April 22, 2026 2:33 pm

ਜ਼ਿਆਦਾਤਰ ਸਮਾਜ ਭਲਾਈ ਸਕੀਮਾਂ ਅਕਾਲੀ-ਭਾਜਪਾ ਸਰਕਾਰ ਦੌਰਾਨ ਹੀ ਸ਼ੁਰੂ ਕੀਤੀਆਂ ਗਈਆਂ : ਢੀਂਡਸਾ

ਧੂਰੀ, 8 ਅਪ੍ਰੈਲ (ਗਰੋਵਰ)– ਹਲਕਾ ਧੂਰੀ ਵਿਖੇ ਹੋਣ ਵਾਲੀਆਂ 11 ਅਪ੍ਰੈਲ ਨੂੰ ਜ਼ਿਮਨੀ ਚੋਣਾਂ ਲਈ ਅੱਜ ਸ. ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਆਗੂਆਂ ਸਮੇਤ ਧੂਰੀ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸ. ਗੋਬਿੰਦ ਸਿੰਘ ਲੌਂਗੋਵਾਲ ਦੇ ਹੱਕ ਵਿਚ ਵਾਰਡ ਨੰਬਰ 13 ਪੋਲੋ ਬਸਤੀ ਵਿਖੇ ਜਾ ਕੇ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਵਪਾਰ ਮੰਡਲ ਸੰਗਰੂਰ ਸ੍ਰੀ ਰਾਜੇਸ਼ ਕੁਮਾਰ ਥਰੇਜਾ, ਅਕਾਲੀ ਆਗੂ ਸ੍ਰੀ ਵਿਜੈ ਸਾਹਨੀ, ਰਵੀ ਪਰੋਚਾ, ਵਿੱਕੀ,  ਜੱਸੀ, ਰੋਹਿਤ ਪਾਲ ਸੋਢੀ ਸਮੇਤ ਅਕਾਲੀ ਆਗੂ ਮੌਜੂਦ ਸਨ।ਇਸ ਮੌਕੇ ਸ. ਢੀਂਡਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਅਜਿਹਾ ਵਾਅਦਾ ਨਹੀਂ ਕਰਦੇ ਜੋ ਪੂਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਹੁਣ ਸਾਡੀ ਸਰਕਾਰ ਵਲੋਂ ਸਾਰੇ ਰਾਜ ਦੇ ਸਾਰੇ ਸ਼ਹਿਰਾਂ ਨੂੰ 4/6 ਮਾਰਗੀ ਸੜਕਾਂ ਨਾਲ ਜੋੜਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਕੇਂਦਰ ਸਰਕਾਰ ਵਲੋਂ ਇਸ ਖਾਤਰ 20,000 ਕਰੋੜ ਰੁਪੈ ਦੇ

ਸੜਕੀ ਪ੍ਰਾਜੈਕਟ ਮਨਜ਼ੂਰ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਸਾਰੀਆਂ ਸਮਾਜ ਭਲਾਈ ਸਕੀਮਾਂ ਜਿਵੇਂ ਕਿ ਸ਼ਗਨ ਸਕੀਮ, ਆਟਾ ਦਾਲ, ਬੁਢਾਪਾ ਪੈਨਸ਼ਨ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਹੀ ਸ਼ੁਰੂ ਕੀਤੀ ਗਈਆਂ ਹਨ ਜਦਕਿ ਕਾਂਗਰਸ ਸਰਕਾਰ ਵੇਲੇ ਨਾਮ ਮਾਤਰ ਲੋਕ ਭਲਾਈ ਯੋਜਨਾਵਾਂ ਹੀ ਦੇਖਣ ਨੂੰ ਮਿਲੀਆਂ। ਇਸ ਮੌਕੇ ਜ਼ਿਲ੍ਹਾ ਸੰਗਰੂਰ ਤੋਂ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਰਾਜੇਸ਼ ਕੁਮਾਰ ਥਰੇਜਾ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਵਲੋਂ ਮਿਲ ਰਹੇ ਹੁੰਗਾਰੇ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਸ. ਗੋਬਿੰਦ ਸਿੰਘ ਲੌਂਗੋਵਾਲ ਹੂੰਝਾ ਫੇਰ ਜਿੱਤ ਪ੍ਰਾਪਤ ਕਰ ਕੇ ਇਕ ਨਵਾਂ ਇਤਿਹਾਸ ਰਚਣਗੇ।

Send this to a friend