ਬਠਿੰਡਾ, 18 ਅਪ੍ਰੈਲ (ਅਮਰਜੀਤ ਸਿੰਘ ਸਿੱਧੂ)- ਕਣਕ ਦੀ ਮੰਡੀਆਂ ’ਚ ਹੋ ਰਹੀ ਬੇਕਦਰੀ ਨੂੰ ਰੋਕਣ, ਸਰਕਾਰੀ ਖਰੀਦ ਸ਼ੁਰੂ ਕਰਵਾਉਣ ਤੇ ਮੰਡੀਆਂ ਅੰਦਰਲੇ ਅਧੂਰੇ ਖਰੀਦ ਪ੍ਰਬੰਧਾਂ ਨੂੰ ਮੁਕੰਮਲ ਕੀਤੇ ਜਾਣ ਵਰਗੀਆਂ ਮੰਗਾਂ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਕਿਸਾਨਾਂ ਵੱਲੋਂ ਰੋਸ ਧਰਨਾ ਦਿੱਤਾ ਗਿਆ। ਧਰਨੇ ’ਚ ਕਿਸਾਨ ਬੀਬੀਆਂ ਵੀ ਵੱਡੀ ਗਿਣਤੀ ’ਚ ਸ਼ਾਮਲ ਹੋਈਆਂ।ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਤੇ ਜਨਰਲ ਸਕੱਤਰ ਜਗਜੀਤ ਸਿੰਘ ਭੂੰਦੜ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਵਪਾਰੀਆਂ ਤੇ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦੀਆਂ ਫ਼ਸਲਾਂ ਲੁੱਟਣ ਤੇ ਜ਼ਮੀਨਾਂ ਖੋਹ ਕੇ ਦੇਣ ਦੇ ਲੋਕ ਵਿਰੋਧੀ ਫ਼ੈਸਲੇ ਤਹਿਤ ਕੇਂਦਰ ਸਰਕਾਰ ਨੇ ਪੰਜਾਬ ਵਿੱਚੋਂ ਐਫ਼.ਸੀ.ਆਈ. ਰਾਹੀਂ ਖਰੀਦੀ ਜਾਂਦੀ ਕਣਕ ਇਸ ਵਾਰ ਅੱਧੀ ਕਰ
ਦਿੱਤੀ ਹੈ ਅਤੇ ਖਰੀਦ ਮਾਮਲੇ ਵਿੱਚ ਸਖਤ ਸ਼ਰਤਾਂ ਲਗਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕਣਕ ਦੀ ਖਰੀਦ ’ਤੇ ਨਮੀਂ ਦੀ ਸ਼ਰਤ 12 ਫ਼ੀਸਦੀ ਕਰ ਦਿੱਤੀ ਹੈ, ਜਦੋਂਕਿ ਦਾਣੇ ਦੀ ਟੁੱਟ 6 ਫ਼ੀਸਦੀ ਤੇ ਦਾਗ਼ੀ ਦਾਣੇ ਦੀ 2 ਫ਼ੀਸਦੀ ਕੀਤੀ ਗਈ ਹੈ। ਇਸ ਵਾਰ ਮੌਸਮ ਠੀਕ ਨਾ ਰਹਿਣ ਕਰਕੇ ਕਣਕ ਦੀ ਕੋਈ ਵੀ ਢੇਰੀ ਸਰਕਾਰ ਦੇ ਇਨ੍ਹਾਂ ਮਾਪਦੰਡਾਂ ਤਹਿਤ ਨਹੀਂ ਆਵੇਗੀ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਨੂੰ ਮੰਡੀਆਂ ਵਿਚ ਆਪਣੀ ਫ਼ਸਲ ਵੇਚਣ ਲਈ ਰੁਲਣਾ ਪਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਆਣੇ ਬਹਾਨੇ ਸਰਕਾਰੀ ਖਰੀਦ ਤੋਂ ਭੱਜਣ ਦੇ ਮਨਸੂਬੇ ਘੜ ਰਹੀ ਹੈ ਤੇ ਕਿਸਾਨਾਂ ਦੀ ਮਿਹਨਤ ਨਾਲ ਕਮਾਈ ਫ਼ਸਲ ਨੂੰ ਪ੍ਰਾਈਵੇਟ ਵਪਾਰੀਆਂ ਦੇ ਰਹਿਮੋ ਕਰਮ ’ਤੇ ਛੱਡਣ ਦਾ ਰਾਹ ਤਿਆਰ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ ਐਫ਼.ਸੀ.