ਫਾਜ਼ਿਲਕਾ, 6 ਫਰਵਰੀ (ਪਵਨ ਧੂੜਿਆ)- ਪੰਜਾਬ ਸਰਕਾਰ ਵੱਲੋਂ ਰਾਜ ਦੇ ਵਸਨੀਕਾਂ ਨੂੰ ਕਲਸਟਰ ਪੱਧਰ ਤੇ ਸਰਕਾਰੀ ਸੇਵਾਵਾਂ ਦਾ ਲਾਭ ਦੇਣ ਲਈ ‘ਸੰਗਠਿਤ ਸੇਵਾ ਪ੍ਰਦਾਨ ਕੇਂਦਰ’ ਖੋਲੇ ਜਾ ਰਹੇ ਹਨ ਜਿਸ ਨਾਲ ਹੇਠਲੇ ਪੱਧਰ ਤੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਮਿੱਥੇ ਸਮੇਂ ਵਿਚ ਦਿੱਤਾ ਜਾਵੇਗਾ । ਇਸ ਯੋਜਨਾ ਤਹਿਤ ਫਾਜ਼ਿਲਕਾ ਜ਼ਿਲ੍ਹੇ ਵਿੱਚ ਔਸਤਨ 5 ਪਿੰਡਾਂ ਪਿੱਛੇ ਇੱਕ ‘ਸੰਗਠਿਤ ਸੇਵਾ ਪ੍ਰਦਾਨ ਕੇਂਦਰ’ ਦੀ ਸਥਾਪਤੀ ਦਾ ਟੀਚਾ ਰੱਖਿਆ ਗਿਆ ਹੈ ਜਿਸ ਤਹਿਤ ਜਿਲ੍ਹੇ ਵਿਚ 84 ਸੇਵਾ ਪ੍ਰਦਾਨ ਕੇਂਦਰ ਸਥਾਪਿਤ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਇਸਨੂੰ 6 ਮਹੀਨਿਆਂ ਵਿਚ ਮੁਕੰਮਲ ਕੀਤਾ ਜਾਵੇਗਾ । ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਨਵੇਂ ਸਥਾਪਿਤ ਹੋਣ ਵਾਲੇ ਇਹ ਸੇਵਾ ਪ੍ਰਦਾਨ ਕੇਂਦਰ ਫਾਜ਼ਿਲਕਾ, ਅਬੋਹਰ, ਜਲਾਲਾਬਾਦ ,ਖੂਈਆਂ ਸਰਵਰ, ਸੀਤੋ ਗੁਣੋ ਅਤੇ ਅਰਨੀਵਾਲਾ ਵਿਖੇ ਪਹਿਲਾਂ ਤੋਂ
ਚਲ ਰਹੇ ਸੁਵਿਧਾ ਕੇਂਦਰਾਂ ਤੋਂ ਵੱਖਰੇ ਹੋਣਗੇ। ਇਨ੍ਹਾਂ ਸੇਵਾ ਪ੍ਰਦਾਨ ਕੇਂਦਰਾਂ ਦੀ ਉਸਾਰੀ ਲੋਕ ਨਿਰਮਾਣ ਵਿਭਾਗ ਅਤੇ ਮੰਡੀ ਬੋਰਡ ਮਹਿਕਮਿਆਂ ਨੂੰ ਸੌਂਪੀ ਗਈ ਹੈ ਅਤੇ ਉਨ੍ਹਾਂ ਵੱਲੋਂ ਇਨ੍ਹਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਜਿਸ ਤੇ 14 ਕਰੋੜ ਰੁਪਏ ਤੋਂ ਵਧੇਰੇ ਰਾਸ਼ੀ ਖਰਚ ਆਵੇਗੀ ।
ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਸੇਵਾ ਪ੍ਰਦਾਨ ਕੇਂਦਰਾਂ ਦਾ ਮੰਤਵ ਜ਼ਿਲ੍ਹੇ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਦਿੱਤੀਆਂ ਜਾ ਰਹੀਆਂ ਆਰ.ਟੀ.ਐਸ. ਸੇਵਾਵਾਂ ਨੂੰ ਇੱਕੋ ਛੱਤ ਥੱਲੇ, ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਲੋਕਾਂ ਦੇ ਘਰਾਂ ਨੇੜੇ ਮੁਹੱਈਆ ਕਰਵਾਉਣਾ ਹੈ।
