ਜਲੰਧਰ, 10 ਅਪ੍ਰੈਲ- ਪੰਜਾਬ ਵਿਚ ਸਹਿਕਾਰਤਾ ਲਹਿਰ ਦੇ ਇਕ ਥੰਮ੍ਹ ਵਜੋਂ ਜਾਣੇ ਜਾਂਦੇ ਸ੍ਰੀ ਕੇ ਕੇ ਸ਼ਰਮਾ ਇਥੇ ਸਥਿਤ ਸਿਟੀਜ਼ਨ ਅਰਬਨ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਹਨ। ਉਨ੍ਹਾਂ ਨੇ ਸੂਬੇ ਦੇ ਸਹਿਕਾਰਤਾ ਵਿਭਾਗ ਵਿਚ ਲੰਮਾ ਸਮਾਂ ਸੇਵਾ ਪਿੱਛੋਂ 30 ਜੂਨ 1994 ਨੂੰ ਜੁਆਇੰਟ ਰਜਿਸਟਰਾਰ ਵਜੋਂ ਸੇਵਾਮੁਕਤ ਹੋਣ ਪਿੱਛੋਂ 9 ਜੁਲਾਈ 1997 ਨੂੰ ਇਸ ਬੈਂਕ ਦੀ ਅਗਵਾਈ ਸੰਭਾਲੀ ਸੀ। ਸਿਟੀਜ਼ਨ ਅਰਬਨ ਕੋਆਪ੍ਰੇਟਿਵ ਬੈਂਕ ਉ¤ਤਰੀ ਭਾਰਤ ਦੀ ਪਹਿਲਾ ਸ਼ਹਿਰੀ ਬੈਂਕ ਹੈ, ਜਿਸ ਨੇ ਸੰਨ 2000 ਵਿਚ ਆਪਣੀ ਜਮ੍ਹਾ ਪੂੰਜੀ 100 ਕਰੋੜ ਰੁਪਏ ਤੋਂ ਉਪਰ ਟਪਾ ਲਈ ਸੀ। ਹੁਣ ਇਬ ਬੈਂਕ ਹਜ਼ਾਰ ਕਰੋੜੀ ਹੋਣ ਵੱਲ ਵੱਧ ਰਿਹਾ ਹੈ। ਸ੍ਰੀ ਕੇ ਕੇ ਸ਼ਰਮਾ ਜੀ ਨਾਲ ਇਕ ਵਿਸ਼ੇਸ਼ ਮੁਲਾਕਾਤ ਦੇ ਕੁਝ ਅੰਸ਼ ਇਥੇ ਹਾਜ਼ਿਰ ਹਨ :-
ਸਿਟੀਜ਼ਨ ਅਰਬਨ ਕੋਆਪ੍ਰੇਟਿਵ ਬੈਂਕ ਜਲੰਧਰ ਦੇ ਤੁਸੀਂ ਬਾਨੀਆਂ ਵਿਚੋਂ ਹੋ। ਇਸ ਬੈਂਕ ਨੂੰ ਬਣਾਉਣ ਦਾ ਮੁੱਢ ਕਿਵੇਂ ਬੱਝਾ?
