ਆਖਰੀ ਅੱਤਵਾਦੀ ਦੇ ਖਾਤਮੇ ਤੱਕ ਕਾਰਵਾਈ ਜਾਰੀ ਰਹੇਗੀ
ਲਾਹੌਰ, 21 (ਪੀ. ਟੀ. ਲਾਇਵ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਬਹੁਤਾ ਸਮਾਂ ਅੱਤਵਾਦ ਨੂੰ ਕੁਚਲਣ ਵਿੱਚ ਲੱਗ ਰਿਹਾ ਹੈ, ਜਿਸ ਕਾਰਨ ਦੇਸ਼ ਦੇ ਵਿਕਾਸ ਕੰਮਾਂ ਲਈ ਸਮਾਂ ਨਹੀਂ ਮਿਲ ਰਿਹਾ।ਅੱਤਵਾਦ ਨੂੰ ਜੜ੍ਹੋਂ ਖਤਮ ਕਰਨ ਲਈ ਦ੍ਰਿੜ ਇਰਾਦਾ ਪ੍ਰਗਟ ਕਰਦਿਆਂ ਨਵਾਜ਼ ਸ਼ਰੀਫ ਨੇ ਕਿਹਾ ਕਿ ਉੱਤਰੀ ਵਜ਼ੀਰਾਸਤਾਨ ਵਿਖੇ ਪਿਛਲੇ ਸਾਲ ਜੂਨ ਮਹੀਨੇ ਵਿੱਚ ਅੱਤਵਾਦੀਆਂ ਦੇ ਵਿਰੁੱਧ ਸ਼ੁਰੂ ਕੀਤੀ ਗਈ ਫੌਜੀ ਕਾਰਵਾਈ ਆਖਰੀ ਅੱਤਵਾਦੀ ਦੇ ਖਾਤਮੇ ਤੱਕ ਜਾਰੀ ਰਹੇਗੀ। ਉਨ੍ਹਾਂ ਅੱਤਵਾਦ ਦੀ ਰੀੜ੍ਹ ਨੂੰ ਤੋੜਨ ਲਈ ਫੌਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੋ ਵੀ ਹੋਵੇ ਆਖਰੀ ਅੱਤਵਾਦੀ ਨੂੰ ਖਤਮ ਕਰਨ ਤੱਕ ਫੌਜੀ ਕਾਰਵਾਈ ਜਾਰੀ ਰਹੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਅੱਤਵਾਦ ਦੇ ਖਾਤਮੇ ਅਤੇ ਬਿਜਲੀ ਸੰਕਟ ਨੂੰ ਦੂਰ ਕਰਨ ਲਈ ਸਖਤ ਮਿਹਨਤ ਕਰ ਰਿਹਾ ਹਾਂ। ਮੈਂ ਆਪਣਾ 90 ਫੀਸਦੀ ਸਮਾਂ ਇਨ੍ਹਾਂ ਮੁੱਦਿਆਂ ’ਤੇ ਲਾਉਂਦਾ ਹਾਂ ਇਸੇ ਕਾਰਨ ਵਿਕਾਸ ਦੇ ਹੋਰਨਾਂ ਕੰਮਾਂ ਲਈ ਮੇਰੇ ਕੋਲ ਸਮਾਂ ਹੀ ਨਹੀਂ ਬਚਦਾ। ਪ੍ਰਧਾਨ ਮੰਤਰੀ ਸ਼ਰੀਫ ਨੇ ਇਹ ਦਾਅਵਾ ਇਥੋਂ 80 ਕਿਲੋਮੀਟਰ ਦੂਰ ਸਿਆਲਕੋਟ ਵਿਖੇ ਵਪਾਰੀਆਂ ਦੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਨਵਾਜ਼ ਸ਼ਰੀਫ ਨੇ ਫੌਜੀ ਡਿਕਟੇਟਰਾਂ ਉੱਤੇ ਵਰਦਿਆਂ ਕਿਹਾ ਦੇਸ਼ ਦੀ ਤਰੱਕੀ ਨੂੰ ਰੋਕਣ ਲਈ ਇਹ ਵਿਅਕਤੀ ਜ਼ਿੰਮੇਵਾਰ ਸਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕਰਾਚੀ ਵਿਖੇ ਜ਼ੁਰਮ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਕਿਸੇ ਸਿਆਸੀ ਪਾਰਟੀ ਦੇ ਵਿਰੁੱਧ ਨਹੀਂ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿੱਚ 14000 ਮੈਗਾਵਾਟ ਦੇ ਲੱਗਭਗ ਬਿਜਲੀ ਦੀ ਮੰਗ ਹੈ, ਜਦਕਿ ਕੇਵਲ 7000 ਮੈਗਾਵਾਟ ਬਿਜਲੀ ਦਾ ਉਤਪਾਦਨ ਹੈ। ਪੈਟਰੋਲ ਦੀ ਕਮੀ ਕਾਰਨ ਇਸ ਸੰਕਟ ਵਿੱਚ ਹੋਰ ਵਾਧਾ ਹੋਇਆ ਹੈ।