ਬੁਢਲਾਡਾ, 18 ਅਪ੍ਰੈਲ (ਅਮਨ ਮਹਿਤਾ, ਅਮਿਤ ਜਿੰਦਲ, ਨਛੱਤਰ ਸਿੰਘ ਕਾਹਨਗੜ੍ਹ)- ਪੰਜਾਬ ਵਿੱਚ ਕਿਸੇ ਵੀ ਪੈਨਸ਼ਨਰ ਦੀ ਪੈਨਸ਼ਨ ਬੰਦ ਨਹੀਂ ਕੀਤੀ ਗਈ ਹੈ ਕਾਂਗਰਸ ਪਾਰਟੀ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਇਹ ਸ਼ਬਦ ਅੱਜ ਬੋਹਾ ਖੇਤਰ ਦੇ ਵੱਖ ਵੱਖ ਪਿੰਡਾਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਲਗਾਏ ਗਏ ਸੰਗਤ ਦਰਸ਼ਨ ਦੌਰਾਨ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਹੇ। ਉਨ੍ਹਾਂ ਕਿਹਾ ਕਿ ਪੈਨਸ਼ਨਾਂ ਦੇ ਸੰਬੰਧ ਵਿੱਚ ਅਦਾਲਤੀ ਕੇਸ ਹੋਣ ਕਾਰਨ ਸਰਕਾਰ ਨੂੰ ਪੈਨਸ਼ਨਾਂ ਦੀ ਜਾਂਚ ਕਰਵਾਉਣੀ ਪੈ ਰਹੀ ਹੈ। ਪ੍ਰੰਤੂ ਕਿਸੇ ਵੀ ਯੋਗ ਪੈਨਸ਼ਨਰ ਦੀ ਪੈਨਸ਼ਨ ਬੰਦ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਸ ਮੌਕੇ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਚੈਕ ਵੀ ਵੰਡੇ। ਪਿੰਡ ਰਿਉਂਦ ਖੁਰਦ ਵਿਖੇ ਪਿੰਡ ਦੀਆਂ ਸਮੱਸਿਆਵਾਂ ਪੰਚਾਇਤ ਵੱਲੋਂ ਪੇਸ਼ ਕੀਤੀਆਂ ਗਈਆਂ ਜਿਸ ਤੇ ਪਿੰਡ ਦੇ ਵਿਕਾਸ ਅਤੇ ਤਰੱਕੀ ਲਈ 21.25 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ। ਇਸੇ ਪਿੰਡ
ਰਿਉਂਦ ਕਲਾਂ ਨੂੰ 21 ਲੱਖ ਰੁਪਏ, ਪਿੰਡ ਆਂਡਿਆਂਵਾਲੀ ਨੂੰ 13 ਲੱਖ ਰੁਪਏ, ਪਿੰਡ ਰਾਮਗੜ੍ਹ ਸ਼ਾਹਪੁਰੀਆ ਨੂੰ 15 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ। ਇਸ ਮੌਕੇ ਤੇ ਬੋਲਦਿਆਂ ਬੀਬੀ ਬਾਦਲ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਅਤੇ ਤਰੱਕੀ ਲਈ ਕੋਈ ਕਸਰ ਬਾਕੀ ਨਹੀਂ ਛਂੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦਾ ਸੁਪਨਾ ਹਰ ਪਿੰਡ ਨੂੰ ਪੱਕੀ ਸੜਕ, ਸ਼ਹਿਰ ਵਰਗੀਆਂ ਸਹੂਲਤਾਂ ਅਤੇ ਕਿਰਸਾਨੀ ਨੂੰ ਮਜਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਾਂਗਰਸ ਪਾਰਟੀ ਦਾ ਪ੍ਰਧਾਨ ਰਾਹੁਲ ਗਾਂਧੀ ਬਣੇ ਚਾਹੇ ਸੋਨੀਆ ਗਾਂਧੀ, ਇਸ ਨਾਲ ਕੋਈ ਵੀ ਫਰਕ ਨਹੀਂ ਪੈਂਦਾ, ਕਿਉਂਕਿ ਜਨਤਾ ਦੀ ਅਦਾਲਤ ਨੇ ਕਾਂਗਰਸ ਪਾਰਟੀ ਨੂੰ ਸਿਰੇ ਤੋਂ ਹੀ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਅੰਦਾਜਾ ਧੂਰੀ ਜਿਮਨੀ ਚੋਣਾਂ ਤੋਂ ਹੀ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਗਰੀਬਾਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਗਰੀਬਾਂ ਨੂੰ ਆਰਥਿਕ ਪੱਖ ਤੋਂ ਮਜ਼ਬੂਤ ਬਣਾਉਣ ਲਈ ਸਮੇਂ-ਸਮੇਂ ’ਤੇ ਨਵੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਨ ਧਨ ਯੋਜਨਾ ਸ਼ੁਰੂ ਕੀਤੀ ਗਈ, ਜਿਸ ਤਹਿਤ 10 ਮਹੀਨਿਆਂ ਅੰਦਰ ਹੀ 99 ਫੀਸਦੀ ਖਾਤੇ ਖੋਲ੍ਹ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦਾ ਟੀਚਾ ਹੈ ਕਿ 2020 ਤੱਕ ਹਰੇਕ ਗਰੀਬ ਵਿਅਕਤੀ ਦੇ ਸਿਰ ‘ਤੇ ਛੱਤ ਹੋਵੇ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਮਾਨਸਾ ਭੁਪਿੰਦਰ ਸਿੰਘ, ਐਸ.ਐਸ.ਪੀ. ਮਾਨਸਾ ਭੁਪਿੰਦਰ ਸਿੰਘ ਖੱਟੜਾ, ਐਸ.ਡੀ.ਐਮ. ਬੁਢਲਾਡਾ ਅਨਮੋਲ ਸਿੰਘ ਧਾਲੀਵਾਲ, ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ, ਠੇਕੇਦਾਰ ਗੁਰਪਾਲ ਸਿੰਘ, ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਜੋਗਾ ਸਿੰਘ, ਹਰਮੇਲ ਸਿੰਘ ਕਲੀਪੁਰ, ਗੁਰਮੇਲ ਸਿੰਘ ਜਿਲ੍ਹਾ ਪ੍ਰਧਾਨ, ਸਰਪੰਚ ਸਿਕੰਦਰ ਸਿੰਘ, ਕੌਂਸਲਰ ਮਹਿੰਦਰ ਸਿੰਘ ਕਾਕੂ, ਸਰਪੰਚ ਬਲਜੀਤ ਕੌਰ ਰਿਉਂਦ ਖੁਰਦ,ਸਰਪੰਚ ਤਿਲਕ ਸਿੰਘ ਰਿਉਂਦ ਕਲਾਂ, ਸਰਪੰਚ ਬੂਟਾ ਸਿੰਘ ਝਲਬੂਟੀ, ਕੌਂਸਲਰ ਹਰਵਿੰਦਰ ਸਿੰਘ ਬੰਟੀ, ਕੌਂਸਲਰ ਯਾਦਵਿੰਦਰ ਯਾਦੂ, ਕੌਂਸਲਰ ਵਿਵੇਕ ਜਲਾਨ, ਕੌਂਸਲਰ ਸੁਖਵਿੰਦਰ ਕੌਰ ਸੁੱਖੀ, ਆਦਿ ਹਾਜ਼ਰ ਸਨ।