ਅੰਮ੍ਰਿਤਸਰ, 15 ਫਰਵਰੀ (ਪੀ. ਟੀ.)- ਲੋਕ ਸਭਾ ਚੋਣਾਂ ‘ਚ ਮਾੜੇ ਪ੍ਰਦਰਸ਼ਨ ਉਪਰੰਤ ਦਿੱਲੀ ਵਿਧਾਨ ਸਭਾ ‘ਚ ਸਿਫ਼ਰ ‘ਤੇ ਜਾ ਪੁੱਜੀ ਕਾਂਗਰਸ ਦੀ ਗਿਰਾਵਟ ਲਈ ਪਾਰਟੀ ਦੇ ਪ੍ਰਬੰਧਕੀ ਢਾਂਚੇ ‘ਚ ਖਾਮੀਆਂ ਨੂੰ ਜਿੰਮੇਵਾਰ ਦੱਸਦਿਆਂ ਸਾਬਕਾ ਕੇਂਦਰੀ ਮੰਤਰੀ ਅਤੇ ਰਾਜ ਸਭਾ ਮੈਂਬਰ ਸ੍ਰੀ ਅਸ਼ਵਨੀ ਕੁਮਾਰ ਨੇ ਅੱਜ ਇਥੇ ਕਿਹਾ ਕਿ ਕਈ ਸਾਲਾਂ ਤੋਂ ਸ੍ਰੀਮਤੀ ਸੋਨੀਆ ਗਾਂਧੀ ਵੱਲੋਂ ਭਾਵੇਂ ਕਾਂਗਰਸ ਨੂੰ ਮਜ਼ਬੂਤ ਅਗਵਾਈ ਦਿੱਤੀ ਜਾ ਰਹੀ ਹੈ ਪਰ ਹੇਠਲੇ ਪੱਧਰ ’ਤੇ ਨੁਕਸ ਕਾਰਨ ਆਮ ਲੋਕਾਂ ਨਾਲ ਪਾਰਟੀ ਦੀ ਜ਼ਜਬਾਤੀ ਸਾਂਝ ਟੁੱਟ ਗਈ ਸੀ, ਜਿਸਦਾ ਖਮਿਆਜਾ ਭੁਗਤਣਾ ਪਿਆ ਹੈ।ਪੰਜਾਬ ਕਾਂਗਰਸ ‘ਚ ਜਲਦ ਵੱਡੇ ਫੇਰਬਦਲ ਦੀ ਸੰਭਾਵਨਾ ਦੱਸਦਿਆਂ ਕੇਂਦਰੀ ਆਗੂ ਨੇ ਕਿਹਾ ਕਿ ਪੰਜਾਬ ‘ਚ ਮੌਜੂਦਾ ਪਰਸਥਿਤੀਆਂ ਦੌਰਾਨ ਸੱਤਾ ਤਬਦੀਲੀ ਦਾ ਕਾਂਗਰਸ ਹੀ ਇਕੋ ਇਕ ਹੱਲ ਹੈ ਅਤੇ ਪਾਰਟੀ ਮੁਸਤੈਦੀ ਨਾਲ ਅੱਗੇ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਭਾਈਚਾਰਕ ਏਕਤਾ ਲਈ ਕਾਂਗਰਸ ਸਮੇਂ ਦੀ ਲੋੜ ਹੈ।



