ਪਟਿਆਲਾ, 3 ਅਗਸਤ (ਪੀ. ਟੀ.)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 18 ਸਾਲ ਪੁਰਾਣੇ ਆਰਮਜ਼ ਐਕਟ ਮਾਮਲੇ ‘ਚ ਇੱਥੋਂ ਦੀ ਸਥਾਨਿਕ ਅਦਾਲਤ ਨੇ ਢਾਈ ਸਾਲ ਦੀ ਸਜ਼ਾ ਸੁਣਾਈ ਹੈ।

ਐਡੀਸ਼ਨਲ ਅਤੇ ਸੈਸ਼ਨ ਜੱਜ ਦੀਪਿਕਾ ਨੇ ਰਾਜੋਆਣਾ ਨੂੰ ਢਾਈ ਸਾਲ ਦੀ ਕੈਦ ਅਤੇ 1000 ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਸੁਣਾਇਆ। ਇਹ ਮਾਮਲਾ 25 ਦਸੰਬਰ 1995 ਨੂੰ ਦਰਜ ਕੀਤਾ ਗਿਆ ਸੀ। ਭਾਈ ਰਾਜੋਆਣਾ ਨੂੰ ਸਦਰ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਡੀ. ਐਸ. ਮੱਲ੍ਹੀ ਨੇ ਇਕ ਪਿਸਤੌਲ ਅਤੇ ਚਾਰ ਕਾਰਤੂਸਾਂ ਨਾਲ ਗ੍ਰਿਫਤਾਰ ਕੀਤਾ ਸੀ ਅਤੇ ਉਸ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸ ਤੋਂ ਪਹਿਲਾਂ ਭਾਈ ਰਾਜੋਆਣਾ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ‘ਚੋਂ ਬਾਹਰ ਆਉਣ ਤੋਂ ਬਾਅਦ ਭਾਈ ਰਾਜੋਆਣਾ ਨੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾਏ। ਇਸ ਤੋਂ ਪਹਿਲਾਂ ਭਾਈ ਰਾਜੋਆਣਾ ਨੂੰ ਆਰ.ਡੀ.ਐਕਸ ਮਾਮਲੇ ‘ਚ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਮੌਤ ਦੇ ਦੋਸ਼ ‘ਚ ਭਾਈ ਰਾਜੋਆਣਾ ਨੂੰ 31 ਮਾਰਚ 2012 ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।