ਬੰਗਾ, 9 ਅਪ੍ਰੈਲ (ਹਰਮਿੰਦਰ ਸਿੰਘ)- ਥਾਣਾ ਬਹਿਰਾਮ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਦੋ ਪ੍ਰਵਾਸੀਆਂ ਨੂੰ ਪੰਜ ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਕਾਬੂ ਕੀਤੇ ਮੈਂਬਰਾਂ ਦੀ ਪਹਿਚਾਣ ਝਾਰਖੰਡ ਦੇ ਤਿਤਰੰਗੀ ਵਾਸੀ ਪਿੰਟੂ ਕੁਮਾਰ ਯਾਦਵ ਅਤੇ ਬੰਧੂਆਂ ਵਾਸੀ ਜਗਨ ਨਾਥ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਪੁਲਿਸ ਕਪਤਾਨ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਪਿੰਡ ਚੱਕ ਬਿਲਗਾ ਕੋਲ ਗਸ਼ਤ ਕਰਦਿਆਂ ਪਿੰਟੂ ਕੁਮਾਰ ਕੋਲੋਂ 2 ਕਿਲੋ 510 ਗਰਾਮ ਅਫ਼ੀਮ ਬਰਾਮਦ ਹੋਈ। ਇਵੇਂ ਦੂਜੀ ਪੁਲਿਸ ਪਾਰਟੀ ਨੇ ਜਗਨ ਨਾਥ ਨੂੰ ਪਿੰਡ ਤਲਵੰਡੀ ਜੱਟਾਂ ਕੋਲੋਂ 2 ਕਿਲੋ 515 ਗਰਾਮ ਅਫ਼ੀਮ ਬਰਾਮਦ ਕੀਤੀ ਹੈ। ਥਾਣਾ ਮੁਖੀ ਬਲਵਿੰਦਰ ਸਿੰਘ ਜੌੜਾ ਨੇ ਦੱਸਿਆ ਕਿ ਕਾਬੂ ਕੀਤੇ ਉਕਤ ਦੋਵਾਂ ਮੈਂਬਰਾਂ ’ਤੇ ਨਸ਼ਾ ਵਿਰੋਧੀ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਮੌਕੇ ਏਐਸਆਈ ਸੁਖਪਾਲ ਸਿੰਘ ਅਤੇ ਬ੍ਰਹਮ ਲਾਲ ਵੀ ਹਾਜ਼ਰ ਸਨ।