June 18, 2026 10:25 pm

ਪੰਜਾਬ ‘ਚ ਆਨਲਾਈਨ ਅਦਾਇਗੀਆਂ ਦੀ ਵਿਵਸਥਾ ਕਾਮਯਾਬ

ਜਲੰਧਰ, 3 ਅਗਸਤ (ਪੀ.ਟੀ.)-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਨ ਲਾਈਨ ਅਦਾਇਗੀਆਂ ਦੀ ਸਕੀਮ ਰਾਜ ਭਰ ‘ਚ ਕਾਮਯਾਬੀ ਨਾਲ ਚੱਲ ਰਹੀ ਹੈ ਅਤੇ ਪਹਿਲੀ ਤਿਮਾਹੀ ਤੱਕ 7281 ਕਰੋੜ 85 ਲੱਖ 98 ਹਜ਼ਾਰ 352 ਰੁਪਏ ਦੀਆਂ ਅਦਾਇਗੀਆਂ ਏਕੀਕਰਨ ਵਿੱਤੀ ਪ੍ਰਬੰਧ ਸਿਸਟਮ (ਇੰਟੈਗਰੇਟਿਡ ਫਾਇਨਾਂਸ਼ੀਅਲ ਮੈਨੇਜਮੈਂਟ ਸਿਸਟਮ- ਆਈ.ਐੱਫ.ਐੱਮ.ਐੱਸ) ਰਾਹੀਂ ਕੀਤੀਆਂ ਜਾ ਚੁੱਕੀਆਂ ਹਨ। ਇਹ ਸਕੀਮ ਪੰਜਾਬ ਭਰ ‘ਚ 1 ਅਪ੍ਰੈਲ 2013 ਤੋਂ ਸ਼ੁਰੂ ਕੀਤੀ ਗਈ ਸੀ ਅਤੇ ਇਹ ਵਿਵਸਥਾ ਕਰਨਾ ਵਾਲਾ ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਹੈ। ਸਰਕਾਰੀ ਪੱਧਰ ‘ਤੇ ਸਾਰੀਆਂ ਅਦਾਇਗੀਆਂ 1 ਅਪ੍ਰੈਲ ਤੋਂ ਸਿੱਧੀਆਂ ਬੈਂਕ ਖਾਤਿਆਂ ‘ਚ ਜਮ੍ਹਾਂ ਹੋ ਰਹੀਆਂ ਹਨ। ਇਸ ਵਿਵਸਥਾ ਦਾ ਪੂਰੇ ਪੰਜਾਬ ‘ਚ 14 ਲੱਖ 32 ਹਜ਼ਾਰ 566 ਲਾਭਪਾਤਰੀ ਫਾਇਦਾ ਉਠਾ ਚੁੱਕੇ ਹਨ।ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ  ਬੀਤੇ ਦਿਨ ਇਥੇ ਇਕ ਮੀਟਿੰਗ ਦੌਰਾਨ ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਈ-ਪੇਮੈਂਟ ਪ੍ਰਣਾਲੀ ਉਨ੍ਹਾਂ ਸਾਰੇ ਸਰਕਾਰੀ ਵਿਭਾਗਾਂ/ਦਫਤਰਾਂ ‘ਚ ਲਾਗੂ ਕੀਤੀ ਗਈ ਹੈ, ਜਿਨ੍ਹਾਂ ਦਾ ਲੈਣ-ਦੇਣ ਖਜ਼ਾਨਾ ਦਫਤਰਾਂ ਰਾਹੀਂ ਹੁੰਦਾ ਹੈ। ਇਸ ਪ੍ਰਣਾਲੀ ਤਹਿਤ ਪਹਿਲੀ ਤਿਮਾਹੀ ਤੱਕ ਜ਼ਿਲ੍ਹਾ ਜਲੰਧਰ ‘ਚ ਕੁੱਲ 329 ਕਰੋੜ 53 ਲੱਖ 62545 ਰੁਪਏ ਦੀਆਂ ਅਦਾਇਗੀਆਂ 121165 ਲਾਭਪਾਤਰੀਆਂ ਨੂੰ ਕੀਤੀਆਂ ਜਾ ਚੁੱਕੀਆਂ ਹਨ।ਉਨ੍ਹਾਂ ਦੱਸਿਆ ਕਿ ਜਲੰਧਰ ਦੇ ਖਜ਼ਾਨਾ ਦਫਤਰ ‘ਚੋਂ 270 ਕਰੋੜ 90 ਲੱਖ 8179 ਰੁਪਏ ਦੀਆਂ ਅਦਾਇਗੀਆਂ 97781 ਲਾਭਪਾਤਰੀਆਂ ਨੂੰ ਕੀਤੀਆਂ ਜਾ ਚੁੱਕੀਆਂ ਹਨ। ਕਰਤਾਰਪੁਰ ਖਜ਼ਾਨਾ ਦਫਤਰ ਤੋਂ 3 ਕਰੋੜ 67 ਲੱਖ 61036 ਰੁਪਏ ਦੀਆਂ ਅਦਾਇਗੀਆਂ 1115 ਲਾਭਪਾਤਰੀਆਂ ਨੂੰ ਕੀਤੀਆਂ ਗਈਆਂ ਹਨ। ਨਕੋਦਰ ‘ਚ ਇਹੀ ਦਰ 13 ਕਰੋੜ 70 ਲੱਖ 83373 ਰੁਪਏ ਤੇ ਲਾਭਪਾਤਰੀਆਂ ਦੀ ਗਿਣਤੀ 4787 ਬਣਦੀ ਹੈ ਜਦਕਿ ਨੂਰਮਹਿਲ ‘ਚ 3006 ਲਾਭਪਾਤਰੀਆਂ ਨੂੰ 7 ਕਰੋੜ 57 ਲੱਖ 30658 ਰੁਪਏ ਦੀਆਂ ਆਨਲਾਈਨ ਅਦਾਇਗੀਆਂ ਪਹਿਲੀ ਤਿਮਾਹੀ ਦੌਰਾਨ ਕੀਤੀਆਂ ਗਈਆਂ ਹਨ।ਇਸੇ ਤਰ੍ਹਾਂ ਫਿਲੌਰ ਖਜ਼ਾਨਾ ਦਫਤਰ ਤੋਂ 23 ਕਰੋੜ 53 ਲੱਖ 78029 ਰੁਪਏ ਦੀਆਂ ਅਦਾਇਗੀਆਂ 9359 ਲਾਭਪਾਤਰੀਆਂ ਨੂੰ ਕੀਤੀਆਂ ਜਾ ਚੁੱਕੀਆਂ ਹਨ ਅਤੇ ਸ਼ਾਹਕੋਟ ਵਿਖੇ 5117 ਲਾਭਪਾਤਰੀਆਂ ਨੂੰ 10 ਕਰੋੜ 14 ਲੱਖ 1270 ਰੁਪਏ ਦੀਆਂ ਅਦਾਇਗੀਆਂ ਕੀਤੀਆਂ ਗਈਆਂ ਹਨ।

Send this to a friend