April 23, 2026 4:06 am

ਜੈਕਾਰਿਆਂ ਦੀ ਗੂੰਜ ’ਚ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਵਿਸਾਖੀ ਪੁਰਬ ਮਨਾਉਣ ਲਈ ਜਥਾ ਪਾਕਿਸਤਾਨ ਰਵਾਨਾ

ਅੰਮ੍ਰਿਤਸਰ, 11 ਅਪ੍ਰੈਲ (ਰਾਜੇਸ਼ ਡੈਨੀ)- ਇਤਿਹਾਸਕ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ (ਪਾਕਿਸਤਾਨ) ਵਿਖੇ ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਉਣ ਲਈ ਸ. ਅਮਰੀਕ ਸਿੰਘ ਵਿਛੋਆ ਅਤੇ ਸਹਾਇਕ ਪਾਰਟੀ ਲੀਡਰ ਸ. ਅਮਰਜੀਤ ਸਿੰਘ ਭਲਾਈਪੁਰ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ’ਚ ਸਥਾਨਕ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਫੁੱਲਾਂ ਦੇ ਸਿਹਰੇ ’ਤੇ ਸਿਰੋਪਾਓ ਪਾ ਕੇ ਸ. ਦਲਮੇਘ ਸਿੰਘ, ਸ. ਰੂਪ ਸਿੰਘ ਤੇ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਜੈਕਾਰਿਆਂ ਦੀ ਗੂੰਜ ਨਾਲ ਜਥੇ ਨੂੰ ਰਵਾਨਾ ਕੀਤਾ। ਇਸ ਸਮੇਂ ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ,  ਸ. ਹਰਭਜਨ ਸਿੰਘ ਮਨਾਵਾਂ, ਸ. ਮਹਿੰਦਰ ਸਿੰਘ ਆਹਲੀ ਐਡੀਸ਼ਨਲ ਸਕੱਤਰ, ਸ. ਜਸਪਾਲ ਸਿੰਘ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਸੁਖਦੇਵ ਸਿੰਘ ਤਲਵੰਡੀ, ਸ. ਜਗਜੀਤ ਸਿੰਘ, ਸ. ਬਿਜੈ ਸਿੰਘ, ਸ. ਸੰਤੋਖ ਸਿੰਘ, ਸ. ਸਕੱਤਰ ਸਿੰਘ ਤੇ ਸ. ਭੂਪਿੰਦਰ ਸਿੰਘ ਮੀਤ ਸਕੱਤਰ, ਸ

