ਵਾਸ਼ਿੰਗਟਨ ਡੀਸੀ, 22 ਅਪ੍ਰੈਲ (ਡਾ. ਗਿੱਲ)- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸਾਖੀ ਅਮਰੀਕਾ ਸਥਿਤ ਵਾਸ਼ਿੰਗਟਨ ਡੀਸੀ ਵਿਖੇ ਭਾਰਤੀ ਅੰਬੈਸੀ ’ਚ ਮਨਾਈ ਗਈ। ਇਸ ਸਮਾਗਮ ਵਿੱਚ ਭਾਰਤ ਤੋਂ ਅਰੁਣ ਜੇਤਲੀ ਖਜ਼ਾਨਾ ਮੰਤਰੀ ਭਾਰਤ ਸਰਕਾਰ ਅਤੇ ਪ੍ਰਕਾਸ਼ ਜਾਵੇਦਕਰ ਵਾਤਾਵਰਣ ਮੰਤਰੀ ਭਾਰਤ ਸਰਕਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਿੱਥੇ ਵੱਖ-ਵੱਖ ਕਲਚਰਲ ਆਈਟਮਾਂ ਰਾਹੀਂ ਆਪਣੇ ਮਹਿਮਾਨਾਂ ਨੂੰ ਵਿਸਾਖੀ ਦੇ ਰੰਗ ਦੀ ਯਾਦ ਕਰਵਾਈ ਉ¤ਥੇ ਭੰਗੜੇ ਅਤੇ ਗਿੱਧੇ ਨੇ ਖੂਬ ਰੰਗ ਬੰਨ੍ਹਿਆ। ਇਸ ਮੌਕੇ ਸ੍ਰੀ ਅਰੁਣ ਜੇਤਲੀ ਨੇ ਕਿਹਾ ਕਿ ਵਿਸਾਖੀ ਸਾਡਾ ਰਾਸ਼ਟਰੀ ਉਤਸਵ ਹੈ ਅਤੇ ਪੂਰੇ
ਭਾਰਤ ਵਿੱਚ ਇਸ ਨੂੰ ਖੂਬ ਮਨਾਇਆ ਜਾਂਦਾ ਹੈ। ਇਸ ਦਿਨ ਕਿਸਾਨ ਆਪਣੀਆਂ ਫਸਲਾਂ ਦੀ ਖੁਸ਼ੀ ਵਿੱਚ ਖੂਬ ਝੂੰਮਦੇ ਹਨ। ਉਨ੍ਹਾਂ ਕਿਹਾ ਕਿ ਇਸੇ ਦਿਨ ਹੀ ਖਾਲਸੇ ਦਾ ਜਨਮ ਹੋਇਆ ਅਤੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ-ਪਾਤ ਦੀ ਮੁਕਤੀ ਕਰਕੇ ਏਕੇ ਵਿੱਚ ਪਿਰੋਇਆ ਸੀ। ਜਾਵੇਦਕਰ ਨੇ ਕਿਹਾ ਕਿ ਵਿਸਾਖੀ ਭਾਰਤ ਦਾ ਅਤੁਟ ਤਿਉਹਾਰ ਹੈ ਜੋ ਖਾਲਸੇ ਦੇ ਸਾਜਨਾ ਨੂੰ ਸਮਰਪਿਤ ਹੈ। ਇਸੇ ਦਿਨ ਹੀ ਸਿੰਘ ਸਾਜੇ ਗਏ ਅਤੇ ਮਜ਼ਲੂਮਾਂ ਦੀ ਰੱਖਿਆ ਦਾ ਪਾਠ ਪੜ੍ਹਾਇਆ ਗਿਆ। ਉਨ੍ਹਾਂ ਇਸ ਸ਼ੁਭ ਅਵਸਰ ’ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ।
ਮੈਰੀਲੈਂਡ ਗਵਰਨਰ ਹਾਊਸ ਤੋਂ ਸੈਕਟਰੀ ਸਟੇਟ ਅਤੇ ਡਾਇਰੈਕਟਰ ਆਰਥਿਕ ਅਫੇਅਰ ਸਟੀਵ ਐਡਮ ਨੇ ਮੈਰੀਲੈਂਡ ਗਵਰਨਰ ਵੱਲੋਂ ਭਾਰਤੀ ਅੰਬੈਸਡਰ ਦੀਆਂ ਵਧੀਆ ਕਾਰਗੁਜ਼ਾਰੀਆਂ ਸਬੰਧੀ ਤਰਨਜੀਤ ਸਿੰਘ ਸੰਧੂ ਅੰਬੈਸਡਰ ਨੂੰ ਸਨਮਾਨਿਤ ਕੀਤਾ ਅਤੇ ਵਿਸਾਖੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸੈਕਟਰੀ ਸਟੇਟ ਨੇ ਸਾਈਟੇਸ਼ਨ ਪੜ੍ਹ ਕੇ ਇਸ ਤਿਉਹਾਰ ਪ੍ਰਤੀ ਸ਼ਰਧਾ ਅਰਪਨ ਕੀਤੀ। ਵਿਸਾਖੀ ਦੀ ਅਹਿਮੀਅਤ ਬਾਰੇ ਮਨਮੋਹਨ ਸਿੰਘ ਸਿੱਖ ਸਕਾਲਰ ਨੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਜਸਦੀਪ ਸਿੰਘ ਜੱਸੀ ਨੇ ਵਿਸਾਖੀ ਦੇ ਸਮਾਗਮ ਨੂੰ ਭਾਰਤੀਆਂ ਦੇ ਵਿਰਸੇ ਪ੍ਰਤੀ ਜਾਗਰੂਕਤਾ ਦਾ ਪ੍ਰਤੀਕ ਦੱਸਿਆ ਅਤੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਭਾਰਤੀ ਅੰਬੈਸਡਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਵਿਸਾਖੀ ਪੰਜਾਬ ਦਾ ਹੀ ਤਿਉਹਾਰ ਨਹੀਂ ਸਗੋਂ ਇਸ ਦਿਨ ਨੂੰ ਨਵੇਂ ਸਾਲ ਵਜੋਂ ਵੀ ਮਨਾਇਆ ਜਾਂਦਾ ਹੈ। ਕਿਸਾਨ ਆਪਣੀਆਂ ਫਸਲਾਂ ਦੇ ਪੱਕ ਜਾਣ ਉਪਰੰਤ ਖੁਸ਼ੀਆਂ ਮਨਾਉਂਦੇ ਹਨ ਅਤੇ ਸੋਹਣੀਆਂ ਪੁਸ਼ਾਕਾਂ ਅਤੇ ਤਰਕਾਰੀਆਂ ਬਣਾ ਕੇ ਇਸ ਤਿਉਹਾਰ ਨੂੰ ਸਮਰਪਿਤ ਹੁੰਦੇ ਹਨ। ਉਨ੍ਹਾਂ ਕਿਹਾ ਅੱਜ ਦਾ ਇਕੱਠ ਜਿੱਥੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਯਾਦ ਦਿਵਾਉਂਦਾ ਹੈ ਉ¤ਥੇ ਆਪਸੀ ਪਿਆਰ ਦਾ ਇਜ਼ਹਾਰ ਵੀ ਕਰਵਾਉਂਦਾ ਹੈ। ਅੰਤ ਵਿੱਚ ਬਲਜਿੰਦਰ ਸਿੰਘ ਸ਼ੰਮੀ ਚੇਅਰਮੈਨ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।