ਚੰਡੀਗੜ੍ਹ, 4 ਫਰਵਰੀ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸੀ.ਐਮ. ਵਿੰਡੋ ’ਤੇ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ’ਤੇ ਹੋਈ ਕਾਰਵਾਈ ਦੀ ਨਿਗਰਾਨੀ ਲਈ ਜਲਦ ਹੀ ਆਨ-ਲਾਇਨ ਸਿਸਟਮ ਸ਼ੁਰੂ ਕੀਤਾ ਜਾਵੇਗਾ, ਜਿਸ ਦੇ ਤਹਿਤ ਕਾਲ ਸੈਂਟਰ ਸਥਾਪਿਤ ਕਰਕੇ ਹਰੇਕ ਸ਼ਿਕਾਇਤਕਰਤਾ ਤੋਂ ਉਸ ਦੀ ਸ਼ਿਕਾਇਤ ਬਾਰੇ ਪੁੱਛਿਆ ਜਾਵੇਗਾ ਕਿ ਉਸ ਦੀ ਸ਼ਿਕਾਇਤ ਦਾ ਹੱਲ ਹੋਇਆ ਹੈ ਜਾਂ ਨਹੀਂ। ਮੁੱਖ ਮੰਤਰੀ ਅੱਜ ਗੁੜਗਾਉਂ ਦੇ ਅਪੈਰਲ ਹਾਊਸ ਵਿਚ ਸੂਬਾ ਸਰਕਾਰ ਦੀ 100 ਦਿਨ ਦੀਆਂ ਉਪਲੱਬਧੀਆਂ ’ਤੇ ਮੀਡਿਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਛੇਤੀ ਨਿਪਟਾਰਾ ਕਰਨ ਲਈ ਸ਼ੁਰੂ ਕੀਤੀ ਗਈ ਸੀ.ਐਮ.ਵਿੰਡੋ ’ਤੇ ਹੁਣ ਤਕ ਲਗਭਗ 17,000 ਸ਼ਿਕਾਇਤਾਂ ਮਿਲਿਆਂ ਹਨ, ਜਿੰਨ੍ਹਾਂ ਦੇ ਨਿਪਟਾਰੇ ਲਈ ਸਬੰਧਤ ਅਧਿਕਾਰੀਆਂ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ੁਰੂਆਤੀ ਤੌਰ ’ਤੇ ਪ੍ਰਾਪਤ ਹੋਇਆ ਸ਼ਿਕਾਇਤਾਂ ਵਿਚੋਂ 3380 ਸ਼ਿਕਾਇਤਾਂ ਦੀ ਰਿਪੋਰਟ ਬਣ ਕੇ ਆ ਗਈ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਰਾਜ ਵਾਸੀਆਂ ਨੂੰ ਸਾਫ ਅਤੇ ਪਾਰਦਰਸ਼ੀ, ਭ੍ਰਿਸ਼ਟਾਚਾਰ ਮੁਕਤ ਅਤੇ ਜਨਤਕ ਕਲਿਆਣ ਦੀ ਸਰਕਾਰ ਉਪਲੱਬਧ ਕਰਵਾਉਣ ਦੀ
ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਅਜੇ ਜਾਤ-ਪਾਤ ਵਿਚ ਵੰਡੀਆ ਹੋਇਆ ਹੈ, ਲੇਕਿਨ ਅਸੀਂ ‘ਹਰਿਆਣਾ ਇਕ-ਹਰਿਆਣਵੀਂ ਇਕ’ ਦੀ ਵਿਚਾਰਧਾਰਾ ਨੂੰ ਲੈ ਕੇ ਸਰਕਾਰ ਚਲਾਉਣਾ ਚਾਹੁੰਦੇ ਹਾਂ। ਹਰਿਆਣਾ ਦੇ ਨਵਨਿਰਮਾਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਵਾਸੀਆਂ ਨੂੰ ਜਵਾਬਦੇਹ ਅਤੇ ਸੰਵੇਦਨਸ਼ੀਲ ਸਰਕਾਰ ਦੇਣ ਦੀ ਪਹਿਲ ਕੀਤੀ ਜਾ ਚੁੱਕੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਵਿਰਾਸਤ ਵਿਚ ਭ੍ਰਿਸ਼ਟਾਚਾਰ ਅਤੇ ਜੰਗ ਲਗਿਆ ਹੋਇਆ ਤੰਤਰ ਮਿਲਿਆ ਸੀ, ਲੇਕਿਨ ਹੁਣ ਭ੍ਰਿਸ਼ਟਾਚਾਰ ’ਤੇ ਕਾਫੀ ਹੱਦ ਤਕ ਕਾਬੂ ਪਾਇਆ ਜਾ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਜੀਲੈਂਸ ਨੂੰ ਚੁਸਤ-ਦਰੁਸਤ ਕੀਤਾ ਗਿਆ ਹੈ। ਇੰਨ੍ਹਾਂ 100 ਦਿਨਾਂ ਵਿਚ ਵਿਜੀਲੈਂਸ ਵੱਲੋਂ ਜਿੰਨੇ ਮਾਮਲੇ ਭ੍ਰਿਸ਼ਟਾਚਾਰ ਦੇ ਫੜੇ ਹਨ, ਇੰਨ੍ਹੇ ਪਿਛਲੇ 10 ਸਾਲਾਂ ਵਿਚ ਨਹੀਂ ਫੜੇ ਗਏ।