. ਪ੍ਰਤਾਪ ਸਿੰਘ ਮੈਨੇਜਰ, ਸ. ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ, ਸੁਪ੍ਰਿੰਟੈਂਡੈਂਟ ਸ. ਸਤਨਾਮ ਸਿੰਘ, ਸ. ਪ੍ਰਵਿੰਦਰ ਸਿੰਘ, ਸ. ਜਸਵਿੰਦਰ ਸਿੰਘ ਦੀਪ, ਸ. ਬਲਵਿੰਦਰ ਸਿੰਘ ਖੈਰਾਬਾਦ, ਸ. ਪਰਮਦੀਪ ਸਿੰਘ ਇੰਚਾਰਜ, ਸ. ਹਰਜਿੰਦਰ ਸਿੰਘ ਭੂਰਾ ਕੋਹਨਾ, ਸ. ਜਤਿੰਦਰ ਸਿੰਘ ਤੇ ਸ. ਸਤਨਾਮ ਸਿੰਘ ਐਡੀ: ਮੈਨੇਜਰ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਸੁਪਰਵਾਈਜ਼ਰ ਪਬਲੀਸਿਟੀ, ਸ. ਮਲਕੀਤ ਸਿੰਘ ਬਹਿੜਵਾਲ ਸ/ ਸੁਪ੍ਰਿੰਟੈਂਡੈਂਟ ਤੇ ਸ਼੍ਰੋਮਣੀ ਕਮੇਟੀ ਦੇ ਹੋਰ ਅਧਿਕਾਰੀ ਮੌਜੂਦ ਸਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਵਿਖੇ ਵਿਸਾਖੀ ਦਾ ਦਿਹਾੜਾ ਮਨਾਉਣ ਤੇ ਸਿੱਖ ਗੁਰਧਾਮਾਂ ਦੀ ਯਾਤਰਾ ਲਈ ਜਥੇ ਦੀ ਅਗਵਾਈ ਕਰ ਰਹੇ ਸ. ਅਮਰੀਕ ਸਿੰਘ ਵਿਛੋਆ ਮੈਂਬਰ ਸ੍ਰੋਮਣੀ ਕਮੇਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਵੱਡਭਾਗੇ ਸਮਝਦੇ ਹਨ ਕਿ ਦੇਸ਼ ਦੀ ਵੰਡ ਸਮੇਂ ਜਿਹੜੇ ਗੁਰਧਾਮ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਰਹਿ ਗਏ ਹਨ ਉਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ-ਨਾਲਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਵਿਸਾਖੀ ਮਨਾਉਣ ਲਈ ਜਥੇ ਦੀ ਅਗਵਾਈ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।ਉਨ੍ਹਾਂ ਕਿਹਾ ਕਿ ਇਹ ਜਥਾ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਸ੍ਰੀ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ 11 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪੁੱਜੇਗਾ। 12 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਅਤੇ 14 ਅਪ੍ਰੈਲ ਨੂੰ ਵਿਸਾਖੀ ਪੁਰਬ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਤੇ ਧਾਰਮਿਕ ਦੀਵਾਨ ਸੱਜਣਗੇ। ਉਪਰੰਤ ਇਹ ਜਥਾ 15 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪੁੱਜੇਗਾ, ਜਿਥੇ ਯਾਤਰੂ ਸਥਾਨਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਤੋਂ ਇਲਾਵਾ 16 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਸੱਚਾ ਸੌਦਾ ਮੰਡੀ ਚੂਹੜਕਾਣਾ ਦੇ ਦਰਸ਼ਨ ਕਰਨਗੇ। 17 ਅਪ੍ਰੈਲ ਨੂੰ ਜਥਾ ਲਾਹੌਰ ਪੁੱਜੇਗਾ, ਇਥੇ ਗੁਰਦੁਆਰਾ ਡੇਹਰਾ ਸਾਹਿਬ, ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ, ਗੁਰਦੁਆਰਾ ਜਨਮ ਅਸਥਾਨ ਚੂਨਾ ਮੰਡੀ, 18 ਅਪ੍ਰੈਲ ਨੂੰ ਗੁਰਦੁਆਰਾ ਰੋੜੀ ਸਾਹਿਬ ਏਮਨਾਬਾਦ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਉਪਰੰਤ 19 ਅਪ੍ਰੈਲ ਨੂੰ ਵਾਪਸ ਡੇਹਰਾ ਸਾਹਿਬ ਲਾਹੌਰ ਅਤੇ 20 ਅਪ੍ਰੈਲ ਨੂੰ ਵਾਪਸ ਦੇਸ਼ ਪਰਤੇਗਾ। ਪੱਤਰਕਾਰਾਂ ਦੇ ਸਵਾਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਕਿ ਸੁਰੱਖਿਆ ਸਬੰਧੀ ਪਾਕਿਸਤਾਨ ਸਰਕਾਰ ਵੱਲੋਂ ਕਦੇ ਵੀ ਕਿਸੇ ਜਥੇ ਨੂੰ ਕੋਈ ਦਿੱਕਤ ਪੇਸ਼ ਨਹੀਂ ਆਈ। ਉਨ੍ਹਾਂ ਕਿਹਾ ਕਿ ਸੁਰੱਖਿਆ ਪੱਖੋਂ ਹਰ ਜਥੇ ਦਾ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਹੈ।
ਸ. ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੁਰਾਤਨ ਸਮੇਂ ਤੋਂ ਹੀ ਵਿਸਾਖੀ ਦਾ ਤਿਉਹਾਰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਵਿਸ਼ੇਸ਼ ਤੌਰ ’ਤੇ ਅੰਮ੍ਰਿਤ ਛਕਾਉਣ ਲਈ ਪੰਜ ਪਿਆਰੇ ਸਾਹਿਬਾਨ ਨੂੰ ਭੇਜਿਆ ਜਾ ਰਿਹਾ ਹੈ, ਜੋ ਜਗਿਆਸੂ ਉਥੇ ਅੰਮ੍ਰਿਤ ਛਕਣਾ ਚਾਹੁਣ ਉਹ ਅੰਮ੍ਰਿਤ ਛੱਕ ਸਕਦੇ ਹਨ। ਉੇਨ੍ਹਾਂ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਸਿੱਖ ਗੁਰਧਾਮਾਂ ਨਾਲ ਯਾਤਰੂਆਂ ਦੀ ਆਸਥਾ ਬੱਝੀ ਹੈ, ਪਰ ਜਦੋਂ ਕਿਸੇ ਸ਼ਰਧਾਲੂ ਦਾ ਨਾਮ ਯਾਤਰਾ ਜਾਣ ਵਾਲੀ ਸੂਚੀ ’ਚੋਂ ਕੱਟਿਆ ਜਾਂਦਾ ਹੈ ਤਾਂ ਉਸ ਦੇ ਮਨ ਨੂੰ ਭਾਰੀ ਠੇਸ ਪਹੁੰਚਦੀ ਹੈ। ਇਸ ਵਾਰ ਤਕਰੀਬਨ 680 ਯਾਤਰੂਆਂ ’ਚੋਂ 34 ਯਾਤਰੂਆਂ ਦੇ ਨਾਮ ਕੱਟ ਦਿੱਤੇ ਹਨ ਅਤੇ ਕੇਵਲ 646 ਯਾਤਰੂਆਂ ਨੂੰ ਹੀ ਜਥੇ ’ਚ ਜਾਣ ਲਈ ਵੀਜ਼ੇ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਯਾਤਰਾ ਸਬੰਧੀ ਭੇਜੇ ਜਾਂਦੇ ਵੱਧ ਤੋਂ ਵੱਧ ਨਾਵਾਂ ਨੂੰ ਵੀਜ਼ੇ ਜਾਰੀ ਕੀਤੇ ਜਾਣੇ ਚਾਹੀਦੇ ਹਨ।

Send this to a friend