ਨਵਾਂਸ਼ਹਿਰ, 26 ਫ਼ਰਵਰੀ-(ਵਿਜੇ ਜਯੋਤੀ)- ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਨੇ ਆਪਣੀ, ਸਹਿਕਾਰੀ ਮਿੱਲਾਂ ਵਿੱਚੋਂ ਸਭ ਤੋਂ ਵਧੀਆ ਕਾਰਜਸ਼ੈਲੀ ਨੂੰ ਬਰਕਰਾਰ ਰੱਖਦਿਆਂ ਇਸ ਵਾਰ ਚਾਲੂ ਸੀਜ਼ਨ ਦੌਰਾਨ 24.10 ਲੱਖ ਕੁਇੰਟਲ ਗੰਨਾ ਪੀੜ ਦਿੱਤਾ ਹੈ। ਮਿੱਲ ਵੱਲੋਂ ਇਸ ਸਾਲ ਪਿਛਲੇ ਸਾਲ ਦੇ 33 ਲੱਖ ਕੁਇੰਟਲ ਦੇ ਟੀਚੇ ਦੇ ਮੁਕਾਬਲੇ 35 ਲੱਖ ਕੁਇੰਟਲ ਦੀ ਪਿੜਾਈ ਦਾ ਟੀਚਾ ਮਿੱਥਿਆ ਹੋਇਆ ਹੈ। ਮਿੱਲ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਚੇਅਰਮੈਨ ਸ. ਰਣਜੀਤ ਸਿੰਘ ਝਿੰਗੜ ਅਨੁਸਾਰ ਇਸ ਵਾਰ ਜ਼ਿਲ੍ਹੇ ਵਿੱਚ ਗੰਨੇ ਦੀ ਬੰਪਰ ਫ਼ਸਲ ਦੀ ਪਿੜਾਈ ਦੇ ਮੱਦੇਨਜ਼ਰ, ਚਾਲੂ ਪਿੜਾਈ ਸੀਜ਼ਨ ਅਪਰੈਲ ਤੱਕ ਚੱਲਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਖੰਡ ਮਿੱਲ ਵੱਲੋਂ ਆਪਣੇ ਗੰਨਾ ਉਤਪਾਦਕਾਂ ਦੇ ਹਿੱਤਾਂ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ। ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਲਈ ਮਿੱਲ ਨੇ ਲਗਪਗ 36.50 ਲੱਖ ਕੁਇੰਟਲ ਗੰਨੇ ਦਾ ਬੌਂਡ ਕੀਤਾ ਹੈ
ਅਤੇ ਲਗਪਗ 35.00 ਲੱਖ ਕੁਇੰਟਲ ਗੰਨਾ ਮਿੱਲ ਨੂੰ ਹਾਸਲ ਹੋਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਇਸ ਸੀਜ਼ਨ ਤੋਂ ਗੰਨੇ ਦੀ ਅਦਾਇਗੀ ਬੈਂਕਾਂ ਦੁਆਰਾ ਆਨਲਾਇਨ ਵਿਧੀ ਰਾਹੀਂ ਸ਼ੁਰੂ ਕੀਤੀ ਗਈ ਹੈ ਅਤੇ ਹੁਣ ਤੱਕ 24.89 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬੋਰਡ ਵੱਲੋਂ ਹਾਲ ਹੀ ਵਿੱਚ ਬੰਦ ਪਈ ਕਿਸਾਨ ਸਵੈ ਇੱਛਾ ਭਲਾਈ ਸਕੀਮ ਜਿਸ ਵਿੱਚ ਗੰਨਾ ਕਾਸ਼ਤਕਾਰਾਂ ਨੂੰ ਮਿੱਲ ਨੂੰ ਗੰਨੇ ਲੈ ਕੇ ਆਉਦੇ ਜਾਂ ਵਾਪਸ ਜਾਂਦੇ ਸਮੇਂ ਕਿਸੇ ਵੀ ਤਰ੍ਹਾ ਦੀ ਵਾਪਰੀ ਦੁਰਘਟਨਾ ਲਈ ਬਣਦਾ ਯੋਗ ਮੁਆਵਜਾ ਦੇਣਾ ਸ਼ੁਰੂ ਕੀਤਾ ਗਿਆ ਹੈ ਅਤੇ ਕਿਸਾਨਾਂ ਨੂੰ 25 ਫੀਸਦੀ ਸਬਸਿਡੀ ’ਤੇ ਬੀਜ ਸੋਧ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਖੰਡ ਮਿੱਲ ਵੱਲੋਂ ਚਾਲੂ ਪਿੜਾਈ ਸੀਜ਼ਨ ਦੌਰਾਨ ਹੁਣ ਤੱਕ 2.05 ਲੱਖ ਬੋਰੀਆਂ ਚੀਨੀ ਬਣਾਈ ਜਾ ਚੁੱਕੀ ਹੈ ਜਦਕਿ ਚੀਨੀ ਦੀ ਰਿਕਵਰੀ ਵੀ ਪ੍ਰਤੀ ਕੁਇੰਟਲ ਪਿੱਛੇ 9.10 ਕਿਲੋਗ੍ਰਾਮ ਬੇਹਤਰ ਹੈ। ਚੇਅਰਮੈਨ ਸ੍ਰੀ ਝਿੰਗੜ ਅਨੁਸਾਰ ਮਿੱਲ ਦੇ ਬੋਰਡ ਆਫ ਡਾਇਰੈਕਟਰਜ਼ ਵੱਲੋਂ ਅਗਲੇ ਪਿੜਾਈ ਸੀਜ਼ਨ ਵਾਸਤੇ 31.50 ਲੱਖ ਰੁਪਏ ਦੀ ਗੰਨਾ ਵਿਕਾਸ ਯੋਜਨਾ (ਕੇਨ ਡਿਵੈਲਪਮੈਂਟ ਪਲਾਨ) ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਤਹਿਤ ਗੰਨਾ ਉਪਤਾਦਕਾਂ ਨੂੰ ਖਾਦ, ਦਵਾਈਆਂ ਤੇ ਬੀਜ ਸਬਸਿਡੀ ਤੋਂ ਇਲਾਵਾ ਵਪਾਰਕ ਬੈਂਕਾਂ ਤੋਂ ਇੱਕ ਲੱਖ ਰੁਪਏ ਤੱਕ ਦੇ ਕਰਜ਼ ਦੀ ਵਿਆਜ ਰਹਿਤ ਸੁਵਿਧਾ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਇਹ ਯੋਜਨਾ 23.95 ਲੱਖ ਰੁਪਏ ਦੀ ਸੀ, ਜਿਸ ਵਿੱਚ ਇਸ ਵਾਰ 31.52 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ।