ਡਿਪਟੀ ਕਮਿਸ਼ਨਰ ਅਨੁਸਾਰ ਇਨ੍ਹਾਂ ਨਵੇਂ ਸਥਾਪਿਤ ਹੋਣ ਵਾਲੇ ਸੇਵਾ ਪ੍ਰਦਾਨ ਕੇਂਦਰਾਂ ਵਿੱਚ 8 ਸ਼ਹਿਰੀ ਖੇਤਰ ਅਤੇ ਬਾਕੀ 76 ਪੇਂਡੂ ਖੇਤਰਾਂ ਵਿੱਚ ਹੋਣਗੇ। ਇਨ੍ਹਾਂ ਸੇਵਾ ਕੇਂਦਰਾਂ ਦੀਆਂ 3 ਕਿਸਮਾਂ ਹੋਣਗੀਆਂ । ਟਾਈਪ 1 ਦੇ ਇੱਕ ਕੇਂਦਰ ’ਤੇ 32.13 ਲੱਖ ਰੁਪਏ ਖਰਚ ਕੀਤੇ ਜਾਣਗੇ, ਟਾਈਪ 2 ਤੇ 24.38 ਲੱਖ ਖਰਚ ਕੀਤੇ ਜਾਣਗੇ ਅਤੇ ਟਾਈਪ 3 ਤੇ 18.55 ਲੱਖ ਖਰਚ ਕੀਤੇ ਜਾਣਗੇ । ਉਨ੍ਹਾਂ ਦੱਸਿਆ ਕਿ ਉਸਾਰੀ ਦੇ ਕਾਰਜ ਅਤੇ ਦੂਸਰੇ ਢਾਂਚਾਗਤ ਕਾਰਜ ਮੁਕੰਮਲ ਕਰਨ ਦੀ ਸੀਮਾ ਜੂਨ 2015 ਤੱਕ ਮਿੱਥੀ ਗਈ ਹੈ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰੀ ਖੇਤਰਾਂ ਵਿਚ ਅਬੋਹਰ ਸ਼ਹਿਰ ਵਿਚ ਅਜੀਮਗੜ ਸਟੇਡੀਅਮ, ਅਨਾਜ ਮੰਡੀ ਤੇ ਤਹਿਸੀਲ ਕੰਪਲੈਕਸ ਵਿਚ ਅਤੇ ਫਾਜਿਲਕਾ ਸ਼ਹਿਰ ਵਿਚ ਜਿਲ੍ਹਾ ਪੰ੍ਰਬਧਕੀ ਕੰਪਲੈਕਸ, ਨਗਰ ਕੌਂਸਲ ਫਾਜਿਲਕਾ ਅਤੇ ਜਲਾਲਾਬਾਦ ਵਿਚ ਤਹਿਸੀਲ ਕੰਪਲੈਕਸ ਜਲਾਲਾਬਾਦ, ਮਾਰਕੀਟ ਕਮੇਟੀ ਦਫ਼ਤਰ ਜਲਾਲਾਬਾਦ ਅਤੇ ਅਰਨੀਵਾਲਾ ਸ਼ੇਖ ਸੁਭਾਨ ਵਿਚ ਫਾਜਿਲਕਾ-ਮਲੋਟ ਰੋਡ ਵਿਖੇ ਇਹ ਸੇਵਾ ਕੇਂਦਰ ਸ਼ਹਿਰ ਖੇਤਰ ਟਾਈਪ 1 ਤੇ 2 ਵੱਜੋਂ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਫਾਜਿਲਕਾ ਬਲਾਕ ਵਿੱਚ ਲਾਧੂਕਾ, ਖਿਉਵਾਲੀ ਮੁਸਤਿਲ ਬਰੇਕਾ, ਮੋਜਮ, ਰਾਣਾ, ਬਨਵਾਲਾ ਹਨਵੰਤਾ, ਕੇਰੀਆਂ, ਉਝਾਂ ਵਾਲੀ, ਕੀੜਿਆਂਵਾਲੀ, ਬਹਿਕ ਖਾਸ, ਮਹਾਤਮ ਨਗਰ, ਖੂਈ ਖੇੜਾ, ਚੁਆੜਿਆਂ ਵਾਲੀ, ਜੋੜਕੀ ਕੰਕਰ ਵਾਲੀ, ਆਲਮਸ਼ਾਹ, ਆਸਫਵਾਲਾ, ਰੂਪ ਨਗਰ, ਘੱਲੂ, ਨਿਹਾਲ ਖੇੜਾ, ਪੱਤਰੇ ਵਾਲਾ, ਝੂਮਿੰਆਂ ਵਾਲੀ, ਰਾਮਕੋਟ, ਚੂਹੜੀਵਾਲਾ ਧੰਨਾਂ, ਮਾਂਹੂਆਣਾ ਬੋਦਲਾਂ, ਕੰਧ ਵਾਲਾ ਹਾਜਰ ਖਾਂ, ਘੱਟਿਆਂ ਵਾਲੀ ਜੱਟਾਂ, ਬੰਨਾਂ ਵਾਲਾ, ਚੱਕ ਢਾਬ ਵਾਲਾ, ਮੰਡੀ ਅਮੀਨ ਗੰਜ, ਮੂਲਿਆਂ ਵਾਲੀ, ਟਾਹਲੀ ਵਾਲਾ ਬੋਦਲਾ, ਬੂਰਜ ਹਨੂੰਮਾਨਗੜ੍ਹ, ਸਜਰਾਣਾ, ਕਰਨੀਖੇੜਾ ਅਤੇ ਅਰਨੀਵਾਲਾ ਸ਼ੇਖ ਸੁਭਾਨ ਤਹਿਸੀਲ ਕੰਪਲੈਕਸ ਦੀ ਇਸ ਮੰਤਵ ਲਈ ਚੋਣ ਕੀਤੀ ਗਈ ਹੈ।