– ਇਹ ਬੈਂਕ ਸਵਰਗੀ ਸ੍ਰੀ ਵਿਜੈ ਸੇਠੀ ਦੀ ਪਹਿਲਕਦਮੀ ਨਾਲ ਅਸੀਂ ਸਿਰਫ 62 ਮੈਂਬਰਾਂ ਨੇ 10 ਹਜ਼ਾਰ 5 ਸੌ ਰੁਪਏ ਦੀ ਸ਼ੇਅਰ ਪੂੰਜੀ ਨਾਲ 17 ਨਵੰਬਰ 1989 ਨੂੰ ਸ਼ੁਰੂ ਕੀਤਾ ਸੀ। ਇਸ ਵੇਲੇ ਇਹ ਬੈਂਕ ਉਤਰੀ ਭਾਰਤ ਦਾ ਸਭ ਤੋਂ ਵੱਡਾ ਸ਼ਹਿਰੀ ਸਹਿਕਾਰੀ ਬੈਂਕ ਬਣ ਗਿਆ ਹੈ। ਇਸ ਵਿਚ ਵੱਡਾ ਯੋਗਦਾਨ ਵਿਸ਼ਵਾਸ ਯੋਗਤਾ ਅਤੇ ਠੀਕ ਯੋਜਨਾਬੰਦੀ ਦਾ ਹੈ। ਇਸ ਬੈਂਕ ਦਾ ਕਾਰੋਬਾਰ ਪੂਰੀ ਪਾਰਦਰਸ਼ਤਾ ਨਾਲ ਚੱਲਦਾ ਹੈ। ਇਸ ਦੇ ਪ੍ਰਬੰਧ ਵਿਚ ਲੋਕਾਂ ਦੀ ਭਾਈਵਾਲੀ ਹੋਣ ਕਾਰਨ ਇਹ ਬੈਂਕ ਆਮ ਲੋਕਾਂ ਨਾਲ ਸਿੱਧਾ ਜੁੜਿਆ ਹੋਇਆ ਹੈ। ਇਸ ਵੇਲੇ ਦੁਆਬੇ ਦੇ ਤਿੰਨ ਜ਼ਿਲ੍ਹਿਆਂ ਬੈਂਕ ਦਾ ਤਾਣਾ-ਬਾਣਾ ਫੈਲਿਆ ਹੋਇਆ ਹੈ।
ਵਪਾਰਕ ਬੈਂਕਾਂ ਦੀ ਭੀੜ ਵਿਚ ਸ਼ਹਿਰੀ ਸਹਿਕਾਰੀ ਬੈਂਕਾਂ ਦੇ ਭਵਿੱਖ ਬਾਰੇ ਤੁਸੀਂ ਕੀ ਸੋਚਦੇ ਹੋ?
– ਅਸਲ ਵਿਚ ਲੋਕਾਂ ਦੀ ਭਲਾਈ ਸ਼ਹਿਰੀ ਸਹਿਕਾਰੀ ਬੈਂਕਾਂ ਨਾਲ ਜੁੜਨ ਵਿਚ ਹੀ ਹੈ। ਵਪਾਰਕ ਬੈਂਕ ਬੇਸ਼ੱਕ ਵਧੇਰੇ ਸ਼ਹੂਲਤਾਂ ਦਾ ਲਾਲਚ ਦੇ ਰਹੇ ਹਨ, ਪ੍ਰੰਤੂ ਉਹ ਨਾਲੋ-ਨਾਲ ਲੋਕਾਂ ਦੀਆਂ ਜੇਬਾਂ ਵੀ ਕੱਟ ਰਹੇ ਹਨ। ਸਹਿਕਾਰੀ ਬੈਂਕਾਂ ਦਾ ਕੰਮ ਪੂਰੀ ਤਰ੍ਹਾਂ ਪਾਰਦਰਸ਼ੀ ਹੈ। ਇਥੇ ਕੋਈ ਲੁਕ-ਲੁਕਾਅ ਨਹੀਂ ਰੱਖਿਆ ਜਾਂਦਾ। ਸਹਿਕਾਰੀ ਬੈਂਕਾਂ ਕਿਉਂਕਿ ਲੋਕਾਂ ਦੇ ਆਪਣੇ ਅਦਾਰੇ ਹਨ, ਇਸ ਲਈ ਉਥੇ ਇਸ ਤਰ੍ਹਾਂ ਦੀ ਨੌਬਤ ਨਹੀਂ ਆਉਂਦੀ। ਮੇਰਾ ਦਾਅਵਾ ਹੈ ਕਿ ਭ੍ਰਿਸ਼ਟਾਚਾਰ ਪੱਖੋਂ ਸਹਿਕਾਰੀ ਅਦਾਰੇ ਸਭ ਤੋਂ ਸਵੱਛ ਹਨ। ਬੈਂਕ ਦੇ ਕੰਮ ਵਿਚ ਪਰਦੇਦਾਰੀ ਨੂੰ ਸਹਿਕਾਰੀ ਬੈਂਕਾਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।
ਸ਼ਹਿਰੀ ਸਹਿਕਾਰੀ ਬੈਂਕਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਰਪੇਸ਼ ਹਨ?
