ਚੰਡੀਗੜ੍ਹ, 8 ਅਪ੍ਰੈਲ (ਪੀ.ਟੀ.)- ਆਲੂ ਉਤਪਾਦਕਾਂ ਨੂੰ ਉਨ੍ਹਾਂ ਦੀ ਫਸਲਾਂ ਦਾ ਵਧੀਆ ਭਾਅ ਦਿਵਾਉਣ ਅਤੇ ਆਲੂਆਂ ਦੀ ਖਰੀਦ ਲਈ ਮੰਡੀ ਵਿੱਚ ਉਸਾਰੂ ਭਾਵਨਾ ਪੈਦਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਲੂਆਂ ਦੀ ਵੱਡੀ ਪੱਧਰ ’ਤੇ ਹੋਈ ਫਸਲ ਦੀ ਮਾਰਕੀਟਿੰਗ ਵਿੱਚ ਮਦਦ ਮੁਹੱਈਆ ਕਰਵਾਉਣ ਲਈ ਕੁਝ ਕਦਮ ਚੁੱਕੇ ਜਾਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਮੁੱਖ ਮੰਤਰੀ ਨੇ ਸੂਬੇ ਵਿਚ ਆਲੂਆਂ ਦੇ ਉਤਪਾਦਕ ਤੇ ਮੰਡੀਕਰਨ ਸਬੰਧੀ ਪੈਦਾ ਸਥਿਤੀ ਦਾ ਅਨੁਮਾਨ ਲਾਉਣ ਲਈ ਸੱਦੀ ਜਾਇਜ਼ਾ ਮੀਟਿੰਗ ਦੌਰਾਨ ਲਿਆ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਸੂਬੇ ਵਿਚ ਮੌਜੂਦਾ ਸੀਜ਼ਨ ਦੌਰਾਨ 22.60 ਲੱਖ ਮੀਟਰਕ ਟਨ ਆਲੂ ਦਾ ਉਤਪਾਦਨ ਹੋਇਆ ਹੈ। ਦੇਸ਼ ਵਿੱਚ ਆਲੂ ਦੇ ਹੋਏ ਬਹੁਤ ਜ਼ਿਆਦਾ ਉਤਪਾਦਨ ਕਾਰਨ ਕਿਸਾਨਾਂ ਨੂੰ ਮੰਡੀ ਵਿੱਚ ਉਨ੍ਹਾਂ ਦੇ ਉਤਪਾਦਨ ਦਾ ਢੁਕਵਾਂ ਭਾਅ ਨਹੀਂ ਮਿਲ ਰਿਹਾ।
ਮੁੱਖ ਮੰਤਰੀ ਨੇ ਮਾਰਕਫੈ¤ਡ ਅਤੇ ਪੰਜਾਬ ਮੰਡੀ ਬੋਰਡ ਨੂੰ ਕਿਸਾਨਾਂ ਦੇ ਉਤਪਾਦਨ ਦੀ ਵਿਕਰੀ ਵਿੱਚ ਸਹਾਇਤਾ ਦੇਣ ਵਾਸਤੇ ਢੁਕਵੇਂ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਇਸੇ ਤਰ੍ਹਾਂ ਹੀ ਉਨ੍ਹਾਂ ਨੇ ਮਾਰਕਫੈ¤ਡ ਨੂੰ ਆਲੂ ਖਰੀਦਣ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਸਪਲਾਈ ਕਰਨ ਲਈ ਆਖਿਆ। ਸ. ਬਾਦਲ ਨੇ ਐਲਾਨ ਕੀਤਾ ਕਿ ਹੋਰਨਾਂ ਦੇਸ਼ਾਂ ਨੂੰ ਆਲੂ ਭੇਜਣ ’ਤੇ ਸਰਕਾਰ ਵਲੋਂ ਮਾਰਕਫੈਡ ਰਾਹੀਂ 200/- ਰੁਪਏ ਪ੍ਰਤੀ ਕੁਇੰਟਲ ਵਜੋਂ ਮਾਲ-ਭਾੜਾ ਸਬਸਿਡੀ ਦਿੱਤੀ ਜਾਵੇਗੀ ਜਦਕਿ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਆਲੂ ਭੇਜਣ/ਵਿਕਰੀ ਕਰਨ ਲਈ 50/- ਰੁਪਏ ਪ੍ਰਤੀ ਕੁਇੰਟਲ ਮਾਲ-ਭਾੜਾ ਸਬਸਿਡੀ ਵਜੋਂ ਦਿੱਤੇ ਜਾਣਗੇ।
ਮੁੱਖ ਮੰਤਰੀ ਨੇ 30 ਅਪਰੈਲ, 2015 ਤੱਕ ਮਾਰਕੀਟ ਫੀਸ ਅਤੇ ਦਿਹਾਤੀ ਵਿਕਾਸ ਫੀਸ 2 ਫੀਸਦੀ ਤੋਂ ਘਟਾ ਕੇ 0.25 ਫੀਸਦੀ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਮੁੱਖ ਮੰਤਰੀ ਨੇ ਵੱਖ-ਵੱਖ ਸਰਕਾਰੀ ਪ੍ਰੋਗਰਾਮਾਂ ਦੌਰਾਨ ਖਾਣੇ ਵਿੱਚ ਆਲੂ ਦੀ ਵਰਤੋਂ ਵਧਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ। ਹਦਾਇਤਾਂ ਅਨੁਸਾਰ ਦੁਪਹਿਰ ਦੇ ਖਾਣੇ ਦੀ ਸਕੀਮ ਵਿੱਚ ਆਲੂਆਂ ਦੀ ਜ਼ਿਆਦਾ ਵਰਤੋਂ ਕਰਨ ਲਈ ਕਿਹਾ ਗਿਆ ਹੈ। ਇਸ ਸਕੀਮ ਦੇ ਹੇਠ 16 ਲੱਖ ਸਕੂਲੀ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਹੈ।