April 21, 2026 8:49 pm

ਵਿਸਾਖੀ ਮੌਕੇ ਰਾਜਸੀ ਕਾਨਫਰੰਸਾਂ ਪੰਜਾਬ ਦੇ ਰਾਜਨੀਤਕ ਦ੍ਰਿਸ਼ ਨੂੰ ਦੇਣਗੀਆਂ ਨਵਾਂ ਮੋੜ

ਬਠਿੰਡਾ, 21 ਮਾਰਚ (ਗੁਰਤੇਜ ਸਿੰਘ ਸਿੱਧੂ, ਅਮਰਜੀਤ ਸਿੰਘ ਸਿੱਧੂ)- ਖਾਲਸਾ ਪੰਥ ਦੇ ਸਾਜਨਾ ਦਿਵਸ ਸਬੰਧੀ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਲੱਗਣ ਵਾਲੇ ਵਿਸਾਖੀ ਮੇਲੇ ਮੌਕੇ 14 ਅਪ੍ਰੈਲ ਨੂੰ ਵੱਖ ਵੱਖ ਰਾਜਸੀ ਪਾਰਟੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਕਾਂਨਫਰੰਸਾਂ ਵਿੱਚ ਇਸ ਵਾਰ ਨਸ਼ਾ ਤਸਕਰੀ , ਕੇਂਦਰ ਸਰਕਾਰ ਵੱਲੋਂ ਬਣਾਏ ਜਮੀਨ ਪ੍ਰਾਪਤੀ ਬਿੱਲ ਅਤੇ ਜਾਟ ਰਾਖਵਾਂਕਰਨ ਦਾ ਮੁੱਦਾ ਛਾਏ ਰਹਿਣ ਦੀ ਸੰਭਾਵਨਾਂ ਹੈ। ਪੰਜਾਬ ਦੀਆਂ ਦੋ ਮੁੱਖ ਵਿਰੋਧੀ ਪਾਰਟੀਆਂ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਪੰਜਾਬ ਅੰਦਰ ਫੈਲੇ ਨਸ਼ਿਆਂ ਦੇ ਜਾਲ ਲਈ ਇੱਕ ਦੂਜੇ ਨੂੰ ਘੇਰਿਆ ਜਾਵੇਗਾ ਕਿਉਕਿ ਮਜੀਠੀਆਂ ਦੇ ਛੇ ਹਜ਼ਾਰ ਕਰੋੜ ਦੇ ਸਿੰਥੇਟਿਕ ਡਰੱਗ ਮਾਮਲੇ ਵਿੱਚ ਘਿਰ ਜਾਣ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਦੇ ਤੇਜ ਤਰਾਰ ਆਗੂ ਸੁਖਪਾਲ ਸਿੰਘ ਖਹਿਰਾ ਦੇ ਵੀ ਇੱਕ ਨਸ਼ਾ ਤਸਕਰ ਨਾਲ ਸਬੰਧਾਂ ਦਾ ਖੁਲਾਸਾ ਹੋਣ ਪਿੱਛੋਂ ਇੱਕ ਦੂਜੇ ਦੇ ਖਿਲਾਫ ਕੀਤੀ ਜਾ ਰਹੀ ਦੂਸ਼ਨਬਾਜੀ ਹੋਰ ਤਿੱਖ ਹੋ ਜਾਣ ਦੀ ਸੰਭਾਵਨਾ ਬਣ ਗਈ ਹੈ।

ਕਾਂਗਰਸ ਪਾਰਟੀ ਵੱਲੋਂ ਸੂਬੇ ਦੀ ਮਾੜੀ ਆਰਥਿਕਤਾ, ਕੇਂਦਰ ਸਰਕਾਰ ਵੱਲੋਂ ਬਣਾਏ ਕਿਸਾਨ ਵਿਰੋਧੀ ਭੂਮੀ ਪ੍ਰਾਪਤੀ ਬਿੱਲ ਅਤੇ ਹਾਲ ਵਿੱਚ ਹੀ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਡਸਾ ਵੱਲੋਂ ਪੇਸ਼ ਕੀਤੇ ਖੋਖਲੇ ਬੱਜਟ ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਵੱਲੋਂ ਜਿਥੇ ਪੰਜਾਬ ਸਰਕਾਰ ਦੀਆਂ ਨਕਾਮੀਆਂ ਨੂੰ ਲੋਕਾਂ ਸਾਹਮਣੇ ਉਜਾਗਰ ਕੀਤਾ ਜਾਵੇਗਾ, ਉਥੇ ਹੀ ਇੰਨ੍ਹਾਂ ਮੁੱਦਿਆਂ ਤੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਰੱਜ ਕੇ ਭੰਡਣ ਦੀ ਤਿਆਰੀ ਕੀਤੀ ਗਈ ਦੱਸੀ ਜਾਂਦੀ ਹੈ। ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਂਡ ਨੇ ਪਾਟੋ ਧਾੜ ਹੋਈ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਵਿਸਾਖੀ ਮੌਕੇ ਹੋਣ ਵਾਲੀ ਪਾਰਟੀ ਦੀ ਕਾਨਫਰੰਸ ਵਿੱਚ ਵੱਡੀ ਭੀੜ ਜਟਾਉਣ ਅਤੇ ਇੱਕਜੁੱਟਤਾ ਵਿਖਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਦੂਜੇ ਪਾਸੇ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਆਪਣੀ ਕਾਨਫਰੰਸ ਵਿੱਚ ਜਿਥੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਪੇਸ਼ ਕੀਤਾ ਜਾਵੇਗਾ, ਉਥੇ ਹੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਭੁਲੱਥ ਹਲਕੇ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਨਾਮ ਨਸ਼ਾ ਤੱਸਕਰੀ ਨਾਲ ਜੁੜਨ ਦਾ ਮੁੱਦਾ ਵੀ ਜ਼ੋਰ ਸ਼ੋਰ ਨਾਲ ਉਠਾਏ ਜਾਣ ਦੀ ਸੰਭਾਵਨਾ ਹੈ। ਅਕਾਲੀ ਦਲ  ਇਸ ਵਾਰ ਆਪਣੀ ਕਾਨਫਰੰਸ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਨਿਸ਼ਾਨੇ ਤੇ ਰੱਖ ਸਕਦਾ ਹੈ।
ਪੰਜਾਬ ਦੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਪੀਪਲਜ਼ ਪਾਰਟੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਣੀ ਰਾਜਸੀ ਕਾਂਨਫਰੰਸ ਕਰਨ ਤੋਂ ਕੰਨੀ ਕਤਰਾ ਰਹੀ ਹੈ। ਪਾਰਟੀ ਸੂਤਰਾਂ ਅਨੁਸਾਰ ਆਗੂਆਂ ਦੀ ਰਾਇ ਹੈ ਕਿ ਪਾਰਟੀ ਦੇ ਸੀਮਤ ਆਰਥਿਕ ਵਸੀਲਿਆਂ ਦੇ ਚੱਲਦਿਆਂ ਕੋਈ ਵੱਡਾ ਇਕੱਠ ਨਾ ਕੀਤਾ ਜਾਵੇ। ਉਂਝ ਪਾਰਟੀ ਵੱਲੋਂ ਸ਼ਹੀਦ ਭਗਤ ਸਿੰਘ ਦੇ 23 ਮਾਰਚ ਨੂੰ ਜਨਮ ਦਿਨ ਮੌਕੇ ਪਿੰਡ ਖੜਕਲ ਕਲਾਂ ਵਿੱਚ ਵੱਡਾ ਇਕੱਠ ਕਰਨ ਦੀ ਵਿਉਂਤ ਜਰੂਰ ਬਣਾਈ ਜਾ ਰਹੀ ਹੈ।
ਇਹ ਪਹਿਲੀ ਵਾਰ ਹੋਵੇਗਾ ਕਿ ਪੰਜਾਬ ਦੀਆਂ 17 ਸੰਘਰਸ਼ਸੀਲ ਵੱਖ ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਇੱਕ ਸਾਂਝੇ ਪਲੇਟਫਾਰਮ ਤੋਂ ਕਿਸਾਨਾਂ ਮਜਦੂਰਾਂ ਦੀਆਂ ਮੰਗਾਂ ਨੂੰ ਉਭਾਰਨ ਜਾ ਰਹੀਆਂ ਹਨ ਜੋ ਪੰਜਾਬ ਦੇ ਰਾਜਸੀ ਦ੍ਰਿਸ਼ ਨੂੰ ਬਦਲਣ ਵੱਲ ਇੱਕ ਕਦਮ ਹੋਵੇਗਾ।
ਇਸ  ਤੋਂ ਇਲਾਵਾ ਸ਼ੋਮਣੀ ਅਕਾਲੀ ਦਲ ਮਾਨ ਅਤੇ ਲੋਕ ਜਨ ਸ਼ਕਤੀ ਪਾਰਟੀ ਵੱਲੋਂ ਵੀ ਰਾਜਸੀ ਕਾਨਫਰੰਸਾਂ ਕੀਤੀਆਂ ਜਾਣਗੀਆਂ।

Send this to a friend