ਸੁਨਾਮ, 24 ਫਰਵਰੀ-ਡੀ.ਐਸ.ਪੀ. ਸ. ਜਗਤਪ੍ਰੀਤ ਸਿੰਘ ਨੇ ਪੰਜਾਬ ਟਾਇਮਜ਼ ਦੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਚੋਣਾਂ ਬੜੇ ਸ਼ਾਂਤਮਈ ਢੰਗ ਨਾਲ ਕਰਵਾਈਆਂ ਜਾਣਗੀਆਂ। ਉਹ ਅੱਜ ਪੁਲਿਸ ਨੂੰ ਸੁਰੱਖਿਆ ਸਬੰਧੀ ਕੁਝ ਨੁਕਤੇ ਦੱਸਣ ਲਈ ਅਤੇ ਡਿਊਟੀਆਂ ਲਗਾਉਣ ਲਈ ਉਨ੍ਹਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਪੁਲਿਸ ਮੁਲਾਜਮ ਕਿਸੇ ਵੀ ਪਾਰਟੀ ਨਾਲ ਪੱਖਪਾਤ ਨਾ ਕਰਨ। ਅਗਰ ਕੋਈ ਦਿੱਕਤ ਆਉਂਦੀ ਹੈ, ਤਾਂ ਉਸ ਦੀ ਸੂਚਨਾ ਤੁਰੰਤ ਕੰਟਰੋਲ ਰੂਮ ਨੂੰ ਦਿੱਤੀ ਜਾਵੇ। ਸੁਰੱਖਿਆ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸਾਰੇ ਮੁਲਾਜਮਾਂ ਨੂੰ ਵੋਟਾਂ ਸ਼ਾਂਤਮਈ ਢੰਗ ਨਾਲ ਪਵਾਉਣ ਲਈ ਟ੍ਰੇਨਿੰਗ ਦਿੱਤੀ ਗਈ ਹੈ। ਉਹ ਪਿਛਲੇ ਸਮੇਂ ਵਿਚ ਇਸ ਸ਼ਹਿਰ ਵਿਚ ਹੋਈਆਂ ਵੋਟਾਂ ਬਾਰੇ ਵੀ ਜਾਣੂੰ ਹਨ। ਉਹ ਇਨ੍ਹਾਂ ਵੋਟਾਂ ਵਿਚ ਅਜਿਹਾ ਮਹੌਲ ਪੈਦਾ ਨਹੀਂ
ਹੋਣ ਦੇਣਗੇ। ਸ਼ਹਿਰ ਵਾਸੀਆਂ ਨੂੰ ਸ਼ਾਂਤਮਈ ਵਾਤਾਵਰਣ ਅਤੇ ਉਨ੍ਹਾਂ ਦੇ ਵੋਟ ਪਾਉਣ ਦਾ ਅਧਿਕਾਰ ਸ਼ਾਂਤਮਈ ਤਰੀਕੇ ਨਾਲ ਦੇਣਾ ਪ੍ਰਸ਼ਾਸਨ ਦਾ ਕੰਮ ਹੈ। ਪ੍ਰਸ਼ਾਸਨ ਇਸ ਪ੍ਰਤੀ ਪੂਰੀ ਤਰ੍ਹਾਂ ਸੂਚੇਤ ਹੈ। ਉਹ ਕਿਸੇ ਵੀ ਉਮੀਦਵਾਰ ਨਾਲ ਕਿਸੇ ਕਿਸਮ ਦਾ ਧੱਕਾ ਨਹੀਂ ਹੋਣ ਦੇਣਗੇ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੰਵਿਧਾਨ ਦੀ ਪੂਰੀ ਪਾਲਣਾਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਬਜੁਰਗ ਅਤੇ ਅੰਗਹੀਣ ਵਿਅਕਤੀਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਉਣ ਲਈ ਵੀ ਪੁਲਿਸ ਮੁਲਾਜਮਾਂ ਨੂੰ ਹਦਾਇਤ ਕੀਤੀ। ਸ਼ਹਿਰ ਵਿਚ ਪੁਲਿਸ ਵੱਲੋਂ ਪੈਟਰੋਲਿੰਗ ਕੀਤੀ ਜਾ ਰਹੀ ਹੈ, ਤਾਂ ਕਿ ਕੋਈ ਵੀ ਗਲਤ ਅੰਸਰ ਇਸ ਸ਼ਾਂਤਮਈ ਮਹੌਲ ਵਿਚ ਵਿਘਨ ਨਾ ਪਾ ਸਕੇ।



