April 21, 2026 5:23 pm

ਅਨਿਲ ਜੋਸ਼ੀ ਨੇ ਗਰਮੀ ਦਿਖਾਉਣ ਤੋਂ ਬਾਅਦ ਸਾਧੀ ਚੁੱਪ

ਅੰਮ੍ਰਿਤਸਰ, 12 ਮਾਰਚ (ਪੀ. ਟੀ.)- ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਦੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਤਿੱਖੇ ਸੁਰ ਹੌਲੀ ਹੌਲੀ ਮੱਠੇ ਪੈਂਦੇ ਨਜ਼ਰ ਆ ਰਹੇ ਹਨ। ਸਰਕਾਰ ਖਿਲਾਫ ਖੁੱਲ੍ਹ ਕੇ ਬੋਲਣ ਵਾਲੇ ਜੋਸ਼ੀ ਅੱਜ ਮੀਡੀਆ ਦੇ ਹਰ ਸਵਾਲ ਨੂੰ ਟਾਲਦੇ ਰਹੇ।ਜੋਸ਼ੀ ਨੇ ਐਲਾਨ ਕੀਤਾ ਸੀ ਕਿ ਉਹ ਬਜਟ ਸੈਸ਼ਨ ਦਾ ਬਾਈਕਾਟ ਕਰਨਗੇ। ਤਰਨਤਾਰਨ ਵਿੱਚ ਉਹਨਾਂ ਦੇ ਭਰਾ ਤੇ ਬੀਜੇਪੀ ਲੀਡਰ ਰਾਜੇਸ਼ ਜੋਸ਼ੀ ‘ਤੇ ਹਮਲਾ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਜੋਸ਼ੀ ਬੜੀ ਸਖਤੀ ਨਾਲ ਕਰ ਰਹੇ ਸੀ, ਪਰ ਅੱਜ ਵਿਧਾਨ ਸਭਾ ਵਿੱਚ ਨਾ ਜਾਣ ਦਾ ਕਾਰਨ ਉਹਨਾਂ ਨੇ ਬੇਟੇ ਦਾ ਜਨਮ ਦਿਨ ਦੱਸਿਆ। ਉਹਨਾਂ ਝੜਪ ਮਾਮਲੇ ‘ਤੇ ਕੁਝ ਵੀ ਬੋਲਣ ਤੋਂ ਗੁਰੇਜ਼ ਕੀਤਾ। ਆਉਣ ਵਾਲੇ ਦਿਨਾਂ ਵਿੱਚ ਵਿਧਾਨ ਸਭਾ ਜਾਣਗੇ ਜਾਂ ਨਹੀਂ, ਇਸ ਬਾਰੇ ਕੋਈ ਠੋਸ ਜਵਾਬ ਨਹੀਂ ਦਿੱਤਾ।ਸਰਕਾਰ ਅਤੇ ਪੰਜਾਬ ਪੁਲਿਸ ‘ਤੇ ਗੁੰਡਾਗਰਦੀ ਦੇ ਇਲਜ਼ਾਮ ਲਗਾਉਣ ਵਾਲੇ ਜੋਸ਼ੀ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਡੀਜੀਪੀ

ਵੱਲੋਂ ਉਹਨਾਂ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਮਿਲਿਆ ਹੈ। ਜੋਸ਼ੀ ਨੇ ਕਿਹਾ ਕਿ ਹਰ ਵੇਲੇ ਸਖਤ ਰਵੱਈਏ ਦੇ ਲੋੜ ਨਹੀਂ ਪੈਂਦੀ, ਕਈ ਵਾਰ ਨਰਮਾਈ ਨਾਲ ਵੀ ਕੰਮ ਹੁੰਦੇ ਹਨ।ਸਿਰਫ ਅਨਿਲ ਜੋਸ਼ੀ ਨਹੀਂ, ਬਲਕਿ ਪੰਜਾਬ ਬੀਜੇਪੀ ਦਾ ਰਵੱਈਆ ਵੀ ਬਦਲਿਆ ਹੈ। ਤਰਨਤਾਰਨ ਝੜਪ ਤੋਂ ਇਲਾਵਾ ਡਰੱਗਜ਼ ਕੇਸ ਵਿੱਚ ਬਿਕਰਮ ਮਜੀਠੀਆ ਦੇ ਅਸਤੀਫੇ ਦੀ ਮੰਗ ਕਰਨ ਵਾਲੀ ਬੀਜੇਪੀ ਨੇ ਹੁਣ ਚੁੱਪੀ ਸਾਧ ਲਈ ਹੈ।  ਪੰਜਾਬ ਬੀਜੇਪੀ ਪ੍ਰਧਾਨ ਕਮਲ ਸ਼ਰਮਾ ਨੇ ਵੀ ਕਿਹਾ ਹੈ ਕਿ ਈਡੀ ਦੀ ਅੰਤਿਮ ਰਿਪੋਰਟ ਤੋਂ ਬਾਅਦ ਹੀ ਉਹ ਕੋਈ ਕਦਮ ਚੁੱਕਣਗੇ।ਵਿਧਾਨ ਸਭਾ ਦੇ ਬਾਹਰ ਮਜੀਠੀਆ ਦਾ ਅਸਤੀਫਾ ਮੰਗਣ ਵਾਲੀ ਬੀਜੇਪੀ ਪਿਛਲੇ ਵਿਧਾਨ ਸਭਾ ਇਜਲਾਸ ਦੌਰਾਨ ਵੀ ਭਾਈਵਾਲ ਦੇ ਨਾਲ ਖੜ੍ਹੀ ਸੀ। ਇਸ ਵਾਰ ਦੇ ਇਜਲਾਸ ਲਈ ਵੀ ਬੀਜੇਪੀ ਦੀ ਨੀਤੀ ਇਹੋ ਜਾਪਦੀ ਹੈ।

Send this to a friend