ਪੀੜਤਾ ਦੇ ਇਲਾਜ ਦਾ ਸਾਰਾ ਖਰਚਾ ਸੂਬਾ ਸਰਕਾਰ ਚੁੱਕੇਗੀ
ਜਲੰਧਰ/ਚੰਡੀਗੜ੍ਹ, 7 ਮਾਰਚ- ਲੰਘੇ ਬੁੱਧਵਾਰ ਨੂੰ ਗੁਰਦਾਸਪੁਰ ਵਿੱਚ ਸਕੂਲ ਵਿਦਿਆਰਥਣ ’ਤੇ ਤੇਜ਼ਾਬ ਸੁੱਟਣ ਦੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਦਿਲ ਦਹਿਲਾਉਣ ਵਾਲੀ ਇਸ ਘਟਨਾ ਦੀ ਪੀੜਤਾ ਲਈ ਮਾਲੀ ਮੁਆਵਜ਼ੇ ਤੋਂ ਇਲਾਵਾ ਉਸ ਦੇ ਇਲਾਜ ਦਾ ਸਾਰਾ ਖਰਚਾ ਸਰਕਾਰ ਵੱਲੋਂ ਚੁੱਕਣ ਦਾ ਐਲਾਨ ਕੀਤਾ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਕਿਹਾ ਕਿ ਸ. ਬਾਦਲ ਨੇ ਤੇਜ਼ਾਬ ਪੀੜਤ ਵਿਦਿਆਰਥਣ ਰਜਿੰਦਰ ਕੌਰ ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਇਹ ਅਭਾਗੀ ਲੜਕੀ ਮਨੁੱਖਤਾ ਖਾਸ ਕਰਕੇ ਔਰਤਾਂ ਖਿਲਾਫ਼ ਸੰਗੀਨ ਜ਼ੁਰਮ ਦੀ ਇਕ ਹੋਰ ਪੀੜਤਾ ਬਣ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਘੋਰ
ਅਪਰਾਧ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿਵਾਉਣ ਲਈ ਸੂਬਾ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ। ਸ. ਬਾਦਲ ਨੇ ਕਿਹਾ ਕਿ ਅਜਿਹੇ ਅਪਰਾਧੀਆਂ ਲਈ ਰਹਿਮ ਦੀ ਕੋਈ ਥਾਂ ਨਹੀਂ ਅਤੇ ਇਨ੍ਹਾਂ ਲੋਕਾਂ ਨੂੰ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ ਤਾਂ ਕਿ ਇਸ ਨਾਲ ਬਾਕੀਆਂ ਨੂੰ ਵੀ ਸਬਕ ਮਿਲ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਪੀੜਤ ਵਿਦਿਆਰਥਣ ਦੇ ਪਰਿਵਾਰ ਨੂੰ ਪੂਰਨ ਸਹਿਯੋਗ ਤੇ ਮਦਦ ਮੁਹੱਈਆ ਕਰਵਾਏਗੀ। ਸ. ਬਾਦਲ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਇਸ ਤੇਜ਼ਾਬ ਪੀੜਤ ਵਿਦਿਆਰਥਣ ਦੇ ਇਲਾਜ ਦਾ ਸਾਰਾ ਖਰਚਾ ਚੁੱਕੇਗੀ। ਉਨ੍ਹਾਂ ਇਹ ਵੀ ਆਖਿਆ ਕਿ ਸੂਬਾ ਸਰਕਾਰ ਦੀ ਨੀਤੀ ਮੁਤਾਬਕ ਪੀੜਤਾ ਨੂੰ ਵਿੱਤੀ ਮੁਆਵਜ਼ਾ ਵੀ ਦਿੱਤਾ ਜਾਵੇਗਾ ਜਿਸ ਅਨੁਸਾਰ ਚਿਹਰੇ ਵਿੱਚ ਵਿਗਾੜ ਆ ਜਾਣ ਦੀ ਸੂਰਤ ਵਿੱਚ ਤੇਜ਼ਾਬ ਪੀੜਤਾ ਨੂੰ ਤਿੰਨ ਲੱਖ ਰੁਪਏ ਅਤੇ ਜ਼ਖਮੀ ਤੇ ਹੋਰ ਮਾਮਲਿਆਂ ਵਿੱਚ 50,000 ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਬਾਰ੍ਹਵੀਂ ਕਾਲਸ ਦੀ ਇਸ ਪੀੜਤ ਵਿਦਿਆਰਥਣ ਨੂੰ ਪ੍ਰੀਖਿਆ ਲਈ ਵਿਸ਼ੇਸ਼ ਮੌਕਾ ਦੇਣ ਦਾ ਐਲਾਨ ਕੀਤਾ ਹੈ ਤਾਂ ਕਿ ਬਾਕੀ ਵਿਦਿਆਰਥੀਆਂ ਦੇ ਨਾਲ ਹੀ ਉਸ ਦਾ ਨਤੀਜਾ ਐਲਾਨਿਆ ਜਾ ਸਕੇ।



