April 24, 2026 12:28 pm

ਸੋਨਾ ਦੁੱਗਣਾ ਕਰਨ ਦਾ ਝਾਂਸਾ ਦੇ ਕੇ ਲੁੱਟਣ ਵਾਲੇ ਗਿਰੋਹ ਦੀ ਮੈਂਬਰ ਕਾਬੂ

ਸ਼ਾਹਕੋਟ, 18 ਅਪਰੈਲ (ਸੁਰਿੰਦਰ ਸਿੰਘ ਪਦਮ)- ਇੱਕ ਔਰਤ ਦੀ ਦਲੇਰੀ ਤੇ ਸੂਝ-ਬੂਝ ਸਦਕਾ ਤਿੰਨ ਨੌਸਰਬਾਜ ਠੱਗਾਂ ’ਚੋਂ ਇੱਕ ਠੱਗ ਔਰਤ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਸ਼ਾਹਕੋਟ ਪੁਲਿਸ ਕਾਬੂ ਕੀਤੀ ਠੱਗ ਔਰਤ ਕੋਲੋਂ ਪਂੁੱਛ-ਪੜਤਾਲ ਕਰ ਰਹੀ ਹੈ। ਅਨੋਖੇ ਢੰਗ ਨਾਲ ਲੁੱਟਣ ਵਾਲੇ ਠੱਗ ਗਿਰੋਹ ਦੇ ਤਿੰਨ ਮੈਂਬਰਾਂ ਦੀ ਅੱਜ ਇੱਕ ਔਰਤ ਨੂੰ ਲੁੱਟਣ ਦੀ ਕੋਸਿਸ਼ ਨੂੰ ਦਲੇਰ ਔਰਤ ਦੀ ਦਲੇਰੀ ਨੇ ਅਸਫਲ ਬਣਾ ਦਿੱਤਾ।  ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪਰਮਜੀਤ ਕੌਰ ਉਰਫ ਭਜਨੋ ਪਤਨੀ ਬਲਵੀਰ ਸਿੰਘ ਵਾਸੀ ਲਾਂਬੜਾ ਨੇ ਦੱਸਿਆ ਕਿ ਉਹ ਅੱਜ ਆਪਣੇ ਮਾਪਿਆਂ ਨੂੰ ਮਿਲਣ ਲਈ ਸ਼ਾਹਕੋਟ ਵਿਖੇ ਆਈ ਸੀ। ਉਸ ਨੇ ਦੱਸਿਆ ਕਿ ਇਸੇ ਦੌਰਾਨ ਮੇਨ ਬਜ਼ਾਰ ’ਚ ਇੱਕ ਸੁਨਿਆਰੇ ਦੀ ਦੁਕਾਨ ’ਤੇ ਕਿਸੇ ਕੰਮ ਬਾਬਤ ਬੈਠੀ ਸੀ ਤਾਂ ਉਸ ਸਮੇਂ ਇੱਕ ਮੋਟਰਸਾਈਕਲ ’ਤੇ ਇੱਕ ਬਿਰਧ ਵਿਅਕਤੀ, ਇੱਕ ਔਰਤ ਅਤੇ ਇੱਕ ਨੌਜਵਾਨ ਸੁਨਿਆਰੇ ਦੀ ਦੁਕਾਨ ਦੇ ਸਾਹਮਣੇ ਆ ਕੇ ਰੁਕੇ।

ਉਨ੍ਹਾਂ ’ਚੋਂ ਨੌਜਵਾਨ ਲੜਕੇ ਨੇ ਉਨ੍ਹਾਂ ਕੋਲ ਆ ਕੇ ਇੱਥੋਂ ਦੇ ਡੇਰਾ ਰਾਧਾ ਸੁਆਮੀ ਬਾਰੇ ਪੁੱਛਿਆ। ਜਿਉਂ ਹੀ  ਨੌਜਵਾਨ ਨੂੰ ਉਕਤ ਪਤਾ ਦੱਸ ਦਿੱਤਾ ਤਾਂ ਉਸ ਦੀ ਸਾਥਣ ਔਰਤ ਉਨ੍ਹਾਂ ਕੋਲ ਆਈ। ਉਸ ਨੇ ਕਿਹਾ ਕਿ ਉਕਤ ਔਰਤ ਨੇ ਆਉਂਦਿਆਂ ਹੀ ਉਨ੍ਹਾਂ ਨੂੰ ਕਿਹਾ ਕਿ ਉਹ ਜੋ ਮੋਟਰਸਾਈਕਲ ’ਤੇ ਬਾਬਾ ਜੀ ਸਵਾਰ ਹਨ, ਉਹ ਬਹੁਤ ਪਹੁੰਚੇ ਹੋਏ ਸੰਤ ਹਨ। ਉਸ ਨੇ ਕਿਹਾ ਕਿ ਉਹ ਤੁਹਾਡੇ ਹਰ ਦੁੱਖ ਦਾ ਨਿਪਟਾਰਾ ਕਰ ਦੇਣਗੇ ਅਤੇ ਤੁਹਾਡੀ ਹਰ ਮੁਰਾਦ ਪੂਰੀ ਕਰ ਸਕਦੇ ਹਨ। ਉਸ ਨੇ ਕਿਹਾ ਕਿ ਜਿਉਂ ਹੀ ਉਹ ਉਨ੍ਹਾਂ ਦੀਆਂ ਗੱਲਾਂ ਵਿਚ ਆ ਗਈ ਤਾਂ ਉਹ ਉਨ੍ਹਾਂ ਨੂੰ ਨੇੜੇ ਦੇ ਸ੍ਰੀ ਲਕਸ਼ਮੀ ਨਰਾਇਣ ਮੰਦਰ ’ਚ ਲੈ ਗਏ।
ਉਨ੍ਹਾਂ ਕਿਹਾ ਕਿ ਬਾਬਾ ਜੀ ਉਨ੍ਹਾਂ ਨੂੰ ਕਹਿਣ ਲੱਗੇ ਕਿ ਸਰੀਰ ’ਤੇ ਪਾਈ ਹਰ ਸੋਨੇ ਦੀ ਚੀਜ਼ ਉਤਾਰ ਦਿਓ ਤਾਂ ਕਿ ਉਹ ਇਨ੍ਹਾਂ ਨੂੰ ਦੁਗਣਾ ਕਰ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਾਇਆ ਹੋਇਆ ਸੋਨੇ ਦਾ ਕੰਗਣ, ਟੌਪਸ ਅਤੇ ਚੇਨੀ ਉਤਾਰ  ਕੇ ਬਾਬਾ ਜੀ ਨੂੰ ਫੜਾ ਦਿੱਤੀ। ਉਨ੍ਹਾਂ ਕਿਹਾ ਕਿ ਇਸੇ ਸਮੇਂ ਦੌਰਾਨ ਉਨ੍ਹਾਂ ਨੂੰ ਬਾਬਾ ਜੀ ਵੱਲੋਂ ਕੀਤੇ ਜਾ ਰਹੇ ਟਰਿਕਾਂ ’ਤੇ ਸ਼ੱਕ ਪੈਦਾ ਹੋ ਗਿਆ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਨੌਜਵਾਨ ਲੜਕੇ ਨੇ ਮੋਟਰਸਾਈਕਲ ਸਟਾਰਟ ਕਰ ਲਿਆ। ਹਫੜਾ ਦਫੜੀ ’ਚ ਬਾਬਾ ਉਨ੍ਹਾਂ ਦੇ ਸਵਾ ਚਾਰ ਤੋਲੇ ਸੋਨੇ ਨੂੰ ਸੁੱਟ ਕੇ ਮੋਟਰਸਾਈਕਲ ’ਤੇ ਬੈਠ ਗਿਆ।  ਉਨ੍ਹਾਂ ਦੱਸਿਆ ਕਿ ਜਿਉਂ ਹੀ ਉਨ੍ਹਾਂ ਦੀ ਸਾਥਣ ਔਰਤ ਉਥੋਂ ਭੱਜਣ ਲੱਗੀ ਤਾਂ ਉਨ੍ਹਾਂ ਨੇ ਉਸ ਨੂੰ ਕਾਬੂ ਕਰ ਲਿਆ। ਰੌਲਾ ਪੈਣ ’ਤੇ ਆਮ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਨੌਸਰਬਾਜ਼ ਠੱਗ ਔਰਤ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ, ਜਦੋਂ ਕਿ ਉਨ੍ਹਾਂ ਦੇ ਸਾਥੀ ਬਾਬਾ ਤੇ ਨੌਜਵਾਨ ਭੱਜਣ ’ਚ ਕਾਮਯਾਬ ਹੋ ਗਏ। ਇਸੇ ਦੌਰਾਨ ਹੀ ਪਤਾ ਲੱਗਣ ’ਤੇ ਥਾਣਾ ਸ਼ਾਹਕੋਟ ਵਿਖੇ ਪਹੁੰਚੇ ਅਰਜਨ ਦਾਸ ਪੁੱਤਰ ਕਰਮ ਚੰਦ ਵਾਸੀ ਹਾਜ਼ੀਪੁਰ (ਸਲੈਚ) ਨੇ ਲੋਕਾਂ ਵੱਲੋਂ ਕਾਬੂ ਕੀਤੀ ਠੱਗ ਔਰਤ ਨੂੰ ਪਛਾਣਦੇ ਹੋਏ ਦੱਸਿਆ ਕਿ ਮਿਤੀ 17-3-2015 ਨੂੰ ਉਕਤ ਠੱਗ ਗਿਰੋਹ ਦੇ ਮੈਂਬਰ ਇਸੇ ਪ੍ਰਕਾਰ ਹੀ ਉਨ੍ਹਾਂ ਦਾ ਤਿੰਨ ਤੋਲੇ ਸੋਨਾ ਲੈ ਕੇ ਫਰਾਰ ਹੋ ਗਏ ਸਨ। ਉਸ ਨੇ ਕਿਹਾ ਕਿ ਪੁਲਿਸ ਰਿਪੋਰਟ ਕੀਤੇ ਜਾਣ ਦੇ ਬਾਵਜੂਦ ਵੀ ਪੁਲਿਸ ਨੇ ਉਕਤ ਠੱਗਾਂ ਬਾਰੇ ਕੋਈ ਸੁਰਾਗ ਨਹੀਂ ਲਗਾਇਆ ਸੀ। ਜਿਸ ਕਾਰਨ ਉਕਤ ਠੱਗ ਗਿਰੋਹ ਨੇ ਦੁਬਾਰਾ ਅੱਜ ਫਿਰ ਲੋਕਾਂ ਨਾਲ ਠੱਗੀ ਮਾਰਨ ਦਾ ਹੌਸਲਾ ਕੀਤਾ ਹੈ।  ਐਸ ਐਚ ਓ ਸ਼ਾਹਕੋਟ ਮਨਜੀਤ ਸਿੰਘ ਨੇ ਇਸ ਸਬੰਧੀ ਕਿਹਾ ਕਿ ਮੁਢਲੀ ਪੁੱਛ-ਪੜਤਾਲ ਦੌਰਾਨ ਕਾਬੂ ਕੀਤੀ ਔਰਤ ਨੇ ਆਪਣਾ ਪਤਾ ਸੀਮਾ ਪਤਨੀ ਜੀਤ ਵਾਸੀ ਮੋਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਕਤ ਔਰਤ ਕੋਲੋ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਜਾਂਚ ਮੁਕੰਮਲ ਹੋਣ ਤੋਂ ਬਾਅਦ ਦੋਸ਼ੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ।

Send this to a friend