ਦਿੱਲੀ ਦੇ ਸਿੱਖ ਆਰ.ਐਸ.ਐਸ. ਨੂੰ ਵੋਟ ਨਾ ਪਾਉਣ
ਬਠਿੰਡਾ, 4 ਫਰਵਰੀ- ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜ਼ਬਰੀ ਸੇਵਾਮੁਕਤ ਕੀਤੇ ਗਏ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਆਪਣੇ ਸੰਦੇਸ਼ ਵਿੱਚ ਦਿੱਲੀ ਦੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਵੋਟਾਂ ਸਿੱਖ ਵਿਰੋਧੀ ਧਿਰ ਆਰ.ਐਸ.ਐਸ. ਨੂੰ ਨਾ ਦੇਣ। ਉਨ੍ਹਾਂ ਦਿੱਲੀ ਦੇ ਸਿੱਖਾਂ ਨੂੰ ਕਿਹਾ ਕਿ ਉਹ ਸਿੱਖ ਵਿਰੋਧੀ ਉਮੀਦਵਾਰਾਂ ਨੂੰ ਹਰਾਉਣ ਲਈ ਹੋਰ ਕਿਸੇ ਵੀ ਪਾਰਟੀ ਜਾਂ ਉਮੀਦਵਾਰ ਨੂੰ ਵੋਟਾਂ ਪਾਉਣ। ਅੱਜ ਆਪਣੀ ਰਿਹਾਇਸ਼ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਨੰਦਗੜ੍ਹ ਨੇ ਭਾਵੇਂ ਭਾਜਪਾ ਦਾ ਨਾਮ ਨਹੀਂ ਲਿਆ, ਪ੍ਰੰਤੂ ਉਨ੍ਹਾਂ ਦੀ ਗੱਲਬਾਤ ਦੀ ਤਿੱਖੀ ਸੁਰ ਤੋਂ ਇਹੀ ਲਗਦਾ ਸੀ ਕਿ ਉਹ ਦਿੱਲੀ ਦੇ ਸਿੱਖਾਂ ਨੂੰ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰਨ ਦੀ ਗੱਲ ਹੀ ਕਹਿ ਰਹੇ ਹਨ। ਇਸ ’ਤੇ ਅੱਗੇ ਗੱਲ ਕਰਦਿਆਂ ਉਨ੍ਹਾਂ
ਕਿਹਾ ਕਿ ਉਹ ਬਹੁਤ ਅਰਸਾ ਪਹਿਲਾਂ ਹੀ ਇਹ ਭਵਿੱਖਬਾਣੀ ਕਰ ਚੁੱਕੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਨਾਲ ਕੀਤਾ ਗਿਆ ਗਠਜੋੜ ਕਿਸੇ ਦਿਨ ਮਹਿੰਗਾ ਪਵੇਗਾ ਅਤੇ ਸਿੱਖ ਪੰਥ ਨੂੰ ਆਪਣੇ ਨਿਆਰੇਪਣ ਨੂੰ ਕਾਇਮ ਰੱਖਦਿਆਂ ਅਜਿਹੇ ਗਠਜੋੜ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੀ ਸੇਵਾ ਸੰਭਾਲਣ ਸਮੇਂ ਤੋਂ ਹੀ ਉਹ ਅਕਾਲੀ ਦਲ ਨੂੰ ਇਹ ਸਲਾਹ ਦਿੰਦੇ ਆ ਰਹੇ ਹਨ ਕਿ ਸਿੱਖ ਕੌਮ ਦੀ ਭਲਾਈ ਲਈ ਉਨ੍ਹਾਂ ਨੂੰ ਭਾਜਪਾ ਨਾਲੋਂ ਆਪਣਾ ਗਠਜੋੜ ਤੋੜ ਲੈਣਾ ਚਾਹੀਦਾ ਹੈ।
ਜਥੇਦਾਰ ਦਾ ਕਹਿਣਾ ਸੀ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਮੁੱਢ ਤੋਂ ਹੀ ਪੰਥਕ ਹਿਤਾਂ ਲਈ ਲੜਦੇ ਆ ਰਿਹਾ ਹੈ। ਉਨ੍ਹਾਂ ਦੇ ਦਾਦਾ ਮਿੱਤ ਸਿੰਘ ਨੇ ਜੈਤੋ ਦੇ ਮੋਰਚੇ ਦੌਰਾਨ ਮੁਲਤਾਨ ਜੇਲ੍ਹ ’ਚ ਸਜ਼ਾ ਕੱਟੀ ਸੀ। ਉਸ ਸਮੇਂ ਤੋਂ ਹੀ ਉਨ੍ਹਾਂ ਲਈ ਨਿੱਜ ਨਾਲੋਂ ਪੰਥਕ ਹਿਤ ਪ੍ਰਮੁੱਖ ਰਹੇ ਹਨ ਅਤੇ ਉਹ ਅੱਜ ਵੀ ਸਿੱਖ ਸਿਧਾਂਤਾਂ ਦੀ ਰਾਖੀ ਲਈ ਡੱਟਦੇ ਆ ਰਹੇ ਹਨ। ਭਾਵੇਂ ਆਰ.ਐਸ.ਐਸ. ਦੇ ਇਸ਼ਾਰੇ ਉਪਰ ਨਾਨਕਸ਼ਾਹੀ ਕੈ¦ਡਰ ਦੇ ਹੱਕ ’ਚ ਡੱਟਣ ਕਰਕੇ ਉਨ੍ਹਾਂ ਨੂੰ ਜਥੇਦਾਰੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਹੈ, ਪਰ ਦੇਸ਼ ਵਿਦੇਸ਼ ਦੀਆਂ ਲੱਖਾਂ ਸਿੱਖ ਸੰਗਤਾਂ ਨੇ ਉਨ੍ਹਾਂ ਦੇ ਇਸ ਕਦਮ ਲਈ ਸਤਿਕਾਰ ਭੇਜਿਆ ਹੈ।
ਉਨ੍ਹਾਂ ਕਿਹਾ ਕਿ ਜਦੋਂ ਉਹ ਸਿੱਖ ਪ੍ਰਚਾਰਕ ਹਰਭਜਨ ਸਿੰਘ ਜੋਗੀ ਦੇ ਭੋਗ ਸਮਾਗਮ ’ਚ ਹਿੱਸਾ ਲੈਣ ਲਈ ਅਮਰੀਕਾ ਜਾ ਰਹੇ ਸੀ, ਪਰ ਜਦੋਂ ਹਵਾਈ ਅੱਡੇ ’ਤੇ ਉਨ੍ਹਾਂ ਨੂੰ ਸ਼੍ਰੀ ਸਾਹਿਬ ਲਾਹੁਣ ਲਈ ਕਿਹਾ ਗਿਆ ਤਾਂ ਉਨ੍ਹਾਂ ਸਿੱਖੀ ਸਿਧਾਂਤਾਂ ’ਤੇ ਪਹਿਰਾ ਦਿੰਦਿਆਂ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਦਾ ਮਾਣ-ਸਤਿਕਾਰ ’ਤੇ ਪਹਿਰਾ ਦਿੰਦਿਆਂ ਅਮਰੀਕਾ ਜਾਣ ਤੋਂ ਇਨਕਾਰ ਕਰ ਦਿੱਤਾ ਸੀ।
ਜਥੇਦਾਰ ਨੇ ਅੱਗੇ ਦੱਸਿਆ ਕਿ ਉਹ ਸਿੱਖ ਪੰਥ ਨੂੰ ਇਕ ਪਲੇਟਫਾਰਮ ’ਤੇ ਇਕੱਠ ਕਰਨ ਦੀ ਮੁਹਿੰਮ ਸ਼ੁਰੂ ਕਰਨਗੇ ਤਾਂ ਜੋ ਸਿੱਖ ਵਿਰੋਧੀ ਤਾਕਤਾਂ ਦੁਆਰਾ ਰਚੇ ਛੜੰਤਰ ਨੂੰ ਸਿੱਖ ਜਗਤ ਵਿੱਚ ਨੰਗਾ ਕੀਤਾ ਜਾ ਸਕੇ ਅਤੇ ਸਿੱਖ ਸਿਧਾਂਤਾਂ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਖੌਤੀ ਪੰਥਕ ਆਗੂਆਂ ਨੇ ਬਿਕਰਮੀ ਕੈ¦ਡਰ ਲਾਗੂ ਕਰਨ ਲਈ ਆਰ.