲਈ ਜ਼ਮੀਨ ਪ੍ਰਾਪਤੀ ਆਰਡੀਨੈਂਸ ਨੂੰ ਲਿਆ ਕੇ ਇਸ ਕਾਨੂੰਨ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਜ਼ਮੀਨ ਸਾਡੇ ਅਧਿਕਾਰ ਵਿੱਚ ਨਹੀਂ ਹੈ, ਪਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਕਿਸਾਨਾਂ ਦੇ ਨਾਲ ਇਨਸਾਫ ਹੋਵੇ।
ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੁਲਿਸ ਕਮਿਸ਼ਨਰ ਨਾਲ ਗੱਲ ਕਰ ਕੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਦੂਜੇ ਪਾਸੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਕੇਜਰੀਵਾਲ ਕਿਸਾਨ ਨੂੰ ਦੇਖਣ ਹਸਪਤਾਲ ਪੁੱਜੇ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਵਿੱਚ ਕਿਸਾਨ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ਵਿੱਚ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਖੁਦਕੁਸ਼ੀ ਨਾਲ ਰਾਸ਼ਟਰ ਸਦਮੇ ਵਿੱਚ ਹੈ। ਉਨ੍ਹਾਂ ਨੇ ਕਿਸਾਨ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।