June 19, 2026 4:43 pm

ਕੇਂਦਰ ਦੀਆਂ ਗ਼ਲਤ ਨੀਤੀਆਂ ਕਾਰਨ ਪੰਜਾਬ ਦੇ ਕਿਸਾਨ ਵੱਡੇ ਕਰਜ਼ੇ ਹੇਠ ਦੱਬੇ : ਬਾਦਲ

ਕਰਤਾਰਪੁਰ (ਜਲੰਧਰ), 2 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਅੱਜ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਦਾ ਰਾਜਨੀਤੀ ਤੋਂ ਪ੍ਰੇਰਿਤ ਅਨਾਜ ਸੁਰੱਖਿਆ ਆਰਡੀਨੈਂਸ ਪੂਰੀ ਤਰ੍ਹਾਂ ਬੇਤੁਕਾ ਹੈ ਕਿਉਂਕਿ ਇਸ ਦਾ ਭਵਿੱਖ ਅਨਿਸ਼ਚਿਤਤਾ ਵਾਲਾ ਹੈ।
parkash singh badal
ਜਲੰਧਰ ਜ਼ਿਲ੍ਹੇ ਦੇ ਨਵੇਂ ਚੁਣੇ ਪੰਚਾਂ-ਸਰਪੰਚਾਂ ਨੂੰ ਸਹੁੰ ਚੁਕਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਯੂ. ਪੀ. ਏ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਇਹ ਪੂਰੀ ਤਰ੍ਹਾਂ ਅਸਪੱਸ਼ਟ ਹੈ ਕਿ ਉਹ ਇਹ ਆਰਡੀਨੈਂਸ ਨੂੰ ਸੰਸਦ ਵਿਚ ਪਾਸ ਵੀ ਕਰਵਾ ਸਕੇਗੀ ਕਿ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰ ਦੀ ਇਹ ਸਕੀਮ ਪੰਜਾਬ ਸਰਕਾਰ ਦੀ ਸਫਲਤਾ ਪੂਰਵਕ ਚੱਲ ਰਹੀ ਆਟਾ-ਦਾਲ ਸਕੀਮ ਦੀ ਹੀ ਕਾਪੀ ਹੈ। ਮੁੱਖ ਮੰਤਰੀ ਨੇ ਕਿਹਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਗਰੀਬ-ਪੱਖੀ ਇਸ ਸਕੀਮ ਨੂੰ ਲਾਗੂ ਕੀਤਾ ਅਤੇ ਹੁਣ ਕੇਂਦਰ ਸਰਕਾਰ ਇਸ ਦੀ ਨਕਲ ਕਰ ਰਹੀ ਹੈ।  ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਮੁਲਕ ਵਿਚ ਅਜਿਹੀ ਇਕੋ-ਇਕ ਸਰਕਾਰ ਹੈ ਜਿਸ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਅਮੀਰ ਸੱਭਿਆਚਾਰ ਨਾਲ ਜੋੜਨ ਦਾ ਬੀੜਾ ਚੁੱਕਿਆ ਹੈ ਅਤੇ ਵਿਰਸੇ ਦੀ ਸੰਭਾਲ ਲਈ ਸਖ਼ਤ ਮਿਹਨਤ ਕਰ ਰਹੀ ਹੈ। ਇਸੇ ਤਹਿਤ ਸੂਬੇ ਭਰ ਵਿਚ ਬਹੁਤ ਸਾਰੀਆਂ ਯਾਦਗਾਰਾਂ ਉਸਾਰੀਆਂ ਗਈਆਂ ਹਨ ਅਤੇ ਕਰਤਾਰਪੁਰ ਵਿਖੇ ਉਸਾਰੀ ਜਾਣ ਵਾਲੀ ਜੰਗ-ਏ-ਆਜ਼ਾਦੀ ਯਾਦਗਾਰ ਮੁਲਕ ਦੇ ਆਜ਼ਾਦੀ ਸੰਗਰਾਮ ਵਿਚ ਪੰਜਾਬੀਆਂ ਵੱਲੋਂ ਪਾਏ ਗਏ ਅਹਿਮ ਯੋਗਦਾਨ ਦੀ ਝਲਕ ਪੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਇਸ ਮਾਣਮੱਤੇ ਪ੍ਰਾਜੈਕਟ ‘ਤੇ ਜਲਦ ਹੀ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਗੁਜਰਾਤ ਵਿਚਲੇ ਪੰਜਾਬੀ ਕਿਸਾਨਾਂ ਦੇ ਨਾਲ ਖੜ੍ਹੀ ਹੈ, ਜਿਨ੍ਹਾਂ ਨੂੰ ਕੱਛ ਖੇਤਰ ਵਿਚੋਂ ਉਜਾੜੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਗੁਜਰਾਤ ਸਰਕਾਰ ਤੋਂ ਇਨ੍ਹਾਂ ਕਿਸਾਨਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸ: ਬਾਦਲ ਨੇ ਕਿਹਾ ਕਿ ਰਾਜ ਸਰਕਾਰ ਉਨ੍ਹਾਂ ਪੰਜਾਬੀ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ, ਜਿਨ੍ਹਾਂ ਨੇ ਗੁਜਰਾਤ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਦੇ ਧੁਰੇ ਨੂੰ ਮਜ਼ਬੂਤ ਕਰਨ ਵਿਚ ਅਹਿਮ ਯੋਗਦਾਨ ਪਾਇਆ ਹੈ।ਇਸ ਤੋਂ ਪਹਿਲਾਂ ਸਮਾਗਮ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦਿਆ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਦੇ ਮਿਹਨਤੀ ਕਿਸਾਨਾਂ ਦੀ ਆਰਥਿਕਤਾ ਕੇਂਦਰ ਦੀਆਂ ਗਲਤ ਨੀਤੀਆਂ ਕਾਰਨ ਪੂਰੀ ਤਰ੍ਹਾਂ ਨਾਲ ਡਗਮਗਾ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਖੇਤੀ ਦੀਆਂ ਲਾਗਤਾਂ ਵਿਚ ਕੀਤੇ ਲਗਾਤਾਰ ਵਾਧੇ ਕਾਰਨ ਖੇਤੀ ਲਾਹੇਵੰਦ ਧੰਦਾ ਨਹੀਂ ਰਹੀ ਜਿਸ ਨਾਲ ਪੰਜਾਬੀ ਕਿਸਾਨਾਂ ਦਾ ਲੱਕ ਟੁੱਟ ਗਿਆ ਹੈ। ਕੇਂਦਰ ‘ਤੇ ਕਿਸਾਨਾਂ ਨੂੰ ਦੁਖੀ ਕਰਨ ਦਾ ਸਿੱਧਾ ਦੋਸ਼ ਮੜ੍ਹਦਿਆਂ ਸ: ਬਾਦਲ ਨੇ ਕਿਹਾ ਉਸ ਦੀਆਂ ਗਲਤ ਨੀਤੀਆਂ ਕਾਰਨ ਅੱਜ ਸੂਬੇ ਦਾ ਕਿਸਾਨ 32,000 ਕਰੋੜ ਦੇ ਕਰਜ਼ੇ ਥੱਲੇ ਦੱਬਿਆ ਪਿਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਦੇ ਮਕਸਦ ਨਾਲ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ‘ਚੋਂ ਕੱਢ ਕੇ ਫ਼ਸਲੀ ਵਿਭਿੰਨਤਾ ਨੂੰ ਅਪਣਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਕਿਸਾਨਾਂ ਦੀ ਆਰਥਿਕਤਾ ਨੂੰ ਸੁਧਾਰਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਇਹ ਸਾਰੀਆਂ ਕੋਸ਼ਿਸ਼ਾਂ ਤਾਂ ਹੀ ਸਫਲ ਹੋ ਸਕਦੀਆਂ ਹਨ ਜੇਕਰ ਕੇਂਦਰ ਸਰਕਾਰ ਮੱਕੀ ਅਤੇ ਬਾਸਮਤੀ ਵਰਗੀਆਂ ਬਦਲਵੀਆਂ ਫ਼ਸਲਾਂ ਲਈ ਵੀ ਘੱਟੋ-ਘੱਟ ਸਮਰਥਨ ਮੁੱਲ ਐਲਾਨੇ ਅਤੇ ਉਸ ਦੀ ਖ਼ਰੀਦ ਸਬੰਧੀ ਇਕ ਯੋਗ ਪ੍ਰਣਾਲੀ ਅਪਣਾਵੇ। ਸ: ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਵਾਰ-ਵਾਰ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਰਾਜ ਦੇ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਉਨ੍ਹਾਂ ਵੱਲੋਂ ਮੁਲਕ ਨੂੰ ਅਨਾਜ ਸੁਰੱਖਿਆ ‘ਚ ਆਤਮ ਨਿਰਭਰ ਬਣਾਉਣ ਲਈ ਪਾਏ ਬੇਮਿਸਾਲ ਯੋਗਦਾਨ ਬਦਲੇ ਇਕ ਤੁੱਛ ਜਿਹਾ ਨਜ਼ਰਾਨਾ ਹੈ। ਉਨ੍ਹਾਂ ਕਿਹਾ ਕਿ ਇਸੇ ਤਹਿਤ ਬਿਸਤ ਦੁਆਬ ਕੈਨਾਲ ਦੀ ਮਜ਼ਬੂਤੀ ਅਤੇ ਨਵੀਨੀਕਰਨ ‘ਤੇ 210 ਕਰੋੜ ਰੁਪਏ ਖਰਚੇ ਜਾ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਲੋੜੀਂਦਾ ਪਾਣੀ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬੇ ਦੇ ਦੇ ਪਿੰਡਾਂ ਦੇ ਕੋਨੇ-ਕੋਨੇ ‘ਚ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ 1604 ਰੁਪਏ ਖ਼ਰਚ ਕੀਤੇ ਜਾਣਗੇ। ਸ: ਬਾਦਲ ਨੇ ਕਿਹਾ ਕਿ ਰਾਜ ਵਿਚ ਪੇਂਡੂ ਸੜਕਾਂ ਦੇ ਕਾਇਆ-ਕਲਪ ਲਈ ਪੰਜਾਬ ਸਰਕਾਰ ਵੱਲੋਂ 1700 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਇਸੇ ਤਰ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਕਿੱਤਾਮੁਖੀ ਸਿਖਲਾਈ ਦੇਣ ਲਈ ਸੂਬੇ ਭਰ ਵਿਚ ਸਕਿੱਲ ਸੈਂਟਰਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਤਾਂ ਜੋ ਸੂਬੇ ਦੀ ਜਵਾਨੀ ਆਪਣੇ ਪੈਰਾਂ ‘ਤੇ ਖੜ੍ਹੀ ਹੋ ਸਕੇ। ਉਨ੍ਹਾਂ ਕਿਹਾ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਅਣਥੱਕ ਕੋਸ਼ਿਸ਼ਾਂ ਸਦਕਾ ਪੰਜਾਬ ਜਲਦ ਹੀ ਵਾਧੂ ਬਿਜਲੀ ਵਾਲਾ ਸੂਬਾ ਬਣਨ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹੇ ਦੇ 889 ਸਰਪੰਚਾਂ ਅਤੇ 5430 ਪੰਚਾਂ ਨੂੰ ਸਹੁੰ ਚੁਕਾਉਣ ਦੀ ਰਸਮ ਅਦਾ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਮਿਹਨਤ, ਨਿਰਪੱਖਤਾ ਤੇ ਤਨਦੇਹੀ ਨਾਲ ਨਿਭਾਉਣ ਕਿਉਂਕਿ ਪਿੰਡਾਂ ਦੇ ਲੋਕਾਂ ਨੇ ਉਨ੍ਹਾਂ ਨੂੰ ਆਪਣਾ ਆਗੂ ਚੁਣ ਕੇ ਉਨ੍ਹਾਂ ਨੂੰ ਇਕ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਪੰਚਾਂ-ਸਰਪੰਚਾਂ ਨੂੰ ਕਿਹਾ ਕਿ ਉਹ ਸੂਬੇ ਨੂੰ ਤਰੱਕੀ ਦੀਆਂ ਨਵੀਆਂ ਬੁਲੰਦੀਆਂ ‘ਤੇ ਲਿਜਾਣ ਲਈ ਸਰਕਾਰ ਦਾ ਸਾਥ ਦੇਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਸ: ਸੁਰਜੀਤ ਸਿੰਘ ਰੱਖੜਾ, ਸ: ਸਰਵਨ ਸਿੰਘ ਫਿਲੌਰ ਅਤੇ ਸ: ਅਜੀਤ ਸਿੰਘ ਕੋਹਾੜ, ਮੁੱਖ ਸੰਸਦੀ ਸਕੱਤਰ ਸ੍ਰੀ ਪਵਨ ਕੁਮਾਰ ਟੀਨੂੰ, ਸ੍ਰੀ ਕੇ. ਡੀ. ਭੰਡਾਰੀ ਅਤੇ ਸ੍ਰੀ ਅਵਿਨਾਸ਼ ਚੰਦਰ, ਵਿਧਾਇਕ ਸ: ਪਰਗਟ ਸਿੰਘ ਅਤੇ ਸ: ਗੁਰਪ੍ਰਤਾਪ ਸਿੰਘ ਵਡਾਲਾ, ਕਮਿਸ਼ਨਰ ਜਲੰਧਰ ਡਵੀਜ਼ਨ ਸ੍ਰੀ ਆਰ. ਵੈਂਕਟਾਰਤਨਮ, ਡਿਪਟੀ ਕਮਿਸ਼ਨਰ ਸ੍ਰੀਮਤੀ ਸ਼ਰੂਤੀ ਸਿੰਘ, ਐਸ. ਐਸ. ਪੀ (ਦਿਹਾਤੀ) ਸ੍ਰੀ ਯੁਰਿੰਦਰ ਸਿੰਘ ਹੇਅਰ ਤੋਂ ਇਲਾਵਾ ਅਕਾਲੀ-ਭਾਜਪਾ ਆਗੂ, ਸਿਵਲ ਅਤੇ ਪੁਲਿਸ ਅਧਿਕਾਰੀ ਹਾਜ਼ਰ ਸਨ।

Send this to a friend