ਕਾਗਜ਼ਾਂ ਦੀ ਜਾਂਚ-ਪੜਤਾਲ ਅੱਜ
ਚੰਡੀਗੜ੍ਹ, 11 ਫਰਵਰੀ- ਛੇ ਨਗਰ ਨਿਗਮਾਂ ਦੇ ਕੁੱਲ 300 ਵਾਰਡਾਂ ਦੀ ਚੋਣ ਅਤੇ 2 ਨਗਰ ਨਿਗਮਾਂ ਦੇ 3 ਵਾਰਡਾਂ ਦੀ ਉਪ ਚੋਣ ਲਈ ਅੱਜ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ ਸਮਾਪਤ ਹੋ ਗਈ। ਅੱਜ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਾਰੀਖ ਸੀ ਅਤੇ ਅੱਜ ਤੱਕ ਕੁੱਲ 1853 ਨਾਮਜ਼ਦਗੀਆਂ ਦਾਖਲ ਹੋ ਗਈਆਂ। ਭਲਕੇ 12 ਫਰਵਰੀ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ। ਸਟੇਟ ਚੋਣ ਕਮਿਸ਼ਨ ਦੇ ਬੁਲਾਰੇ ਨੇ ਅੱਜ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਲ 8 ਨਗਰ ਨਿਗਮਾਂ ਦੇ 303 ਵਾਰਡਾਂ ਦੀ ਚੋਣ ਲਈ ਕੁੱਲ 1853 ਨਾਮਜ਼ਦਗੀਆਂ ਦਾਖਲ ਹੋਈਆਂ। ਛੇ ਨਗਰ ਨਿਗਮਾਂ ਐਸ.ਏ.ਐਸ.ਨਗਰ ਮੁਹਾਲੀ, ਬਠਿੰਡਾ, ਹੁਸ਼ਿਆਰਪੁਰ, ਮੋਗਾ, ਪਠਾਨਕੋਟ ਤੇ ਫਗਵਾੜਾ ਦੇ ਕੁੱਲ 50-50 ਵਾਰਡ ਹਨ। ਮੁਹਾਲੀ ਵਿੱਚ ਕੁੱਲ 309,
ਬਠਿੰਡਾ ਵਿੱਚ 287, ਹੁਸ਼ਿਆਰਪੁਰ ਵਿੱਚ 236, ਮੋਗਾ ਵਿੱਚ 357, ਪਠਾਨਕੋਟ ਵਿੱਚ 363 ਤੇ ਫਗਵਾੜਾ ਵਿੱਚ ਕੁੱਲ 280 ਨਾਮਜ਼ਦਗੀਆਂ ਦਾਖਲ ਹੋਈਆਂ। ਬੁਲਾਰੇ ਨੇ ਦੱਸਿਆ ਕਿ ਜਲੰਧਰ ਦੇ 1 ਵਾਰਡ ਦੀ ਉਪ ਚੋਣ ਲਈ ਕੁੱਲ 4 ਨਾਮਜ਼ਦਗੀਆਂ ਦਾਖਲ ਹੋਈਆਂ ਜਦੋਂ ਕਿ ਪਟਿਆਲਾ ਦੇ 2 ਵਾਰਡਾਂ ਦੀ ਉਪ ਚੋਣ ਲਈ ਕੁੱਲ 17 ਨਾਮਜ਼ਦਗੀਆਂ ਦਾਖਲ ਹੋਈਆਂ। 12 ਫਰਵਰੀ ਨੂੰ ਕਾਗਜ਼ ਵਾਪਸ ਲੈਣ ਦੀ ਆਖਰੀ ਤਾਰੀਖ ਹੈ ਅਤੇ ਇਸੇ ਦਿਨ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ।



