ਲੁਧਿਆਣਾ, 21 ਮਾਰਚ (ਪੀ. ਟੀ.)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਅੰਦਰ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੂੰ ਦਰਪੇਸ਼ ਚੌਣਤੀਆਂ ਦਾ ਠੋਸ ਹੱਲ ਕੱਢਣ ’ਤੇ ਧਾਰਮਕ ਮੁੱਦਿਆ ਪ੍ਰਤੀ ਆਪਸੀ ਸਾਂਝੀ ਵਿਚਾਰਧਾਰਾ ਕਾਇਮ ਕਰਨ ਦੇ ਮਨੋਰਥ ਨਾਲ ਸਿੱਖ ਪੰਥ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀਆਂ ਸਿੱਖ ਧਾਰਮਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਆਪਣੇ ਤੌਰ ਤੇ ਜੋਰਦਾਰ ਉਪਰਾਲੇ ਕਰ ਰਹੀ ਹੈ ਤਾਂ ਜੋ ਸਮੁੱਚੇ ਸੰਸਾਰ ਅੰਦਰ ਸਿੱਖੀ ਦਾ ਝੰਡਾ ਹੋਰ ਬੁਲੰਦ ਕੀਤਾ ਜਾ ਸਕੇ । ਅੱਜ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸਥਿਤ ਆਪਣੇ ਗ੍ਰਹਿ ਵਿਖੇ ਉਚੇਚੇ ਤੌਰ ਤੇ ਪੁੱਜੇ ਸਿੱਖ ਕੌਂਸਲ ਯੂ.ਕੇ ਦੇ ਪ੍ਰਮੁੱਖ ਆਗੂਆਂ ਸ. ਗੁਰਿੰਦਰ ਸਿੰਘ ਜੋਸਨ, ਸ. ਜਗਤਾਰ ਸਿੰਘ ਗਿੱਲ ’ਤੇ ਉਹਨਾਂ ਦੇ ਸਾਥੀਆਂ ਨਾਲ ਗੱਲਬਾਤ ਕਰਨ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਹੋਇਆ ਜੱਥੇਦਾਰ ਅਵਤਾਰ ਸਿੰਘ ਪ੍ਰਧਾਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਯੂ.ਕੇ ਅੰਦਰ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੀ ਮੁਹਿੰਮ ਨੂੰ ਹੋਰ ਪ੍ਰਚੰਡ ਕਰਨ, ਸਥਾਨਕ ਲੋਕਾਂ ਦੇ ਸਨਮੁੱਖ ਪੂਰੀ ਸੁਹਿਰਦਤਾ ਨਾਲ ਸਿੱਖ ਕੌਮ ਦੀ ਅਸਲ ਤਸਵੀਰ ਪੇਸ਼ ਕਰਕੇ ਬ੍ਰਿਟੇਨ ਸਰਕਾਰ ਦੇ ਵੱਖ-ਵੱਖ ਅਦਾਰਿਆ ਤੇ ਪਬਲਿਕ ਸੈਕਟਰ ਦੀਆ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਸਿੱਖਾਂ ਨੂੰ ਦਸਤਾਰ ਸਜਾ ਕੇ ਡਿਊਟੀ ਕਰਨ ਦਾ ਮਸਲਾ ਹੱਲ ਕਰਵਾਉਣ ਲਈ ਸਿੱਖ ਕੌਂਸਲ ਯੂ. ਕੇ ਵੱਲੋਂ ਕੀਤੇ ਗਏ ਵਡਮੁੱਲੇ ਯਤਨ ਸਮੁੱਚੀ ਸਿੱਖ ਕੌਮ ਲਈ ਇਤਿਹਾਸਿਕ ਕਾਰਜ ਹਨ । ਇਸ ਦੌਰਾਨ ਸਿੱਖ ਕੌਂਸਲ ਯੂ.ਕੇ ਦੇ ਪ੍ਰਮੁੱਖ ਆਗੂਆ ਗੁਰਿੰਦਰ ਸਿੰਘ ਜੋਸਨ ਤੇ ਜਗਤਾਰ ਸਿੰਘ ਗਿੱਲ ਨੇ ਸਾਂਝੇ ਰੂਪ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਗੁਰੂ ਸਹਿਬਾਨ ਵੱਲੋਂ ਸਿੱਖਾਂ ਨੂੰ ਬਖਸ਼ੇ ੂਦਸਤਾਰ ਰੂਪੀ ਤਾਜੂ ਦੀ ਸ਼ਾਨ ਨੂੰ ਬਹਾਲ ਰੱਖਣ ਤੇ ਬ੍ਰਿਟੇਨ ਦੇ ਵੱਖ-ਵੱਖ ਅਦਾਰਿਆਂ ਅੰਦਰ ਡਿਊਟੀ ਕਰਦੇ ਸਿੱਖ ਮੁਲਾਜਮਾਂ ਨੂੰ ਦਸਤਾਰ ਸਜਾਉਣ ਦੀ ਇਜ਼ਾਜਤ ਦਿਵਾਉਣ ਵਿੱਚ ਸਾਡੀ ਸੰਸਥਾ ਨੇ ਸਮੁੱਚੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਆਪਣਾ ਅਹਿਮ ਯੋਗਦਾਨ ਪਾਇਆ ਹੈ, ਖਾਸ ਕਰਕੇ ਇਸੇ ਮਿਸ਼ਨ ਦੀ ਪ੍ਰਾਪਤੀ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੇ ਅੰਤਰਗਤ ਸਾਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ । ਜਦੋਂ ਪਿਛਲੇ ਦਿਨੀ ਬ੍ਰਿਟੇਨ ਸਰਕਾਰ ਨੇ ਆਪਣਾ ਨਵਾਂ ਰੁਜ਼ਗਾਰ ਤੇ ਸਿਹਤ ਅਤੇ ਸੁਰੱਖਿਆ ਕਾਨੂੰਨ ਲਾਗੂ ਕਰਕੇ ਵੱਖ-ਵੱਖ ਸਰਕਾਰੀ ਤੇ ਗੈਰਸਰਕਾਰੀ ਅਦਾਰਿਆ ਵਿੱਚ ਡਿਊਟੀ ਕਰ ਰਹੇ ਸਿੱਖ ਮੁਲਾਜਮਾਂ ਨੂੰ ਟੋਪ ਦੀ ਥਾਂ ਤੇ ਦਸਤਾਰ ਸਜਾਉਣ ਦੀ ਇਜ਼ਾਜਤ ਦੇ ਦਿੱਤੀ ਹੈ । ਜਿਸ ਦੇ ਨਾਲ ਬ੍ਰਿਟੇਨ ਅਤੇ ਯੂਰਪੀਅਨ ਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਦੇ ਲੋਕਾਂ ਵਿੱਚ ਕਾਫੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ।