April 16, 2026 6:54 am

ਟ੍ਰੈਫ਼ਿਕ ਸਮੱਸਿਆ ਪੈਦਾ ਹੋਣ ਕਾਰਨ ਰਾਹਗੀਰਾਂ ਨੂੰ ਕਰਨਾ ਪੈ ਰਿਹਾ ਹੈ ਪ੍ਰੇਸ਼ਾਨੀਆਂ ਦਾ ਸਾਹਮਣਾ

ਸੰਗਰੂਰ, 15 ਮਾਰਚ (ਗਰੋਵਰ)– ਸ਼ਹਿਰ ਵਿਚ ਦਿਨੋਂ ਦਿਨ ਵੱਧਦੀ ਜਾ ਰਹੀ ਟ੍ਰੈਫ਼ਿਕ ਸਮੱਸਿਆ ਰਾਹਗੀਰਾਂ ਅਤੇ ਹੋਰ ਲੋਕਾਂ ਲਈ ਪ੍ਰੇਸ਼ਾਨੀ ਦਾ ਸਬਬ ਬਣਦੀ ਜਾ ਰਹੀ ਹੈ। ਇਸ ਸੰਬੰਧੀ ਜਦੋਂ ਅੱਜ ਆਜਾਦ ਸੋਚ ਦੀ ਟੀਮ ਨੇ ਸ਼ਹਿਰ ਵਿਚ ਆਪਣੀ ਟੀਮ ਨਾਲ ਮਿਲ ਕੇ ਸਰਵੇ ਕੀਤਾ ਤਾਂ ਦੇਖਿਆ ਕਿ ਸ਼ਹਿਰ ਦੇ ਬੱਸ ਸਟੈਂਡ, ਹਰੇੜੀ ਰੋਡ, ਪਟਿਆਲਾ ਰੋਡ ਅਤੇ ਸੁਨਾਮੀ ਗੇਟ ਸਥਿਤ ਟ੍ਰੈਫ਼ਿਕ ਦੀ ਕਾਫ਼ੀ ਸਮੱਸਿਆ ਨਜ਼ਰ ਆਈ। ਇਸ ਟ੍ਰੈਫ਼ਿਕ ਸਮੱਸਿਆ ਦੇ ਪੈਦਾ ਹੋਣ ਨਾਲ ਕਈ ਵਾਰ ਤਾਂ ਰਾਹਗੀਰਾਂ ਦਾ ਅੱਧੇ ਘੰਟੇ ਤੱਕ ਦਾ ਜਾਮ ਲੱਗ ਜਾਂਦਾ ਹੈ ਜਿਸ ਨੂੰ ਟ੍ਰੈਫ਼ਿਕ ਪੁਲਿਸ ਵੀ ਕਾਬੂ ਨਹੀਂ ਕਰ ਸਕਦੀ।
ਲਾਲ ਬੱਤੀ ਦੇ ਚਾਲੂ ਨਾ ਹੋਣ ਕਾਰਨ ਵੀ ਹੋ ਜਾਂਦਾ ਹੈ ਟ੍ਰੈਫ਼ਿਕ ਜਾਮ- ਇਸ ਦਾ ਇਕ ਮੇਨ ਕਾਰਨ ਇਹ ਵੀ ਹੈ ਕਿ ਬਸ ਸਟੈਂਡ ਵਿਖੇ ਲਾਲ ਬੱਤੀ ਨਾ ਹੋਣ, ਦੂਜਾ ਇਹ ਕਿ ਹਰੇੜੀ ਰੋਡ ਜਿਹੜਾ ਪੁੱਲ ਬਣ ਰਿਹਾ ਹੈ ਉਸ ਕਾਰਨ ਵੀ ਟ੍ਰੈਫ਼ਿਕ ਸਮੱਸਿਆ ਪੈਦਾ ਹੋ ਜਾਂਦੀ ਹੈ ਅਤੇ ਸੜਕਾਂ ਉਤੇ ਕਈ ਕਈ ਘੰਟਿਆਂ

ਦਾ ਜਾਮ ਲੱਗ ਜਾਂਦਾ ਹੈ। ਲਾਲ ਬੱਤੀ ਚਾਲੂ ਨਾ ਹੋਣ ਕਾਰਨ ਹਰ ਵਾਹਨ ਚਾਲਕ ਇਕ ਦੂਜੇ ਤੋਂ ਅੱਗੇ ਜਾਣ ਦੀ ਸੋਚਦੇ ਹੋਏ ਗਲਤ ਡਰਾਇਵਿੰਗ ਕਰਦਾ ਹੈ ਜਿਸ ਕਾਰਨ ਟ੍ਰੈਫ਼ਿਕ ਵਿਚ ਬਾਧਾ ਹੋ ਜਾਣ ਕਾਰਨ ਵੀ ਇਹ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਜਾਮ ਕਾਰਣ ਕਈ ਵਾਰੀ ਜਖਮੀ ਹੋਏ ਮਰੀਜ਼ਾਂ ਨੂੰ ਲਿਜਾ ਰਹੀ ਐਂਬੂਲੈਸ ਨੂੰ ਰਸਤੇ ਵਿਚ ਹੀ ਰੁਕਣਾ ਪੈ ਜਾਂਦਾ ਹੈ ਜਿਸ ਨਾਲ ਮਰੀਜ਼ ਦੇ ਇਲਾਜ ਵਿਚ ਦੇਰੀ ਹੋ ਜਾਂਦੀ ਹੈ।  ਪਟਿਆਲਾ ਰੋਡ ’ਤੇ ਵੀ ਸੜਕ ਦੀ ਨਵੀਂ ਉਸਾਰੀ ਹੋਣ ਕਾਰਨ ਇਹ ਸਮੱਸਿਆ ਆਮ ਜਿਹੀ ਬਣ ਕੇ ਰਹਿ ਗਈ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਵੀ ਸੜਕ ’ਤੇ ਕਾਫ਼ੀ ਜਾਮ ਵੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਸ਼ਹਿਰ ਵਿਚ ਸੁਨਾਮੀ ਗੇਟ, ਮੰਡੀ ਗਲੀ ਅਤੇ ਨਾਭਾ ਗੇਟ ਵਿਖੇ ਸਵੇਰ ਅਤੇ ਸ਼ਾਮ ਨੂੰ ਬਾਜ਼ਾਰਾਂ ਵਿੱਚੋਂ ਦੀ ਨਿਕਲਣਾ ਔਖਾ ਹੋ ਜਾਂਦਾ ਹੈ। ਇਹਨਾਂ ਸਾਰੀਆਂ ਥਾਵਾਂ ਤੇ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਟਾਂਵੇ ਟਿੱਲੇ ਹੀ ਨਜ਼ਰ ਆਉਂਦੇ ਹਨ। ਸੁਨਾਮੀ ਗੇਟ ਵਾਲੇ ਪਾਸੇਓਂ ਕਾਰਾਂ ਆਮ ਹੀ ਬਜ਼ਾਰ ਵਿੱਖ ਐਂਟਰ ਕਰ ਜਾਂਦੀਆਂ ਹਨ ਅਤੇ ਅੱਗੇ ਜਾ ਕੇ ਇਹ ਟ੍ਰੈਫਿਕ ਜਾਮ ਕਰ ਦਿੰਦੀਆਂ ਹਨ। ਬਾਜ਼ਾਰ ਦੇ ਸ਼ੁਰੂ ਵਿੱਚ ਕੋਈ ਵੀ ਟ੍ਰੈਫਿਕ ਪੁਲਸ ਦਾ ਅਧਿਕਾਰੀ ਨਾ ਹੋਣ ਕਰਕੇ ਕਾਰਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ।
ਅਵਾਰਾ ਪਸ਼ੂ ਵੀ ਬਣਦੇ ਹਨ ਟ੍ਰੈਫ਼ਿਕ ਸਮੱਸਿਆ ਦਾ ਮੁੱਖ ਕਾਰਣ- ਦੁਜੇ ਪਾਸੇ ਆਵਾਰਾ ਡੰਗਰ ਪਸ਼ੂ ਆਮ ਹੀ ਬਾਜ਼ਾਰਾਂ ਵਿਚ ਦੇਖੇ ਜਾ ਸਕਦੇ ਹਨ। ਇਹਨਾਂ ਆਵਾਰਾ ਪਸ਼ੂਆਂ ਕਾਰਣ ਅਕਸਰ ਹੀ ਵੱਡੇ ਹਾਦਸੇ ਵਾਪਰਦੇ ਦੇਖੇ ਜਾ ਸਕਦੇ ਹਨ। ਇਸ ਦਾ ਇਕ ਹੋਰ ਕਾਰਨ ਇਹ ਹੈ ਕਿ ਇਸ ਵੱਲ ਪ੍ਰਸ਼ਾਸਨ ਦੀ ਵੀ ਇਕ ਬਹੁਤ ਵੱਡੀ ਕਮੀਂ ਪਾਈ ਜਾ ਰਹੀ ਹੈ ਜਿਵੇਂ ਕਿ ਸ਼ਹਿਰ ਦੇ ਧੂਰੀ ਗੇਟ ਵਿਖੇ ਲਾਟਰੀ ਦੀਆਂ ਸਟਾਲਾਂ ਅਤੇ ਸੁਨਾਮੀ ਗੇਟ ਵਿਖੇ ਸਥਿਤ ਫਲਾਂ ਦੀਆਂ ਰੇਹੜੀਆਂ ਜ਼ਿਆਦਾ ਜਗ੍ਹਾ ਘੇਰਦੀਆਂ ਹਨ ਜਿਸ ਕਾਰਨ ਵੱਡੇ ਵਾਹਨਾਂ ਦਾ ਉਥੋਂ ਗੁਜਰਨਾ ਮੁਸ਼ਕਲ ਹੋ ਜਾਂਦਾ ਹੈ ਅਤੇ ਸ਼ਹਿਰ ਦੇ ਮੇਨ ਬਾਜਾਰ ਵਿਚ ਜਾਮ ਲੱਗ ਜਾਂਦਾ ਹੈ।
ਕੀ ਕਹਿੰਦੇ ਹਨ ਟ੍ਰੈਫ਼ਿਕ ਪੁਲਿਸ ਅਧਿਕਾਰੀ- ਜਦੋਂ ਇਸ ਸੰਬੰਧੀ ਟ੍ਰੈਫ਼ਿਕ ਇੰਸਪੈਕਟਰ ਸ. ਰਾਜਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਮੁੱਖੀ ਵਲੋਂ ਜੋ ਆਦੇਸ਼ ਉਨ੍ਹਾਂ ਨੂੰ ਆਉਂਦੇ ਹਨ ਉਸ ਮੁਤਾਬਕ ਉਨ੍ਹਾਂ ਆਪਣੀ ਟੀਮ ਦੀ ਡਿਊਟੀ ਲਗਾ ਰੱਖੀ ਹੈ ਅਤੇ ਟ੍ਰੈਫ਼ਿਕ ਸਮੱਸਿਆ ਨੂੰ ਕੰਟਰੋਲ ਕਰਨ ਲਈ ਸ਼ਹਿਰ ਦੇ ਮੇਨ ਬਾਜਾਰਾਂ ਵਿਚ ਟ੍ਰੈਫ਼ਿਕ ਪੁਲਿਸ ਦੀ ਡਿਊਟੀ ਲਗਾਈ ਜਾਂਦੀ ਹੈ ਤਾਂ ਜੋਂ ਜਾਮ ਨਾ ਲੱਗਣ ਅਤੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ ਵਲੋਂ ਨੋ ਪਾਰਕਿੰਗ ’ਤੇ ਵਾਹਨ ਖੜ੍ਹਾ ਕਰਨ ਵਾਲੇ ਵਾਹਨਾਂ ਦਾ ਚਲਾਨ ਕੱਟਿਆ ਹੈ ਅਤੇ ਸ਼ਹਿਰ ਦੇ ਲੋਕਾਂ ਨੂੰ ਵੀ ਟ੍ਰੈਫ਼ਿਕ ਜਾਗਰੂਕਤਾ ਬਾਰੇ ਜਾਣਕਾਰੀ ਦਿੱਤੀ ਹੈ। ਜੇਕਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਇਸ ਦਾ ਇਕ ਮੁੱਖ ਕਾਰਨ ਇਹ ਵੀ ਹੈ ਕਿ ਇਸ ਵੱਲ ਪ੍ਰਸ਼ਾਸਨ ਵੀ ਅੱਖਾਂ ਮੂੰਦ ਕੇ ਸੋ ਰਿਹਾ ਹੈ। ਜੇਕਰ ਪ੍ਰਸ਼ਾਸਨ ਚਾਵੇ ਤਾਂ ਸ਼ਹਿਰ ਵਿਚ ਜੋ ਨਜਾਇਜ ਥਾਵਾਂ ਤੇ ਕਈਆਂ ਨੇ ਆਪਣੀਆਂ ਰੇਹੜੀਆਂ ਅਤੇ ਹੋਰ ਕਈ ਚੀਜਾਂ ਹਟਾ ਦਿੱਤੀਆਂ ਜਾਣ ਤਾਂ ਟ੍ਰੈਫ਼ਿਕ ਦੀ ਇਸ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ।

Send this to a friend