ਚੰਡੀਗੜ੍ਹ, 5 ਫਰਵਰੀ (ਪੀ. ਟੀ.)- ਪੰਜਾਬ ਦੇ ਸ਼ਹਿਰਾਂ/ਕਸਬਿਆਂ ਦੇ ਵਸਨੀਕਾਂ ਨੂੰ ਸੁਚਾਰੂ ਤਰੀਕੇ ਨਾਲ ਸਾਫ ਪੀਣ ਵਾਲਾ ਪਾਣੀ ਅਤੇ ਸੀਵਰੇਜ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵੱਲੋਂ ਪਾਣੀ/ਸੀਵਰੇਜ ਦੇ ਓਪਰੇਸ਼ਨ ਅਤੇ ਮੇਨਟੇਨੈਂਸ ਦਾ ਸਮੁੱਚਾ ਕੰਮ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਨੂੰ ਸੌਂਪਣ ਦੇ ਫੈਸਲੇ ਉਪਰੰਤ ਬੋਰਡ ਨੇ 37 ਸ਼ਹਿਰਾਂ ਵਿੱਚ ਕੰਮ ਓਵਰ ਟੇਕ ਕਰ ਲਿਆ ਹੈ। ਇਨ੍ਹਾਂ 37 ਸ਼ਹਿਰਾਂ ਵਿੱਚ ਪਿਛਲੇ ਚਾਰ ਮਹੀਨੇ ਦੌਰਾਨ ਜਿੱਥੇ ਮਾਲੀਆ ਇਕੱਤਰ ਦੀ ਰਾਸ਼ੀ ਵਿੱਚ 82 ਲੱਖ ਰਪਏ ਦਾ ਵਾਧਾ ਹੋਇਆ ਉਥੇ ਕੁਨੈਕਸ਼ਨਾਂ ਦੀ ਗਿਣਤੀ ਵੀ ਵਧੀ। ਇਸ ਤੋਂ ਇਲਾਵਾ ਬਿਜਲੀ ਦੇ ਬਿੱਲਾਂ ਵਿੱਚ ਭਾਰੀ ਕਮੀ ਆਈ ਹੈ। ਇਹ ਜਾਣਕਾਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। ਸ੍ਰੀ ਜੋਸ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰੀਆਂ ਨੂੰ ਪਾਣੀ ਅਤੇ ਸੀਵਰੇਜ ਦੀਆਂ ਬਿਹਤਰ ਸਹੂਲਤਾਂ ਦੇਣ ਦੇ ਮਕਸਦ ਨਾਲ 11 ਵੱਡੇ
ਸ਼ਹਿਰਾਂ ਜਿਨ੍ਹਾਂ ਵਿੱਚ 6 ਨਗਰ ਨਿਗਮ ਅਤੇ 5 ਨਗਰ ਕੌਂਸਲਾਂ ਸ਼ਾਮਲ ਹਨ, ਨੂੰ ਛੱਡ ਕੇ ਬਾਕੀ ਸ਼ਹਿਰਾਂ ਵਿੱਚ ਪਾਣੀ ਅਤੇ ਸੀਵਰੇਜ ਦੇ ਓਪਰੇਸ਼ਨ ਅਤੇ ਮੇਨਟੇਨੈਂਸ ਦਾ ਸਮੁੱਚਾ ਕੰਮ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਨੂੰ ਸੌਂਪਣ ਦਾ ਫੈਸਲਾ ਕੀਤਾ ਗਿਆ ਸੀ। ਬਾਕੀ 11 ਸ਼ਹਿਰਾਂ ਵਿੱਚ ਇਹ ਕੰਮ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਹੀ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਫੈਸਲੇ ਤੋਂ ਬਾਅਦ ਸੀਵਰੇਜ ਬੋਰਡ ਨੇ 37 ਸ਼ਹਿਰਾਂ ਦਾ ਕੰਮ ਓਵਰ ਟੇਕ ਕਰ ਲਿਆ ਗਿਆ ਅਤੇ ਬਾਕੀ ਸ਼ਹਿਰਾਂ ਦਾ ਕੰਮ ਪ੍ਰਗਤੀ ਅਧੀਨ ਹੈ। ਇਸ ਤੋਂ ਪਹਿਲਾਂ ਇਹ ਕੰਮ ਸਥਾਨਕ ਇਕਾਈਆਂ ਵੱਲੋਂ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਹਦਾਇਤ ਕੀਤੀ ਕਿ 31 ਮਾਰਚ 2015 ਤੱਕ ਹਰ ਹੀਲੇ ਬਾਕੀ ਸਾਰੇ ਸ਼ਹਿਰਾਂ ਤੇ ਕਸਬਿਆਂ ਨੂੰ ਬੋਰਡ ਵੱਲੋਂ ਓਵਰ ਟੇਕ ਕਰ ਲਿਆ ਜਾਵੇ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਦੱਸਿਆ ਕਿ ਇਨ੍ਹਾਂ 37 ਸ਼ਹਿਰਾਂ ਵਿੱਚ ਬੋਰਡ ਵੱਲੋਂ ਕੰਮ ਓਵਰ ਟੇਕ ਕਰਨ ਉਪਰੰਤ ਜਿੱਥੇ ਮਾਲੀਆ ਵਿੱਚ ਵਾਧਾ ਹੋਇਆ ਉਥੇ ਸੇਵਾਵਾਂ ਹੋਰ ਬਿਹਤਰ ਹੋਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ 37 ਸ਼ਹਿਰਾਂ ਵਿੱਚ ਪਿਛਲੇ ਚਾਰ ਮਹੀਨਿਆਂ ਦੀ ਪ੍ਰਗਤੀ ਰਿਪੋਰਟ ਅਨੁਸਾਰ ਮਾਲੀਆ ਇਕੱਤਰ ਰਾਸ਼ੀ 149.07 ਲੱਖ ਰੁਪਏ ਤੋਂ ਵੱਧ ਕੇ 231.41 ਲੱਖ ਰੁਪਏ ਹੋ ਗਈ। ਬਿਜਲੀ ਦੇ ਬਿੱਲਾਂ ਵਿੱਚ ਭਾਰੀ ਕਮੀ ਆਈ ਜਿਹੜੇ 366.25 ਲੱਖ ਰੁਪਏ ਤੋਂ ਘੱਟ ਕੇ 270.28 ਲੱਖ ਹੋ ਗਏ। ਇਸ ਤੋਂ ਇਲਾਵਾ ਪਾਣੀ ਦੇ ਕੁਨੈਕਸ਼ਨਾਂ ਦੀ ਗਿਣਤੀ 1,71,420 ਤੋਂ ਵੱਧ ਕੇ 1,72,471 ਅਤੇ ਸੀਵਰੇਜ ਦੇ ਕੁਨੈਕਸ਼ਨਾਂ ਦੀ ਗਿਣਤੀ 1,03,671 ਤੋਂ ਵੱਧ ਕੇ 1,04,628 ਹੋ ਗਈ।