ਆਈ. ਵੱਲੋਂ ਝੋਨੇ ਦੀ ਖਰੀਦ ’ਤੇ ਸ਼ਰਤਾਂ ਸਖ਼ਤ ਕਰਕੇ ਖਰੀਦ ਕਰਨ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਕਿਸਾਨਾਂ ਨੇ ਆਪਣੇ ਏਕੇ ਦੇ ਜ਼ੋਰ ’ਤੇ ਝੋਨੇ ਦੀ ਖਰੀਦ ਜਾਰੀ ਰਖਵਾਈ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੰਡੀਆਂ ਵਿਚੋਂ ਲਿਫ਼ਟਿੰਗ ਲਈ ਟਰੱਕਾਂ ਦੇ ਕਿਰਾਇਆਂ ਵਿਚ ਕਟੌਤੀ ਕਰ ਦਿੱਤੀ ਹੈ, ਜਿਸ ਨਾਲ ਟਰੱਕ ਚਾਲਕ ਹੜਤਾਲ ’ਤੇ ਚੱਲ ਰਹੇ ਹਨ। ਇਸਦੇ ਨਾਲ ਹੀ ਮੰਡੀਆਂ ਵਿੱਚ ਕੰਮ ਕਰਨ ਵਾਲੇ ਪੱਲੇਦਾਰਾਂ ਦੀ ਮਿਹਨਤ ਦੇ ਪੈਸੇ ਸਿੱਧੇ ਤੌਰ ’ਤੇ ਦੇਣ ਦੀ ਥਾਂ ਆੜ੍ਹਤੀਆਂ ਰਾਹੀਂ ਕਰ ਦਿੱਤੇ ਹਨ, ਜਿਸ ਨਾਲ ਇਸ ਮਜ਼ਦੂਰ ਵਰਗ ਨੂੰ ਆੜ੍ਹਤੀਆਂ ਦੀ ਗੁਲਾਮੀ ਕਰਨ ਵੱਲ ਧੱਕ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਕਣਕ ਖਰੀਦ ਦੇ ਵਜ਼ਨ ਵਿਚ ਹਰ ਸਾਲ ਹੁੰਦੀ ਕਮੀ ਨੂੰ ਇਸ ਵਾਰ ਖਰੀਦ ਇੰਸਪੈਕਟਰਾਂ ਸਿਰ ਮੜ੍ਹ ਕੇ 800 ਮੁਲਾਜ਼ਮਾਂ ਨੂੰ ਦੋਸ਼ ਪੱਤਰ ਜਾਰੀ ਕੀਤੇ ਗਏ ਹਨ। ਸਰਕਾਰ ਦੀਆਂ ਅਜਿਹੀਆਂ ਕਾਰਵਾਈਆਂ ਦੀ ਭਾਰਤੀ ਕਿਸਾਨ ਯੂਨੀਅਨ ਸਖ਼ਤ ਨਿਖੇਧੀ ਕਰਦੀ ਹੈ ਤੇ ਖਰੀਦ ਪ੍ਰਣਾਲੀ ਨੂੰ ਬਿਨਾਂ ਕਿਸੇ ਵਰਗ ਨੂੰ ਨੁਕਸਾਨ ਪਹੁੰਚਾਏ ਚਾਲੂ ਰੱਖੇ ਜਾਣ ਦੀ ਮੰਗ ਕਰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਏਕੇ ਦੇ ਜ਼ੋਰ ’ਤੇ ਸਰਕਾਰ ਨੂੰ ਫ਼ਸਲਾਂ ਦੀ ਸਰਕਾਰੀ ਖਰੀਦ ਕਰਨ ਤੋਂ ਭੱਜਣ ਨਹੀਂ ਦੇਣਗੇ ਤੇ ਅਜਿਹਾ ਹੋਣ ’ਤੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।ਇਸ ਧਰਨੇ ਨੂੰ ਮੋਠੂ ਸਿੰਘ ਕੋਟੜਾ, ਸੁਖਜੀਤ ਸਿੰਘ ਗਿੱਲ ਕਲਾਂ, ਹਰਜਿੰਦਰ ਸਿੰਘ ਬੰਗੀ, ਸੁਖਦੇਵ ਸਿੰਘ ਰਾਮਪੁਰਾ, ਬਸੰਤ ਸਿੰਘ ਕੋਠਾ ਗੁਰੂ, ਅਮਰੀਕ ਸਿੰਘ ਸਿਵੀਆਂ, ਬਾਬੂ ਸਿੰਘ ਜੈ ਸਿੰਘ ਵਾਲਾ, ਭੋਲਾ ਸਿੰਘ ਰਾਏਖਾਨਾ, ਔਰਤ ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪਿੱਥੋਂ ਤੇ ਪਰਮਜੀਤ ਕੌਰ ਕੋਟੜਾ ਨੇ ਵੀ ਸੰਬੋਧਨ ਕੀਤਾ। ਇਸ ਉਪਰੰਤ ਸਰਕਾਰ ਨੂੰ ਭੇਜਣ ਲਈ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਵੀ ਦਿੱਤਾ ਗਿਆ।