ਚੰਡੀਗੜ੍ਹ, 7 ਮਾਰਚ (ਪੀ. ਟੀ.)- ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਦੱਸਿਆ ਹੈ ਕਿ 122 ਨਗਰ ਕੌਂਸਲਾਂ ਤੇ ਪੰਚਾਇਤਾਂ ਜਿੱਥੇ ਹਾਲ ਹੀ ਵਿੱਚ ਚੋਣਾਂ ਦਾ ਕੰਮ ਸੰਪੰਨ ਹੋਇਆ ਹੈ, ਦੀ 17 ਮਾਰਚ ਤੱਕ ਹਰ ਹੀਲੇ ਪਹਿਲੀ ਇਕੱਤਰਤਾ ਬੁਲਾਈ ਜਾਵੇਗੀ ਜਿਸ ਵਿੱਚ ਸਾਰੇ ਚੁਣੇ ਗਏ ਮੈਂਬਰਾਂ ਨੂੰ ਕੌਂਸਲਰ ਵਜੋਂ ਸਹੁੰ ਚੁਕਾਉਣ ਉਪਰੰਤ ਕੌਂਸਲ ਤੇ ਪੰਚਾਇਤਾਂ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਜਾਵੇਗੀ। ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਸ੍ਰੀ ਜੋਸ਼ੀ ਨੇ ਦੱਸਿਆ ਕਿ ਵਿਭਾਗ ਵੱਲੋਂ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਪੱਤਰ ਵਿੱਚ ਇਹ ਨਿਰਦੇਸ਼ ਦਿੱਤੇ ਹਨ ਕਿ ਚੁਣੇ ਗਏ ਮੈਂਬਰਾਂ ਦੇ ਨਾਂ ਸਰਕਾਰੀ ਗਜਟ ਵਿੱਚ ਪ੍ਰਕਾਸ਼ਿਤ ਹੋਣ ਜਿਹੜਾ ਕਿ 4 ਮਾਰਚ ਨੂੰ ਪ੍ਰਕਾਸ਼ਿਤ ਹੋਇਆ ਸੀ, ਦੇ 14 ਦਿਨਾਂ ਅੰਦਰ ਸਾਰੇ 122 ਨਗਰ ਕੌਂਸਲਾਂ ਤੇ ਪੰਚਾਇਤਾਂ ਦੀ ਪਹਿਲੀ ਇਕੱਤਰਤਾ ਹਰ ਹੀਲੇ ਸੱਦੀ ਜਾਵੇ ਜਿਸ ਵਿੱਚ ਮੈਂਬਰਾਂ ਵੱਲੋਂ ਸਹੁੰ ਚੁੱਕਣ ਉਪਰੰਤ
ਪਹਿਲਾਂ ਕੰਮ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਹੋਵੇਗਾ। ਇਸ ਇਕੱਤਰਤਾ ਨੂੰ ਬੁਲਾਉਣ ਦੀ ਆਖਰੀ ਮਿਤੀ 17 ਮਾਰਚ ਹੈ। ਉਨ੍ਹਾਂ ਵੀ ਦੱਸਿਆ ਕਿ ਇਸ ਚੋਣ ਵਿੱਚ ਸਬੰਧਤ ਹਲਕਾ ਵਿਧਾਇਕ ਵੀ ਸ਼ਾਮਲ ਕੀਤਾ ਜਾਵੇਗਾ ਜਿਸ ਨੂੰ ਅਹੁਦੇਦਾਰਾਂ ਦੀ ਚੋਣ ਵਿੱਚ ਵੋਟ ਦਾ ਅਧਿਕਾਰ ਪ੍ਰਾਪਤ ਹੋਵੇਗਾ। ਸ੍ਰੀ ਜੋਸ਼ੀ ਨੇ ਦੱਸਿਆ ਕਿ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਪਹਿਲੀ ਇਕੱਤਰਤਾ ਬੁਲਾਉਣ ਲਈ 48 ਘੰਟੇ ਪਹਿਲਾਂ ਨੋਟਿਸ ਜਾਰੀ ਕਰ ਕੇ ਹਰ ਚੁਣੇ ਗਏ ਮੈਂਬਰ ਅਤੇ ਸਬੰਧਤ ਹਲਕਾ ਵਿਧਾਇਕ ਨੂੰ ਇਸ ਦੀ ਜਾਣਕਾਰੀ ਦੇਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਇਕੱਤਰਤਾ ਵਿੱਚ ਸਭ ਤੋਂ ਪਹਿਲਾਂ ਸਾਰੇ ਮੈਂਬਰ ਸਹੁੰ ਚੁੱਕਣਗੇ। ਇਸ ਇਕੱਤਰਤਾ ਵਿਧਾਇਕ ਸਮੇਤ ਸਮੂਹ ਮੈਂਬਰ ਸਹੁੰ ਚੁੱਕਣ ਤੋਂ ਬਾਅਦ ਆਪਣੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਜਾਂ ਮੀਤ ਪ੍ਰਧਾਨ ਆਦਿ ਅਹੁਦੇਦਰਾਂ ਦੀ ਚੋਣ ਕਰਨਗੇ। ਵਿਭਾਗ ਨੇ ਇਹ ਵੀ ਕਿਹਾ ਹੈ ਕਿ ਪ੍ਰਧਾਨ ਦੀ ਚੋਣ ਉਪਰੰਤ ਪ੍ਰਧਾਨ ਦਾ ਨਾਂ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਕਰਵਾਉਣ ਲਈ ਵਿਭਾਗ ਦੇ ਡਾਇਰੈਕਟਰ ਨੂੰ ਭੇਜੀ ਜਾਵੇ ਅਤੇ ਮੀਟਿੰਗ ਦੇ ਕਨਵੀਨਰ ਵੱਲੋਂ ਮੀਟਿੰਗ ਦੀ ਰਿਪੋਰਟ ਵੀ ਭੇਜੀ ਜਾਵੇਗੀ।



