ਸੰਗਰੂਰ, 23 ਫਰਵਰੀ (ਹਰਜੀਤ ਸਿੰਘ ਹਸਨਪੁਰੀ)- ਅੱਜ ਸਵੇਰੇ ਸਥਾਨਕ ਕਿਲ੍ਹਾ ਰਹਿਮਤਗੜ੍ਹ ਨੇੜੇ ਡਰੇਨ ਦੇ ਨਾਲੇ ‘ਚੋਂ ਵਾਰਡ ਨੰਬਰ 6 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕਾਮਰੇਡ ਮੁਹੰਮਦ ਇਸਮਾਈਲ ਤੇ ਵਾਰਡ ਨੰਬਰ 9 ਤੋਂ ਆਜ਼ਾਦ ਉਮੀਦਵਾਰ ਰੁਲਦੂ ਦੀ 25 ਸਾਲਾ ਭਤੀਜੀ ਦੀ ਮਿਲੀ ਅਲਫ਼ ਨੰਗੀ ਲਾਸ਼ ਕਾਰਨ ਇਲਾਕੇ ਅੰਦਰ ਸਨਸਨੀ ਫੈਲ ਗਈ।ਲੜਕੀ ਦਾ ਨਾਂ ਸਾਬਰੀ ਪੁੱਤਰੀ ਫਕੀਰੀਆ ਵਾਸੀ ਮੁਹੱਲਾ ਤਕੀਆ (ਕਿਲ੍ਹਾ ਰਹਿਮਤਗੜ੍ਹ) ਦੱਸਿਆ ਜਾਂਦਾ ਹੈ।ਆਪਣੀ ਮੁਟਿਆਰ ਭਤੀਜੀ ਦੀ ਇਸ ਭੇਦਭਰੀ ਮੌਤ ਨੂੰ ਇਕ ਘਿਨੌਣਾਂ ਕਤਲ ਦੱਸਦਿਆਂ ਕਾਮਰੇਡ ਇਸਮਾਈਲ ਨੇ ਸ਼ੱਕ ਜ਼ਾਹਿਰ ਕੀਤਾ ਕਿ ਇਹ ਕਰਤੂਤ ਉਨ੍ਹਾਂ ਦੇ ਵਿਰੋਧੀਆਂ ਦੀ ਸਾਜ਼ਿਸ਼ ਵੀ ਹੋ ਸਕਦੀ ਹੈ ਤਾਂ ਜੋ ਦੋ ਵਾਰਡਾਂ ‘ਚੋਂ ਚੋਣ ਲੜ ਰਹੇ ਪਰਿਵਾਰ ਨੂੰ ਉਲਝਾਇਆ ਜਾ ਸਕੇ।
ਉਨ੍ਹਾਂ ਮੰਗ ਕੀਤੀ ਕਿ ਇਸ ਕਤਲ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਘਟਨਾ ਦਾ ਪਤਾ ਲੱਗਦਿਆਂ ਹੀ ਡਿਪਟੀ ਐਸ.ਪੀ. ਵਿਲੀਅਮ ਜੇਜੀ ਤੇ ਦੋਵੇਂ ਥਾਣਾ ਮੁਖੀ ਹਰਿੰਦਰ ਸਿੰਘ ਤੇ ਮਨਧੀਰ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚ ਗਏ। ਪੁਲਿਸ ਅਧਿਕਾਰੀਆਂ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਮਲੇਰਕੋਟਲਾ ਭੇਜ ਦਿੱਤਾ।ਡਿਪਟੀ ਐਸ.ਪੀ. ਵਿਲੀਅਮ ਜੇਜੀ ਨੇ ਇਸ ਭੇਦਭਰੀ ਹਾਲਤ ‘ਚ ਮਿਲੀ ਮੁਟਿਆਰ ਕੁੜੀ ਦੀ ਲਾਸ਼ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਮੌਕਾ-ਏ-ਵਾਰਦਾਤ ਤੋਂ ਲੋੜੀਂਦੇ ਸਬੂਤ ਇਕੱਠੇ ਕਰ ਰਹੀ ਹੈ ਤੇ ਲਾਸ ਦੀ ਪੋਸਟ ਮਾਰਟਮ ਰਿਪੋਰਟ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ।