-ਸ਼ਹਿਰੀ ਸਹਿਕਾਰੀ ਬੈਂਕਾਂ ਲਈ ਮੁਲਕ ਵਿਚ ਇਸ ਵੇਲੇ ਕੋਈ ਵੱਖਰਾ ਸਹਿਕਾਰੀ ਕਾਨੂੰਨ ਨਹੀਂ ਹੈ। ਸ਼ਹਿਰੀ ਸਹਿਕਾਰੀ ਬੈਂਕਾਂ ਆਮ ਸਹਿਕਾਰੀ ਬਾਈਲਾਜ ਹੇਠ ਹੀ ਕੰਮ ਕਰ ਰਹੀਆਂ ਹਨ। ਇਸ ਨਾਲ ਸ਼ਹਿਰੀ ਸਹਿਕਾਰੀ ਬੈਂਕਾਂ ਨੂੰ ਆਪਣੇ ਕਾਰੋਬਾਰ ਚਲਾਉਣ ’ਚ ਕਾਫੀ ਕਠਿਨਾਈ ਪੇਸ਼ ਆਉਂਦੀ ਹੈ। ਵੱਖਰੇ ਅਤੇ ਪ੍ਰਭਾਵਸ਼ਾਲੀ ਸ਼ਹਿਰੀ ਸਹਿਕਾਰੀ ਬੈਂਕ ਕਾਨੂੰਨ ਦੀ ਮੰਗ ਕਾਫੀ ਚਿਰ ਤੋਂ ਉ¤ਠ ਰਹੀ ਹੈ।
ਪੰਜਾਬ ਵਿਚ ਬੈਂਕਾਂ ਦੀ ਜਮ੍ਹਾ ਅਤੇ ਕਰਜ਼ਾ ਫੀਸਦੀ ਦਰ (ਸੀ.ਡੀ.ਰੇਸ਼ੋ) ਕਾਫੀ ਹੇਠਾਂ ਹੈ। ਇਸ ਦੇ ਕੀ ਕਾਰਨ ਹਨ?
– ਤੁਹਾਡੀ ਗੱਲ ਬਿਲਕੁਲ ਸਹੀ ਹੈ। ਪੰਜਾਬ ਵਿਚ ਬੈਂਕਾਂ ਦੀ ਸੀ ਡੀ ਰੇਸ਼ੋ 19 ਤੋਂ 20 ਫੀਸਦੀ ਦੇ ਦਰਮਿਆਨ ਹੈ। ਇਸ ਵਿਚ ਵੱਡੀ ਭੂਮਿਕਾ ਵਪਾਰਕ ਬੈਂਕਾਂ ਦੇ ਨਜ਼ਰੀਏ ਦੀ ਹੈ। ਵਪਾਰਕ ਬੈਂਕ ਪੰਜਾਬ ਵਿਚ ਪੈਸਾ ਖਰਚਣ ਨੂੰ ਤਿਆਰ ਨਹੀਂ। ਵਪਾਰਕ ਬੈਂਕਾਂ ਦੇ ਮੁਕਾਬਲੇ ਸਹਿਕਾਰੀ ਬੈਂਕਾਂ ਦੀ ਸੀ ਡੀ ਰੇਸ਼ੋ ਕਾਫੀ ਜ਼ਿਆਦਾ ਹੈ। ਸਿਟੀਜਨ ਬੈਂਕ ਦੀ ਸੀਡੀ ਰੇਸ਼ੋ 62 ਫੀਸਦੀ ਤੱਕ ਹੈ।