ਰੈਲੀ ’ਚ ਸਪਸ਼ਟ ਚਿਤਾਵਨੀ ਕਿ ਹਮਲਾਵਰਾਂ ਦੀ ਗ੍ਰਿਫ਼ਤਾਰੀ ਨਾ ਹੋਈ ਤਾਂ ਸੰਘਰਸ਼ ਦੀ ਲਾਟ ਹੋਵੇਗੀ ਹੋਰ ਪ੍ਰਚੰਡ
‘ਆਪ’ ਨੇ ਕੀਤਾ ਸੰਘਰਸ਼ ਨੂੰ ਪੰਜਾਬ ਭਰ ’ਚ ਫ਼ੈਲਾਉਣ ਦਾ ਐਲਾਨ
ਜੈਤੋ, 21 ਫਰਵਰੀ (ਜੋਗਿੰਦਰ ਕਾਲੜਾ)- ਐਕਸ਼ਨ ਕਮੇਟੀ ਜੈਤੋ ਦੇ ਸੱਦੇ ’ਤੇ ਅੱਜ ਦੇ ‘ਜੈਤੋ ਬੰਦ’ ਨੂੰ ਭਰਵਾਂ ਹੁੰਗਾਰਾ ਮਿਲਿਆ। ਇਹ ਸੱਦਾ ਡਾ: ਹਰੀਸ਼ ਚੰਦਰ ’ਤੇ ਹਮਲਾ ਕਰਨ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਹੋਣ ਦੇ ਪ੍ਰਤੀਕਰਮ ’ਚ ਰੋਸ ਵਜੋਂ ਦਿੱਤਾ ਗਿਆ। ਬੰਦ ਮੌਕੇ ਖੱਬੀ ਵਿਚਾਰਧਾਰਾ ਨੂੰ ਪ੍ਰਣਾਈਆਂ ਦਰਜਨਾਂ ਜਥੇਬੰਦੀਆਂ ਦੇ ਆਗੂ ਪੁੱਜੇ। ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਸਮੇਤ ਆਮ ਆਦਮੀ ਪਾਰਟੀ ਦੇ ਕਈ ਆਹਲਾ ਆਗੂ ਵੀ ਇਥੇ ਆਏ। ਜਥੇਬੰਦੀਆਂ ਵੱਲੋਂ ਸਵੇਰੇ ਸ਼ਹਿਰ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ। ਸਾਰੇ ਬਾਜ਼ਾਰਾਂ ਦਾ ਚੱਕਰ ਲਾਉਣ ਮਗਰੋਂ ਸ਼ਹਿਰ ਦੀ ਧੁੰਨੀ ਅਖਵਾਉਂਦੇ ਚੌਕ ਨੰਬਰ ਇਕ ਵਿਚ ਕਰੀਬ ਚਾਰ ਘੰਟੇ ਲੰਮੇਰੀ ਲਾ-ਮਿਸਾਲ ਰੈਲੀ ਹੋਈ। ਇਥੇ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ ਨੇ ਕਿਹਾ ਕਿ ਹਾਕਮਾਂ ਨੇ ਆਪਣੀ ਸਰਦਾਰੀ ਕਾਇਮ ਰੱਖਣ ਲਈ ਜੋ ਸ਼ੇਰ ਛੱਡੇ ਹੋਏ ਹਨ, ਅਸੀਂ ਉਨ੍ਹਾਂ ਦੇ ਦੰਦ ਖੱਟੇ ਕਰਨੇ ਹਨ। ਉਨ੍ਹਾਂ ਆਖਿਆ ਕਿ ਜੈਤੋ ਅੰਦਰ ਡਾ: ਹਰੀਸ਼ ਨਾਲ ਜੋ ਜਬਰ, ਜ਼ੁਲਮ ਦਾ ਕਿੱਸਾ ਵਾਪਰਿਆ ਹੈ, ਉਹ ਇਸ ਜ਼ੁਲਮ ’ਚੋਂ ਉੱਭਰੀ ਤਹਿਰੀਕ ਨੂੰ ਪੂਰੇ ਪੰਜਾਬ ਵਿਚ ਲੈ ਕੇ ਜਾਣਗੇ। ਉਨ੍ਹਾਂ ਆਖਿਆ ਕਿ ਸੱਤਾਧਾਰੀ ਬੁਖ਼ਲਾਹਟ ਵਿਚ ਆ ਕੇ ਜਮਹੂਰੀ ਕਾਇਦੇ ਨੂੰ ਭੁੱਲ ਗਏ ਹਨ, ਅਸੀਂ ਲੋਕ ਲਹਿਰਾਂ ਦੇ ਵੇਗ ਨੂੰ ਚਲਾ ਕੇ ਇਨ੍ਹਾਂ ਨੂੰ ਗੱਦੀਓਂ ਲਾਹਾਂਗੇ। ਉਨ੍ਹਾਂ ਕਿਹਾ ਕਿ ਜਦੋਂ ਵੀ ਲੋਕ ਹੱਕ, ਸੱਚ ਲਈ ਉਠਦੇ ਹਨ ਤਾਂ ਕ੍ਰਿਸ਼ਮੇ ਹੁੰਦੇ ਹਨ। ‘ਆਪ’ ਦੇ ਸੂਬਾਈ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੇ ਹਕੂਮਤੀ ਦਹਿਸ਼ਤਗਰਦੀ ਦਾ ਭੋਗ ਪਾਉਣ ਦੀ ਸ਼ੁਰੂਆਤ ਇਤਿਹਾਸਕ ਧਰਤੀ ਜੈਤੋ ਤੋਂ ਅੱਜ ਕਰ ਦਿੱਤੀ ਹੈ। ਇਥੇ ਹਜ਼ਾਰਾਂ ’ਚ ਜੁੜਿਆ ਇਕੱਠ ਉਸ ਫ਼ਿਲਮ ਦਾ ਮਾਤਰ ਟਰੇਲਰ ਹੈ, ਜਿਸ ਦੀ ਚਿੰਗਾਰੀ ਫੁੱਟਣ ਨਾਲ ਸਾਰੇ ਪੰਜਾਬ ’ਚ ਪਟਾਕੇ ਚੱਲਣਗੇ। ਐਕਸ਼ਨ ਕਮੇਟੀ ਜੈਤੋ ਦੇ ਕਨਵੀਨਰ ਮਾਸਟਰ ਜਗਤਾਰ ਸਿੰਘ ਨੇ ਦੋਸ਼ ਲਾਇਆ ਕਿ ਹਮਲਾਵਰ ਸ਼ਰ੍ਹੇਆਮ ਘੁੰਮ ਰਹੇ ਹਨ। ਇਨ੍ਹਾਂ ’ਚੋਂ ਕੁਝ ਕੌਂਸਲ ਚੋਣਾਂ ਲੜ ਰਹੇ ਹਨ ਪਰ ਪੁਲੀਸ ਦੇ ‘ਬੇਬਸੀ’ ਪੂਰੀ ਕਹਾਣੀ ਨੂੰ ਖੁਦ ਸਪਸ਼ਟ ਕਰਦੀ ਹੈ। ਆਗੂਆਂ ਇਲਜ਼ਾਮ ਲਾਏ ਕਿ ਕੌਂਸਲ ਚੋਣਾਂ ’ਚ ਉਮੀਦਵਾਰਾਂ ਨੂੰ ਧਮਕਾਇਆ ਜਾ ਰਿਹਾ ਹੈ, ਪੁਲੀਸ ਅਧਿਕਾਰੀਆਂ ਹੱਥੀਂ ਨਾਮਜ਼ਦਗੀ ਪੱਤਰ ਖੋਹੇ ਗਏ ਹਨ। ਭਾਕਿਯੂ (ਕ੍ਰਾਂਤੀਕਾਰੀ) ਦੇ ਜ਼ਿਲ੍ਹਾ ਪ੍ਰਧਾਨ ਸਰਮੁਖ ਸਿੰਘ, ਜਨਰਲ ਸਕੱਤਰ ਨਾਇਬ ਸਿੰਘ ਭਗਤੂਆਣਾ
