ਨਵੀਂ ਦਿੱਲੀ, 16 ਫਰਵਰੀ (ਪੀ. ਟੀ. ਲਾਇਵ)- ਬਿਹਾਰ ਦੇ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੀਆਂ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਹੁਣ ਉਨ੍ਹਾਂ ਨੂੰ ਪਟਨਾ ਹਾਈ ਕੋਰਟ ਵੱਲੋਂ ਵੱਡਾ ਝਟਕਾ ਲੱਗਾ ਹੈ। ਕੋਰਟ ਨੇ ਮਾਂਝੀ ਵੱਲੋਂ ਵੱਡੇ ਫ਼ੈਸਲੇ ਲੈਣ ‘ਤੇ ਰੋਕ ਲਗਾਉਂਦੇ ਹੋਏ ਕਿਹਾ ਹੈ ਕਿ ਉਹ ਹੁਣ ਸਿਰਫ਼ ਨੇਮੀ ਫ਼ੈਸਲੇ ਹੀ ਲੈ ਸਕਦੇ ਹਨ। ਕੋਰਟ ਦਾ ਕਹਿਣਾ ਹੈ ਕਿ 20 ਫਰਵਰੀ ਨੂੰ ਮਾਂਝੀ ਨੂੰ ਬਹੁਮਤ ਸਾਬਤ ਕਰਨਾ ਹੈ, ਇਸ ਲਈ ਉਹ ਬਹੁਮਤ ਸਾਬਤ ਹੋਣ ਤੱਕ ਕੋਈ ਵੱਡਾ ਫ਼ੈਸਲਾ ਨਾ ਲੈਣ। ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ 20 ਫਰਵਰੀ ਨੂੰ ਬਿਹਾਰ ਵਿਧਾਨ ਸਭਾ ‘ਚ ਬਹੁਮਤ ਸਾਬਤ ਕਰਨਾ ਹੈ।
ਬਿਹਾਰ ‘ਚ ਰਾਸ਼ਟਰਪਤੀ ਸ਼ਾਸਨ ਦੀ ਇੱਛਾ ਨਹੀਂ : ਜੀਤਨ ਰਾਮ ਮਾਂਝੀ- ਬਿਹਾਰ ’ਚ ਮਚੇ ਸਿਆਸੀ ਘਮਸਾਣ ਦੇ ’ਚ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਇੱਥੇ ਦਿੱਲੀ ’ਚ ਕੇਂਦਰੀ ਮੰਤਰੀਆਂ ਨੂੰ ਮਿਲਣ ਆਏ ਹਨ, ਭਾਜਪਾ ਨੇਤਾਵਾਂ ਨੂੰ ਨਹੀਂ। ਮਾਂਝੀ ਨੇ ਇਹ ਵੀ ਕਿਹਾ ਕਿ ਰਾਜ ’ਚ ਰਾਸ਼ਟਰਪਤੀ ਸ਼ਾਸਨ ਲੱਗੇ, ਅਜਿਹੀ ਉਨ੍ਹਾਂ ਦੀ ਇੱਛਾ ਨਹੀਂ ਹੈ। ਮਾਂਝੀ ਨੇ ਕਿਹਾ ਕਿ ਜੇਕਰ ਰਾਜ ’ਚ ਰਾਸ਼ਟਰਪਤੀ ਸ਼ਾਸਨ ਲਗਾਉਣਾ ਹੁੰਦਾ ਤਾਂ ਕਾਫ਼ੀ ਪਹਿਲਾਂ ਹੀ ਅਜਿਹਾ ਹੋ ਜਾਂਦਾ। ਉਨ੍ਹਾਂ ਨੇ ਕਿਹਾ ਕਿ ਸਾਡੀ ਅਜਿਹੀ ਭਾਵਨਾ ਨਹੀਂ ਹੈ।ਉਨ੍ਹਾਂ ਨੇ ਕਿਹਾ ਕਿ ਸਾਡੇ ਵਿਧਾਇਕ ਅਜੇ ਵੀ ਘਬਰਾ ਰਹੇ ਹਨ।ਮਾਂਝੀ ਨੇ 118 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੋਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ 20 ਫਰਵਰੀ ਨੂੰ ਬਿਹਾਰ ਵਿਧਾਨਸਭਾ ‘ਚ ਵਿਸ਼ਵਾਸ ਮਤ ਹਾਸਲ ਕਰਨਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੇਰੀ ਸਰਕਾਰ ਨੂੰ ਸਮਰਥਨ ਦੇਣ ਦਾ ਫ਼ੈਸਲਾ ਹੁਣ ਭਾਜਪਾ ਨੂੰ ਲੈਣਾ ਹੈ। ਇਸ ਤੋਂ ਪਹਿਲਾਂ, ਮਾਂਝੀ ਨੇ ਰਾਜਪਾਲ ਕੇਸਰੀਨਾਥ ਤ੍ਰਿਪਾਠੀ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਜਨਤਾ ਦਲ (ਯੂ) ਨੇਤਾ ਕੇ.ਸੀ. ਤਿਆਗੀ ਨੇ ਕਿਹਾ ਹੈ ਕਿ ਰਾ ਸ਼ਟਰਪਤੀ ਰਾਜ ਲਾਗੂ ਕਰਨ ਦੇ ਦਿਨ ਹੁਣ ਚਲੇ ਗਏ ਹਨ। ਕੇਂਦਰ ਸਰਕਾਰ ’ਚ ਹਿੰਮਤ ਨਹੀਂ ਹੈ ਕਿ ਰਾਸ਼ਟਰਪਤੀ ਰਾਜ ਲਾਗੂ ਕਰੇ। ਭਾਜਪਾ ਆਗੂ ਗਿਰੀਰਾਜ ਸਿੰਘ ਨੇ ਕਿਹਾ ਹੈ ਕਿ ਫਲੋਰ ’ਤੇ ਭਾਜਪਾ ਫੈਸਲਾ ਲਵੇਗੀ। ਜੋ ਹਾਲਾਤ ਲੋਕਤੰਤਰ ਪ੍ਰਬੰਧ ਵਿੱਚ ਹੋਣਗੇ ਉਨ੍ਹਾਂ ਅਨੁਸਾਰ ਫੈਸਲਾ ਲਿਆ ਜਾਵੇਗਾ।