ਐਸ.ਐਸ. ਨਾਲ ਗੁਪਤ ਸੌਦੇਬਾਜੀ ਕੀਤੀ ਹੈ ਤਾਂ ਜੋ ਸਿੱਖ ਸਿਧਾਂਤਾਂ ਨੂੰ ਮਲੀਆਮੇਟ ਕੀਤਾ ਜਾ ਸਕੇ ਪ੍ਰੰਤੂ ਸਿੱਖ ਸੰਗਤਾਂ ਅਜਿਹੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ।
ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦੀ ਨਾਲਾਇਕੀ ਕਰਕੇ ਹੀ ਪੰਜਾਬ ਅੰਦਰ ਡੇਰਾਵਾਦ ਵਧਿਆ ਹੈ।
ਉਨ੍ਹਾਂ ਆਪਣੀ ਇਸ ਸੇਵਾ ਦੌਰਾਨ ਹਜ਼ਾਰਾਂ ਪ੍ਰਾਣੀਆਂ ਨੂੰ ਅੰਮਿਤਪਾਨ ਕਰਵਾ ਕੇ ਗੁਰੂ ਦੇ ਸਿਧਾਂਤਾਂ ਨਾਲ ਜੋੜਿਆ ਅਤੇ ਤਖ਼ਤ ਸਾਹਿਬ ਦੀ ਇਤਿਹਾਸਕ ਮਹੱਤਤਾ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਸੰਤ ਸਮਾਜ ਆਰ.ਐਸ.ਐਸ. ਦਾ ਹੀ ਇਕ ਵਿੰਗ ਹੈ ਜੋ ਸਿੱਖ ਵਿਰੋਧੀ ਤਾਕਤਾਂ ਦੇ ਮੋਢਿਆਂ ’ਤੇ ਚੜ੍ਹ ਕੇ ਕਾਰਵਾਈ ਕਰ ਰਿਹਾ ਹੈ।
ਸੰਤ ਸਮਾਜ ’ਤੇ ਸਖਤ ਟਿੱਪਣੀ ਕਰਦਿਆਂ ਜਥੇਦਾਰ ਨੰਦਗੜ੍ਹ ਨੇ ਕਿਹਾ ਕਿ ਧਰਮ ਨਾਲ ਜੁੜੇ ਲੋਕਾਂ ਨੂੰ ਯੂਨੀਅਨ ਬਣਾਉਣ ਦੀ ਲੋੜ ਪੈ ਗਈ, ਜਦਕਿ ਇਹ ਕੰਮ ਤਾਂ ਟਰੱਕ ਤੇ ਟੈਕਸੀ ਵਾਲਿਆਂ ਦਾ ਹੁੰਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਬਾਦਲ ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਕਰਕੇ ਪੰਥਕ ਸੋਚ ਨੂੰ ਬੇਦਾਵਾ ਦੇ ਦਿੱਤਾ ਹੈ।
ਉਨ੍ਹਾਂ ਨੇ ਖਦਸ਼ਾ ਪ੍ਰਗਟ ਕੀਤਾ ਕਿ ਜੇਕਰ ਸਿੱਖ ਵਿਰੋਧੀ ਤਾਕਤਾਂ ਨਾਨਕਸ਼ਾਹੀ ਕੈ¦ਡਰ ਨੂੰ ਰੱਦ ਕਰਵਾਉਣ ’ਚ ਸਫ਼ਲ ਹੋ ਗਈਆਂ ਤਾਂ ਇਨ੍ਹਾਂ ਦਾ ਅਗਲਾ ਕਦਮ ਪੰਥਕ ਮਰਿਆਦਾ ਨੂੰ ਖ਼ਤਮ ਕਰਨਾ ਹੋਵੇਗਾ, ਜਿਸ ਤੋਂ ਸਿੱਖ ਪੰਥ ਨੂੰ ਸੁਚੇਤ ਹੋਣ ਦੀ ਲੋੜ ਹੈ।