, ਭਾਕਿਯੂ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ, ਭਾਕਿਯੂ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਸਿਕੰਦਰ ਅਜਿੱਤਗਿੱਲ, ਬਲਰਾਜ ਗੁਰੂਸਰ, ਸਰਬਣ ਪੰਜਗਰਾਈਂ, ਸੋਨੀ ਕਾਂਸਲ, ਜਸਵਿੰਦਰ ਸਿੰਘ ਜੇਈ, ਸੂਰਜ ਭਾਨ, ਐਕਸ਼ਨ ਕਮੇਟੀ ਫ਼ਰੀਦਕੋਟ ਦੇ ਦਲੀਪ ਸਿੰਘ ਆਦਿ ਆਗੂਆਂ ਨੇ ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਦੇ ਨਾਂਅ ਘਟਨਾ ਨਾਲ ਜੋੜ ਕੇ ਹਕੂਮਤ ’ਤੇ ਸਿੱਧੇ ਨਿਸ਼ਾਨੇ ਜੜੇ। ਉਨ੍ਹਾਂ ਆਖਿਆ ਕਿ ਡਾ: ਹਰੀਸ਼ ’ਤੇ ਹਮਲਾ, ਸੱਚ ਦੀ ਆਵਾਜ਼ ਦਾ ਗਲ਼ਾ ਘੁੱਟਣ ਦਾ ਮਾਮਲਾ ਹੈ। ਡਾ: ਹਰੀਸ਼ ’ਤੇ ਹਮਲਾ ਇਸ ਕਰਕੇ ਹੋਇਆ ਕਿਉਂਕਿ ਉਹ ਭਾਰਤੀ ਸੰਵਿਧਾਨ ਦੇ ਦਿੱਤੇ ਕਾਨੂੰਨ ਦੇ ਅਧਿਕਾਰ ਰਾਹੀਂ ਭ੍ਰਿਸ਼ਟਾਚਾਰੀਆਂ ਦੇ ਭ੍ਰਿਸ਼ਟਾਚਾਰ ਨੂੰ ਨੰਗਾ ਕਰਦਾ ਸੀ। ਉਨ੍ਹਾਂ ਕਿਹਾ ਕਿ 13 ਫਰਵਰੀ ਨੂੰ ਜੈਤੋ ’ਚ ਰੋਸ ਮਾਰਚ ਹੋਣ ਮਗਰੋਂ ਅੱਜ ਲਾ-ਮਿਸਾਲ ਬੰਦ ਨੇਪਰੇ ਚੜ੍ਹਿਆ। ਆਗੂਆਂ ਕਿਹਾ ਕਿ ਜੇ ਪ੍ਰਸ਼ਾਸਨ ਹੁਣ ਵੀ ਹਰਕਤ ਵਿਚ ਨਾ ਆਇਆ ਤਾਂ 24 ਫਰਵਰੀ ਨੂੰ ਐਕਸ਼ਨ ਕਮੇਟੀ ਦੀ ਮੀਟਿੰਗ ਵਿਚ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਬੁਲਾਰਿਆਂ ਨੇ ਘਟਨਾ ਦੇ ਕਥਿਤ ਜ਼ਿੰਮੇਵਾਰ ਅਕਾਲੀ ਅਤੇ ਭਾਜਪਾ ਦੇ ਆਗੂਆਂ ਦਾ ਵਾਰ-ਵਾਰ ਨਾਂਅ ਲਿਆ ਅਤੇ ਇਨ੍ਹਾਂ ਨਾਵਾਂ ਨੂੰ ਲੱਗਦੇ ਨਾਹਰਿਆਂ ਰਾਹੀਂ ਵੀ ਜਨਤਕ ਕੀਤਾ। ਆਗੂਆਂ ਆਖਿਆ ਕਿ ਰਾਜਸੀ ਛਤਰ ਛਾਇਆ ਸਿਰ ਉਪਰ ਹੋਣ ਕਰ ਕੇ ਹਮਲਾ ਕਰਨ ਵਾਲਿਆਂ ਨੂੰ ਪੁਲੀਸ ਹੱਥ ਪਾਉਣ ਤੋਂ ਜਰਕ ਰਹੀ ਹੈ। ਆਗੂਆਂ ਸਪਸ਼ਟ ਕੀਤਾ ਕਿ ਇਕ-ਇਕ ਹਮਲਾਵਰ ਦੀ ਗ੍ਰਿਫ਼ਤਾਰੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਅੱਜ ਦੇ ਅੰਦੋਨਨ ਵਿਚ ਵਿਚ ਆਮ ਆਦਮੀ ਪਾਰਟੀ ਦੇ ਮੁਕਤਸਰ ਜ਼ਿਲ੍ਹੇ ਦੇ ਕਨਵੀਨਰ ਡਾ: ਜੈਦੇਵ ਸਿੰਘ, ਮਾਨਸਾ ਜ਼ਿਲ੍ਹੇ ਦੇ ਕਨਵੀਨਰ ਜੀਵਨ ਸਿੰਘ, ਤਰਸੇਮ ਸਰਦੂਲਗੜ੍ਹ, ਮਨਜਿੰਦਰ ਤਰਨਤਾਰਨ, ਯਾਦਵਿੰਦਰ ਕਾਸਿਮ ਭੱਟੀ, ਸੰਦੀਪ ਧਾਲੀਵਾਲ, ਮਨਿੰਦਰਜੀਤ, ਅਮਨਦੀਪ, ਬਲਰਾਜ, ਜਸਪਾਲ ਕਰੀਰਵਾਲੀ, ਲਛਮਣ ਭਗਤੂਆਣਾ, ਇਕਬਾਲ ਰਾਮੇਆਣਾ, ਰਮੇਸ਼ ਸ਼ਰਮਾ, ਬਲਵਿੰਦਰ ਸਿੰਘ, ਤੀਰਥ ਰਾਜ ਗਰਗ, ਰੌਸ਼ਨ ਲਾਲ ਸ਼ਰਮਾ, ਟੀ.ਐਸ.ਯੂ. ਦੇ ਆਗੂ ਦਰਸ਼ਨ ਸਰਾਵਾਂ, ਸੁਰਿੰਦਰਪਾਲ ਕਰੀਰਵਾਲੀ, ਲੋਕ ਅਧਿਕਾਰ ਚੇਤਨਾ ਸੇਵਾ ਸੁਸਾਇਟੀ ਦੇ ਪ੍ਰਧਾਨ ਵੈਦ ਗੁਰਜੰਟ ਸਿੰਘ, ਐਕਸ਼ਨ ਕਮੇਟੀ ਜੈਤੋ ਦੇ ਕੋ-ਕਨਵੀਨਰ ਸੁਰਿੰਦਰ ਪਾਲ ਸ਼ਰਮਾ ਸਮੇਤ ਅਨੇਕਾਂ ਸੰਗਠਨਾਂ ਦੇ ਉਚ ਆਗੂ ਮੌਜੂਦ ਸਨ।
Ñਲੋਕਾਂ ਅਤੇ ਪ੍ਰਸ਼ਾਸਨ ਵਿਚਾਲੇ ਅੰਦੋਲਨ ਨੂੰ ਕ੍ਰਮਵਾਰ ‘ਪਾਸ’ ਅਤੇ ‘ਫ਼ਲਾਪ’ ਕਰਨ ਦੀ ਰੱਸਾ-ਕਸੀ ਜ਼ੋਰਾਂ ’ਤੇ ਰਹੀ
ਅੱਜ ਦੇ ਸੰਘਰਸ਼ ਵਿਚ ਆਪਣੇ ਕਾਰੋਬਾਰ ਠੱਪ ਕਰ ਕੇ ਸੈਂਕੜਿਆਂ ਦੀ ਗਿਣਤੀ ਵਿਚ ਦੁਕਾਨਦਾਰ ਸ਼ਾਮਿਲ ਹੋਏ। ਰੈਲੀ ਵਿਚ ਪੀੜਤ ਡਾ: ਹਰੀਸ਼ ਦੀ ਪਤਨੀ ਤੋਂ ਇਲਾਵਾ ਹੋਰ ਔਰਤਾਂ ਵੀ ਸ਼ਾਮਿਲ ਹੋਈਆਂ। ਕਰੀਬ ਚਾਰ ਘੰਟੇ ਲੰਮੀ ਰੈਲੀ ਦੌਰਾਨ ਸ਼ਹਿਰੀਆਂ ਵੱਲੋਂ ਪ੍ਰਦਰਸ਼ਨਕਾਰੀਆਂ ਲਈ ਕੇਲਿਆਂ ਅਤੇ ਸਮੋਸਿਆਂ ਦੀ ਖ਼ਾਤਰਦਾਰੀ ਮੁਫ਼ਤੋ-ਮੁਫ਼ਤ ਕੀਤੀ ਗਈ। ਰੈਲੀ ’ਚ ਬੁਲਾਰਿਆਂ ਨੇ ਦੋ ਸੱਤਾਧਾਰੀ ਸਥਾਨਕ ਆਗੂਆਂ ’ਤੇ ਦੋਸ਼ ਲਾਏ ਕਿ ਉਨ੍ਹਾਂ ਸ਼ਹਿਰੀਆਂ ਨੂੰ ਕਾਰੋਬਾਰ ਜਾਰੀ ਰੱਖਣ ਲਈ ਦਬਾਅ ਬਣਾਇਆ ਪਰ ਅਸ਼ਕੇ ਸ਼ਹਿਰੀਆਂ ਦੇ ਜੋ ਅਜਿਹੇ ‘ਆਦੇਸ਼ਾਂ’ ਨੂੰ ਸਿਰੇ ਤੋਂ ਖਾਰਜ ਕਰ ਕੇ ਗੁੰਡਾਗਰਦੀ ਦੇ ਵਿਰੋਧ ਵਿਚ ਨਿੱਤਰੇ। ਐਕਸ਼ਨ ਕਮੇਟੀ ਆਗੂਆਂ ਨੇ ਇਹ ਵੀ ਦੋਸ਼ ਲਾਏ ਕਿ ‘ਬੰਦ’ ਨੂੰ ਸਾਬੋਤਾਜ਼ ਕਰਨ ਲਈ ਉਸ ਨੇ ਸ਼ਹਿਰ ਦੇ ਸਪੀਕਰ ਕਿਰਾਏ ’ਤੇ ਦੇਣ ਵਾਲੇ ਦੁਕਾਨਦਾਰਾਂ ਨੂੰ ਸਪੀਕਰ ਨਾ ਦਿੱਤੇ ਜਾਣ ਲਈ ਦਬਾਅ ਬਣਾਇਆ। ਜ਼ਿਕਰਯੋਗ ਹੈ ਕਿ ਕੁਝ ਸਮਾਂ ਰੈਲੀ ਦੌਰਾਨ ਸਾਈਕਲ ਵਾਲੇ ਛੋਟੇ ਸਪੀਕਰ ਦੀ ਵਰਤੋਂ ਕਰਨ ਤੋਂ ਬਾਅਦ ਕਿਤੋਂ ਵੱਡਾ ਸਪੀਕਰ ਲਿਆ ਕੇ ਰੈਲੀ ਨੂੰ ਅੱਗੇ ਵਧਾਇਆ ਗਿਆ। ਰੈਲੀ ’ਚ ਭਾਜਪਾ ਆਗੂ ਤੇ ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਵਾਈਸ ਚੇਅਰਮੈਨ ਸ਼ਾਮ ਲਾਲ ਗੋਇਲ ਨੇ ਡਾ: ਹਰੀਸ਼ ਦੇ ਹੱਕ ਵਿਚ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ, ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ‘ਆਪ’ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਕਨਵੀਨਰ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਹਥਿਆਰਾਂ ਦੇ ਸਾਏ ਹੇਠਾਂ ਤੁਰਨ ਵਾਲੇ ਲੋਕ ਹਰੀਸ਼ ’ਤੇ ਹਮਲੇ ਦੇ ਦੋਸ਼ੀ ਹਨ। ਉਨ੍ਹਾਂ ਵੰਗਾਰਿਆ ਕਿ ‘ਕਾਇਰ’ ਲੋਕ ਹਥਿਆਰਾਂ ਦਾ ਆਸਰਾ ਲੈਂਦੇ ਹਨ। ਜੇ ਵਾਕਿਆ ਹੀ ਉਨ੍ਹਾਂ ’ਚ ਕੋਈ ਦਮ, ਖ਼ਮ ਹੈ ਤਾਂ ਹਥਿਆਰਾਂ ਦੇ ਸਾਏ ਤੋਂ ਮੁਕਤ ਹੋ ਕੇ ਲੋਕਾਂ ’ਚ ਵਿਚਰਨ।



