ਚੰਡੀਗੜ੍ਹ, 4 ਫਰਵਰੀ (ਪੀ. ਟੀ.)-Êਪੰਜਾਬ ਸਰਕਾਰ ਵਲੋਂ ਉਭਰਦੇ ਖਿਡਾਰੀਆਂ ਨੂੰ ਹੋਰ ਤਰਾਸ਼ਣ ਲਈ ‘ਸਪੀਡ ਫੰਡ ਸਕੀਮ’ ਤਹਿਤ ਸੂਬੇ ਭਰ ਦੀਆਂ ਖੇਡ ਅਕਾਦਮੀਅ੍ਯਾਂ ਵਿਚ ਮੁਫਤ ਸਿਖਲਾਈ, ਮੈਡੀਕਲ ਤੇ ਆਵਾਜਾਈ ਸਹੂਲਤਾਂ ਦੇਣ ਦੀ ਯੋਜਨਾ ਲਾਗੂ ਕੀਤੀ ਗਈ ਹੈ। ਅੱਜ ਇੱਥੇ ਖੇਡ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜਿਨ੍ਹਾਂ ਕੋਲ ਖੇਡ ਵਿਭਾਗ ਦਾ ਵੀ ਚਾਰਜ ਹੈ, ਵਲੋਂ ਰੀਓ (ਬ੍ਰਾਜ਼ੀਲ) ਵਿਖੇ 2016 ਦੌਰਾਨ ਹੋਣ ਵਾਲੀ ਉਲੰਪਿਕ ਵਿਚ ਭਾਰਤੀ ਖਿਡਾਰੀਆਂ ਦੇ ਦਲ ਵਿਚ ਸਭ ਤੋਂ ਵੱਧ ਪੰਜਾਬ ਦੇ ਖਿਡਾਰੀਆਂ ਦੀ ਸ਼ਮੂਲੀਅਤ ਦਾ ਟੀਚਾ ਰੱਖਿਆ ਗਿਆ ਹੈ ਜਿਸ ਤਹਿਤ ਉਭਰਦੇ ਖਿਡਾਰੀਅ੍ਯਾਂ ਨੂੰ ਸ਼ੈਸ਼ਨ 2015-16 ਦੌਰਾਨ ਮੁਫਤ ਭੋਜਨ ਤੇ ਸਿਖਲਾਈ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ । ਉਨ੍ਹਾਂ ਦੱਸਿਆ ਕਿ ਇਸੇ ਉਦੇਸ਼ ਦੀ ਪ੍ਰਾਪਤੀ ਲਈ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੀ ਵੀ ਸਥਾਪਨਾ ਕੀਤੀ ਗਈ ਹੈ ਜਿਸ ਤਹਿਤ 11 ਵੱਖ-ਵੱਖ ਖੇਡਾਂ ਲਈ
ਡਾਇਰੈਕਟੋਰੇਟ ਸਥਾਪਿਤ ਕੀਤੇ ਜਾ ਰਹੇ ਹਨ। ਖੇਡ ਵਿਭਾਗ ਵਲੋਂ ਐਲਾਨੇ ਗਏ ਟ੍ਰਾਇਲਾਂ ਬਾਰੇ ਬੁਲਾਰੇ ਨੇ ਕਿਹਾ ਕਿ ਜਿਨ੍ਹਾਂ ਖਿਡਾਰੀਅ੍ਯਾਂ ਨੇ ਸਬ-ਜੂਨੀਅਰ, ਜੂਨੀਅਰ ਸ਼੍ਰੇਣੀ ਵਿਚ ਸੂਬਾ ਪੱਧਰੀ ਮੁਕਾਬਲਿਆਂ ਜਾਂ ਕੌਮੀ ਮੁਕਾਬਲਿਆਂ ਵਿਚ ਪਹਿਲੀਆਂ 3 ਥਾਵਾਂ ਵਿਚੋਂ ਕੋਈ ਇਕ ਪ੍ਰਾਪਤ ਕੀਤੀ ਹੋਵੇ ਉਹ ਇਨ੍ਹਾਂ ਟ੍ਰਾਇਲਾਂ ਵਿਚ ਭਾਗ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਚੁਣੇ ਗਏ ਖਿਡਾਰੀਆਂ ਨੂੰ ਭੋਜਨ, ਸਰੀਰਕ ਤੇ ਮਾਨਸਿਕ ਸਿਖਲਾਈ ਤੋਂ ਇਲਾਵਾ ਮੈਡੀਕਲ ਤੇ ਆਵਾਜਈ ਲਈ ਪ੍ਰਤੀ ਮਹੀਨਾ 5500 ਰੁਪੈ ਦਿੱਤੇ ਜਾਣਗੇ । ਇਸ ਤੋਂ ਇਲਾਵਾ ਹਰੇਕ ਖਿਡਾਰੀ ਨੂੰ ਸਾਲਾਨਾ 10,000 ਰੁਪੈ ਦੀ ਖੇਡ ਕਿੱਟ ਵੀ ਦਿੱਤੀ ਜਾਵੇਗੀ ਤੇ ਨਾਲ ਹੀ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਵਿਚ ਭਾਗ ਲੈਣ ਲਈ ਹਰੇਕ ਤਰ੍ਹਾਂ ਦਾ ਸਹਿਯੋਗ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਾਕੀ ਦੇ ਮਰਦ ਤੇ ਔਰਤ ਵਰਗ ਦੇ ਟ੍ਰਾਇਲ 9,10,11,12 ਤੇ 14 ਫਰਵਰੀ ਨੂੰ ਉਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਜਲੰਧਰ ਵਿਖੇ ਹੋਣਗੇ ਜਦਕਿ ਫੁੱਟਬਾਲ (ਮਰਦ) ਦੇ ਟ੍ਰਾਇਲ ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ ਵਿਖੇ 13,14,15,16 ਤੇ 18 ਫਰਵਰੀ ਨੂੰ ਹੋਣਗੇ। ਇਸੇ ਤਰ੍ਹਾਂ ਅਥਲੈਟਿਕਸ ਦੇ ਟ੍ਰਾਇਲ ਸਪੋਰਟਸ ਸਕੂਲ ਜਲੰਧਰ ਵਿਖੇ 16,17,18,19 ਤੇ 21 ਫਰਵਰੀ ਨੂੰ ਅਤੇ ਸ਼ੂਟਿੰਗ ਲਈ ਪਿੰਡ ਬਾਦਲ ਵਿਖੇ 17 ਤੇ 18 ਫਰਵਰੀ ਨੂੰ ਟ੍ਰਾਇਲ ਹੋਣਗੇ। ਇਸੇ ਤਰ੍ਹਾਂ ਬਾਕਸਿੰਗ ਲਈ ਪੋਲੋ ਗਰਾਊਂਡ ਪਟਿਆਲਾ ਵਿਖੇ 23 ਤੇ 24 ਫਰਵਰੀ ਨੂੰ ਟ੍ਰਾਇਲ ਹੋਣਗੇ। ਬੁਲਾਰੇ ਨੇ ਕਿਹਾ ਕਿ ਚਾਹਵਾਨ ਉਮੀਦਵਾਰ ਸਬੰਧਿਤ ਜਿਲ੍ਹੇ ਦੇ ਖੇਡ ਅਫਸਰ ਨਾਲ ਟ੍ਰਾਇਲਾਂ ਵਾਲੇ ਦਿਨ ਸਵੇਰੇ 8 ਵਜੇ ਰਜਿਸਟ੍ਰੇਸ਼ਨ ਲਈ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ 10 ਸਪੋਰਟਸ ਅਕੈਡਮੀਆਂ ਜਿਨ੍ਹਾਂ ਵਿਚ ਉਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਜਲੰਧਰ, ਫੁੱਟਬਾਲ ਅਕੈਡਮੀ ਮਾਹਿਲਪੁਰ ਹੁਸ਼ਿਆਰਪੁਰ , ਹਾਕੀ ਅਕੈਡਮੀ (ਮਹਿਲਾ) ਪਿੰਡ ਬਾਦਲ, ਦਸ਼ਮੇਸ਼ ਮਾਰਸ਼ਲ ਆਰਟ ਐਂਡ ਸਪੋਰਟਸ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ, ਸਪੋਰਟਸ ਸਕੂਲ ਜਲੰਧਰ (ਮਰਦ), ਸਪੋਰਟਸ ਵਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੈਰੋਂ ਤਰਨਤਾਰਨ, ਮਾਲਵਾ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ, ਸਪੋਰਟਸ ਵਿੰਗ ਕੋਚਿੰਗ ਕੇਂਦਰ ਐਸ.ਏ.ਐਸ. ਨਗਰ ਤੇ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਅੰਮ੍ਰਿਤਸਰ ਸ਼ਾਮਿਲ ਹਨ ਵਿਖੇ ਦਾਖਲਾ ਦਿੱਤਾ ਜਾਵੇਗਾ।



