ਬਠਿੰਡਾ, 18 ਮਾਰਚ (ਅਮਰਜੀਤ ਸਿੰਘ ਸਿੱਧੂ, ਗੁਰਤੇਜ ਸਿੰਘ ਸਿੱਧੂ)- ਬੱਚਿਆਂ ਦੀ ਸਿੱਖਿਆ, ਸੁਰੱਖਿਆ, ਸਮਾਨਤਾ ਅਤੇ ਸਨਮਾਨ ਦੇ ਅਧਿਕਾਰਾਂ ਸਬੰਧੀ ਲੋਕ ਚੇਤਨਾ ਲਈ ਵੀਡੀਓ ਵੈਨ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਰਿੰਦਰ ਸ਼ਰਮਾ ਦੁਆਰਾ ਸਾਰਸ ਮੇਲੇ ਵਿਖੇ ਅੱਜ ਰਵਾਨਾ ਕੀਤੀ ਗਈ। ਇਸ ਮੌਕੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਨਰਮਾ ਪੱਟੀ ਦੇ ਚਾਰ ਜ਼ਿਲ੍ਹਿਆ ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ ਅਤੇ ਫਾਜ਼ਿਲਕਾ ਦੇ 229 ਪਿੰਡਾਂ ਵਿਚ 3 ਸਾਲਾਂ ਤੱਕ ਇਸ ਤਰ੍ਹਾਂ ਦੀਆਂ ਵੈਨਾਂ ਚੱਲਣਗੀਆਂ। ਅੱਜ ਰਵਾਨਾ ਕੀਤੀ ਗਈ ਵੈਨ ਇਸ ਕੜੀ ਦੀ ਦਸਵੀਂ ਵੈਨ ਸੀ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਵੱਲੋਂ ਇਹ ਮੁਹਿੰਮ ‘ਸੇਵ ਦਾ ਚਿਲਡਰਨ’ ਨਾਮੀ ਸੰਸਥਾ ਦੇ ਸਹਿਯੋਗ ਨਾਲ ਆਰੰਭੀ ਗਈ ਹੈ। ਸ਼੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬੱਚਿਆਂ ਦੇ ਅਧਿਕਾਰਾਂ ਸਬੰਧੀ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਬਾਲ ਸੁਰੱਖਿਆ ਕਮੇਟੀਆਂ
ਦਾ ਗਠਨ ਪਹਿਲਾਂ ਹੀ ਕੀਤਾ ਹੋਇਆ ਹੈ। ਵੀਡੀਓ ਵੈਨ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਵੈਨ ਦੁਆਰਾ ਬੱਚਿਆਂ ਦੇ ਅਧਿਕਾਰ ਤੇ ਨੁੱਕੜ ਨਾਟਕ ਪੇਸ਼ ਕੀਤੇ ਜਾਣਗੇ ਅਤੇ ਇਸ ਮੁੱਦੇ ਤੇ ਫ਼ਿਲਮ ਵੀ ਦਿਖਾਈ ਜਾਵੇਗੀ। ਬੱਚਿਆਂ ਨੂੰ ਅਤੇ ਹੋਰ ਲੋਕਾਂ ਨੂੰ ਬੱਚਿਆਂ ਦੇ ਚਾਰ ਮੂਲ ਅਧਿਕਾਰ ਜਿੰਨ੍ਹਾਂ ਚ ਸਕੂਲ ਜਾਣਾ, ਕਿਸੇ ਵੀ ਗਲਤ ਵਿਵਹਾਰ ਤੋਂ ਸੁਰੱਖਿਆ ਪਾਉਣਾ, ਭੇਦਭਾਵ ਤੋਂ ਬਚਣਾ ਅਤੇ ਸਨਮਾਨ ਨਾਲ ਜ਼ਿੰਦਗੀ ਜਿਉਣਾ ਸ਼ਾਮਲ ਹੈ। ਇਸ ਵਾਹਨ ਤੇ ਇਕ ਬਜ਼ਰ ਲੱਗਿਆ ਹੈ ਜਿਸ ਨੂੰ ਦਬਾ ਕੇ ਹਾਜ਼ਰ ਲੋਕ ਇਸ ਸੁਨੇਹੇ ਪ੍ਰਤੀ ਆਪਣੀ ਸਹਿਮਤੀ ਦੇਣਗੇ ਅਤੇ ਇਸ ਨਾਲ ਅਜਿਹੇ ਲੋਕਾਂ ਦੀ ਗਿਣਤੀ ਸਬੰਧੀ ਵੀ ਜਾਣਕਾਰੀ ਮਿਲ ਸਕੇਗੀ ਕਿ ਕਿੰਨੇ ਲੋਕਾਂ ਤੱਕ ਇਹ ਸੁਨੇਹਾ ਪੁੱਜਿਆ। ਇਸ ਮੌਕੇ ’ਤੇ ਐਸ.ਪੀ.ਬਠਿੰਡਾ ਸ਼੍ਰੀ ਦੇਸ ਰਾਜ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਬਠਿੰਡਾ ਸ਼੍ਰੀ ਹਾਕਮ ਥਾਪਰ, ਪ੍ਰੋਜੈਕਟ ਕੁਆਰਡੀਨੇਟਰ ਅਮਿਤ ਕੁਮਾਰ ਦਾਸ, ਜ਼ਿਲ੍ਹਾ ਅਫ਼ਸਰ ‘ਸੇਵ ਦਾ ਚਿਲਡਰਨ’ ਅਮਿਤਬ ਬਾਰਿਕ, ਸਕੱਤਰ ਜੈ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਵਨੀਤ ਕੌਰ ਸਿੱਧੂ, ਡੀ.ਐਸ.ਓ.ਜਸਪਾਲ ਸਿੰਘ ਅਤੇ ਸੀ.ਡੀ.ਪੀ.ਓ.ਊਸ਼ਾ ਰਾਣੀ ਵੀ ਮੌਜੂਦ ਸਨ। ਇਸ ਮੌਕੇ ਤੇ ਰਵਨੀਤ ਕੌਰ ਸਿੱਧੂ, ਜਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਬੱਚਿਆਂ ਦੇ ਅਧਿਕਾਰਾਂ ਅਤੇ ਉਹਨਾਂ ਦੀ ਰੱਖਿਆ ਸਬੰਧੀ ਭਰਪੂਰ ਜਾਣਕਾਰੀ ਦਿੱਤੀ।