ਚੰਡੀਗੜ੍ਹ, 21 ਅਪ੍ਰੈਲ (ਪੀ. ਟੀ.)- ਪੰਜਾਬ ਸਰਕਾਰ ਦੇ ਭਲਾਈ ਵਿਭਾਗ ਨੇ ਵੱਖ-ਵੱਖ ਵਿਭਾਗਾਂ, ਕਾਰਪੋਰੇਸ਼ਨਾਂ ਅਤੇ ਬੋਰਡਾਂ ਵਿਚ ਕਾਡਰਵਾਈਜ਼ ਪਏ ਬੈਕਲਾਗ ਸਬੰਧੀ ਸੂਚਨਾ ਇਕ ਹਫਤੇ ਦੇ ਅੰਦਰ-ਅੰਦਰ ਭੇਜਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਲਾਈ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬੈਕਲਾਗ ਸਬੰਧੀ ਸੂਚਨਾ ਨਿਰਧਾਰਿਤ ਪ੍ਰੋਫਾਰਮੇ ਵਿਚ ਭਰਕੇ ਦੇਣ ਲਈ ਲਿਖਿਆ ਗਿਆ ਸੀ ਪਰ ਕਈ ਵਿਭਾਗਾਂ, ਕਾਰਪੋਰੇਸ਼ਨਾਂ ਅਤੇ ਬੋਰਡਾਂ ਨੇ ਹਾਲੇ ਤੱਕ ਸੂਚਨਾ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਬੈਕਲਾਗ ਸਬੰਧੀ ਸੂਚਨਾ ਨਾ ਭੇਜਣ ਕਰਕੇ ਭਲਾਈ ਕਮੇਟੀ ਸ਼ਾਖਾ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਕ ਹਫਤੇ ਦੇ ਵਿਚ ਜਾਣਕਾਰੀ ਭਲਾਈ ਵਿਭਾਗ ਨੂੰ ਭੇਜੀ ਜਾਵੇ ਤਾਂ ਜੋ ਭਲਾਈ ਕਮੇਟੀ ਸ਼ਾਖਾ ਨੂੰ ਸਹੀ ਸਥਿਤੀ ਤੋਂ ਜਾਣੂੰ ਕਰਵਾਇਆ ਜਾ ਸਕੇ।