ਪੰਜਾਬ ਸਰਕਾਰ ਵੱਲੋਂ ਮੇਅਰ ਤੇ ਪ੍ਰਧਾਨ ਦੇ ਅਹੁਦਿਆਂ ਦੀ ਰਾਖਵਾਂਕਰਨ ਸੂਚੀ ਜਾਰੀ

ਚੰਡੀਗੜ੍ਹ, 9 ਮਾਰਚ (ਪੀ. ਟੀ.)- ਨਗਰ ਨਿਗਮਾਂ ਦੇ ਮੇਅਰ ਅਤੇ ਨਗਰ ਕੌਂਸਲਾਂ ਅਤੇ ਪੰਚਾਇਤਾਂ ਦੇ ਪ੍ਰਧਾਨ ਦੀ ਚੋਣ ਲਈ ਰਾਖਵਾਂਕਰਨ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਇਹ ਸੂਚੀ ਹਾਲ ਹੀ ਵਿੱਚ ਸੰਪੰਨ ਹੋਈਆਂ 6 ਨਗਰ ਨਿਗਮਾਂ ਅਤੇ 122 ਨਗਰ ਕੌਂਸਲਾਂ ਤੇ ਪੰਚਾਇਤਾਂ ਦੀਆਂ ਚੋਣਾਂ ਉਪਰੰਤ ਅਹੁੇਦਦਾਰਾਂ ਦੀ ਚੋਣ ਸਬੰਧੀ ਕੀਤੀ ਗਈ ਹੈ। ਪੰਜਾਬ ਸਰਕਾਰ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ 6 ਨਗਰ ਨਿਗਮਾਂ ਦੀ ਚੋਣ ਸੰਪੰਨ ਹੋਈ ਹੈ, ਉਨ੍ਹਾਂ ਵਿੱਚੋਂ ਬਠਿੰਡਾ ਨਗਰ ਨਿਗਮ ਵਿੱਚ ਮੇਅਰ ਦਾ ਅਹੁਦਾ ਅਨੁਸੂਚਿਤ ਜਾਤੀ ਦੇ ਮੈਂਬਰ ਅਤੇ ਐਸ.ਏ.ਐਸ. ਨਗਰ (ਮੁਹਾਲੀ) ਨਗਰ ਨਿਗਮ ਵਿੱਚ ਮੇਅਰ ਦਾ ਅਹੁਦਾ ਇਸਤਰੀ ਮੈਂਬਰ ਲਈ ਰਾਖਵਾਂ ਹੈ। ਇਨ੍ਹਾਂ ਨਗਰ ਨਿਗਮਾਂ ਦੇ ਅਹੁਦੇਦਾਰਾਂ ਦੀ ਚੋਣ 2 ਅਪਰੈਲ ਤੱਕ ਕਰਵਾਉਣ ਸਬੰਧੀ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਗਏ ਹਨ। ਸਰਕਾਰੀ ਬੁਲਾਰੇ ਨੇ ਅਗਾਂਹ ਦੱਸਿਆ ਕਿ ਨਗਰ ਕੌਂਸਲਾਂ ਦੇ ਪ੍ਰਧਾਨ ਦੀ ਚੋਣ ਲਈ ਜਗਰਾਓਂ, ਜੰਡਿਆਲਾ ਗੁਰੂ, ਕਰਤਾਰਪੁਰ ਤੇ ਫਤਹਿਗੜ੍ਹ ਚੂੜ੍ਹੀਆ ਲਈ ਪ੍ਰਧਾਨ ਦਾ ਅਹੁਦਾ ਅਨੁਸੂਚਿਤ ਜਾਤੀਆਂ ਦੇ ਉਮੀਦਵਾਰ ਲਈ ਰਾਖਵਾਂ ਹੈ। ਕਪੂਰਥਲਾ, ਕੁਰਾਲੀ, ਲਹਿਰਾਗਾਗਾ ਤੇ ਗੜ੍ਹਦੀਵਾਲਾ ਨਗਰ ਕੌਂਸਲ ਵਿੱਚ ਪ੍ਰਧਾਨ ਦਾ ਅਹੁਦਾ ਇਸਤਰੀ ਮੈਂਬਰ ਅਤੇ ਮੌੜ ਤੇ ਹਰਿਆਣਾ ਲਈ ਪ੍ਰਧਾਨ ਦਾ ਅਹੁਦਾ ਪਛੜੀਆਂ ਸ਼੍ਰੇਣੀਆਂ ਦੇ ਉਮੀਦਵਾਰ ਲਈ ਰਾਖਵਾਂ ਹੈ।

Send this to a friend