ਕੋਪੇਨਹੇਗਨ, 15 ਫਰਵਰੀ (ਪੀ. ਟੀ.)- ਕੋਪੇਨਹੇਗਨ ‘ਚ ਗੋਲੀਬਾਰੀ ਦੀਆਂ ਦੋ ਘਟਨਾਵਾਂ ‘ਚ ਦੋ ਲੋਕਾਂ ਦੀ ਮੌਤ ਤੇ ਪੰਜ ਹੋਰਾਂ ਦੇ ਜ਼ਖਮੀ ਹੋਣ ਦੇ ਕੁਝ ਘੰਟਿਆਂ ਬਾਅਦ ਅਧਿਕਾਰੀਆਂ ‘ਤੇ ਗੋਲੀਬਾਰੀ ਕਰਨ ਵਾਲੇ ਇਕ ਵਿਅਕਤੀ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ। ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਨੇ ਅੱਜ ਦੱਸਿਆ ਕਿ ਪੁਲਿਸ ਹੁਣ ਤੱਕ ਜਾਂਚ ਪੜਤਾਲ ਕਰ ਰਹੀ ਹੈ ਕਿ ਕੀ ਇਸ ਵਿਅਕਤੀ ਦਾ ਕਰੁਡਟਨਡੇਨ ਤੇ ਕ੍ਰਿਸਟਲਗੇੜ ‘ਚ ਯਹੂਦੀ ਮੰਦਰ ਦੀ ਗੋਲੀਬਾਰੀ ‘ਚ ਹੱਥ ਸੀ? ਇਸ ਵਿਅਕਤੀ ਤੇ ਪੁਲਿਸ ਵਿਚਕਾਰ ਗੋਲੀਬਾਰੀ ਨੋਈਰੇਬ੍ਰੋ ਦੇ ਬਹੁ ਸੰਸਕ੍ਰਿਤਿਕ ਇਲਾਕੇ ‘ਚ ਹੋਈ, ਜਿਥੇ ਪੁਲਿਸ ਪਹਿਲਾ ਤੋਂ ਹੀ ਨਿਗਰਾਨੀ ਕਰ ਰਹੀ ਸੀ। ਪੁਲਿਸ ਨੇ ਇਕ ਬਿਆਨ ‘ਚ ਦੱਸਿਆ ਕਿ ਜਿਵੇਂ ਹੀ ਵਿਅਕਤੀ ਮੌਕੇ ‘ਤੇ ਆਇਆ, ਪੁਲਿਸ ਨੇ ਉਸ ਨੂੰ ਆਵਾਜ਼ ਦਿੱਤੀ, ਪਰ ਉਸ ਨੇ ਪੁਲਿਸ ‘ਤੇ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਉਸ ਨੂੰ ਗੋਲੀ ਮਾਰ ਦਿੱਤੀ ਗਈ।


