ਬਰਨਾਲਾ, 4 ਮਾਰਚ (ਸੂਦ, ਬਾਂਸਲ)- ਪੰਜਾਬ ਵਿੱਚ ਕਿਸੇ ਵੀ ਕੀਮਤ ’ਤੇ ਕੋਈ ਵੀ ਬੁੱਚੜਖਾਨਾ ਬਣਨ ਨਹੀਂ ਦੇਵਾਂਗੇ, ਜੇ ਕਿਸੇ ਨੇ ਧੱਕੇਸ਼ਾਹੀ ਨਾਲ ਬੁੱਚੜਖਾਨੇ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਬੁੱਚੜਖਾਨੇ ਸਮੇਤ ਉਸ ਦੇ ਮਾਲਕ ਨੂੰ ਵੀ ਫੂਕ ਦਿੱਤਾ ਜਾਵੇਗਾ। ਇਹ ਗੱਲ ਗਊ ਰਕਸਾ ਦਲ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਸ਼ਰਮਾ ਰਾਜਪੁਰਾ ਨੇ ਬਰਨਾਲਾ ਦੇ ਗਊ ਰਕਸਾ ਦਲ ਦੇ ਸੀਨੀਅਰ ਉਪ ਪ੍ਰਧਾਨ ਇੰਦਰਜੀਤ ਬਾਂਸਲ ਦੇ ਦਫ਼ਤਰ ਵਿਖੇ ਪ੍ਰੈਸਵਾਰਤਾ ਕਰਦੇ ਹੋਏ ਕਹੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਵਿਸ਼ਵਾਸ ਦਿਵਾਇਆ ਸੀ ਕਿ ਉਹ ਰਾਜਸਥਾਨ ਸਰਕਾਰ ਵੱਲੋਂ ਬੁੱਚੜਖਾਨੇ ਬੰਦ ਕਰਨ ਲਈ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਉਸ ਦੀ ਕਾਪੀ ਲਿਆ ਕੇ ਦੇ ਦੇਣ ਤਾਂ ਅਸੀਂ ਵੀ ਪੰਜਾਬ ਵਿੱਚ ਸਾਰੇ ਬੁੱਚੜਖਾਨੇ ਬੰਦ ਕਰ ਦੇਵਾਂਗੇ। ਅਸੀਂ ਬਾਦਲ ਸਾਹਿਬ ਨੂੰ ਉਹ ਨੋਟੀਫਿਕੇਸ਼ਨ ਦੀ ਕਾਪੀ ਲਿਆਕੇ ਦੇ ਦਿੱਤੀ ਹੈ ਜੇ ਫਿਰ ਵੀ ਸਰਕਾਰ ਨੇ ਬੁੱਚੜਖਾਨੇ ਬਣਨ
ਤੋਂ ਨਾ ਰੋਕਿਆ ਤਾਂ ਅਸੀਂ ਪੰਜਾਬ ਦੇ ਬੁੱਚੜਖਾਨਿਆਂ ਨੂੰ ਫੂਕ ਦੇਵਾਂਗੇ। ਅਤੇ ਕਿਸੇ ਵੀ ਕੀਮਤ ’ਤੇ ਕੋਈ ਵੀ ਬੁੱਚੜਖਾਨਾ ਨਹੀਂ ਖੋਲ੍ਹਣ ਦੇਵਾਂਗੇ। ਚਾਹੇ ਉਸ ਦੇ ਲਈ ਸਾਨੂੰ ਕਿੰਨੀ ਵੀ ਵੱਡੀ ਕੁਰਬਾਨੀ ਕਿਉਂ ਨਾ ਦੇਣੀ ਪਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੋ ਰਹੀ ਗਊਵੰਸ ਦੀ ਤਸਕਰੀ ’ਤੇ ਰੋਕ ਲਗਾਉਣ ਲਈ ਆਪਣੀ ਮੁਹਿਮ ਤੇਜ ਕਰ ਦਿੱਤੀ ਗਈ ਹੈ। ਜਿਸ ਦੇ ਤਹਿਤ ਪੰਜਾਬ ਦੀ ਸੀਮਾਵਾਂ ’ਤੇ ਨਾਕਾਬੰਦੀ ਕਰਕੇ ਯੋਜਨਾ ਬਣਾਈ ਜਾ ਰਹੀ ਹੈ ਤਾਂ ਕਿ ਕਿਸੇ ਵੀ ਤਸਕਰ ਨੂੰ ਗਊਵੰਸ ਦੀ ਤਸਕਰੀ ਕਰਨ ਤੋਂ ਰੋਕਿਆ ਜਾ ਸਕੇ। ਇਸ ਸਬੰਧੀ ਅੱਜ ਉਨ੍ਹਾਂ ਨੇ ਬਰਨਾਲਾ ਦੇ ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਨਾਲ ਵੀ ਮੁਲਾਕਾਤ ਕਰਦੇ ਹੋਇਆਂ ਤਸਕਰੀ ਬਾਰੇ ਜਾਣਕਾਰੀ ਦਿੱਤੀ। ਜਿਸ ’ਤੇ ਸ. ਘੁੰਮਣ ਨੇ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਜ਼ਿਲ੍ਹਾ ਬਰਨਾਲਾ ਇਲਾਕੇ ਵਿੱਚ ਕਿਸੇ ਨੂੰ ਵੀ ਗਊਵੰਸ ਦੀ ਤਸਕਰੀ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਗੁਰਪ੍ਰੀਤ ਸਿੰਘ ਕੌਮੀ ਜਨਰਲ ਸਕੱਤਰ, ਰਾਕੇਸ਼ ਕੁਮਾਰ ਵਿੱਕੀ, ਕਰਮ ਸਿੰਘ ਤੋਂ ਇਲਾਵਾ ਗਊ ਰਕਸਾ ਦਲ ਪੰਜਾਬ ਦੇ ਅਨਿਲ ਕੁਮਾਰ ਨਾਣਾ, ਸਟੇਟ ਸਕੱਤਰ ਵਕੀਲ ਚੰਦ ਗੋਇਲ, ਸੀਨੀਅਰ ਉਪ ਪ੍ਰਧਾਨ ਇੰਦਰਜੀਤ ਬਾਂਸਲ, ਅਸ਼ੋਕ ਕੁਮਾਰ, ਦਸਮੇਸ਼ ਮਿੱਤਲ, ਰੋਹਿਤ ਬਾਂਸਲ, ਗਗਨ ਗੋਇਲ ਅਤੇ ਦੀਪਕ ਮਿੱਤਲ ਆਦਿ ਵੀ ਹਾਜ਼ਰ ਸਨ।



