ਸ਼ੱਕੀ ਫੰਡ ਸਵੀਕਾਰ ਕਰ ਕੇ ‘ਆਪ’ ਨੇ ਸਾਬਿਤ ਕਰ ਦਿੱਤਾ ਕਿ ਪਾਰਟੀ ਦੀ ਕਹਿਣੀ ਤੇ ਕਥਣੀ ’ਚ ਜ਼ਮੀਨ-ਆਸਮਾਨ ਦਾ ਫਰਕ
ਜਲੰਧਰ/ਨਵੀਂ ਦਿੱਲੀ, 3 ਫਰਵਰੀ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਦਿੱਲੀ ਨੂੰ ਅਜਿਹੇ ਮੁੱਖ ਮੰਤਰੀ ਦੀ ਲੋੜ ਹੈ ਜੋ ਕੇਂਦਰ ਸਰਕਾਰ ਨਾਲ ਤਾਲਮੇਲ ਰੱਖਦਿਆਂ ਦਿੱਲੀ ’ਚ ਵਿਕਾਸ ਕਰਾ ਸਕੇ ਇਸ ਲਈ ਦਿੱਲੀ ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਆਮ ਆਦਮੀ ਪਾਰਟੀ ਅਤੇ ਇਸ ਦੇ ਮੁਖੀ ਅਰਿਵੰਦ ਕੇਜਰੀਵਾਲ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਦਿੱਲੀ ’ਚ ਭਾਜਪਾ ਦੀ ਸਰਕਾਰ ਸਥਾਪਿਤ ਕਰਨ।ਨਵੀਂ ਦਿੱਲੀ ’ਚ ਕਾਲਕਾਜੀ ਦੀ ਐਮ.ਸੀ.ਡੀ ਪਾਰਕ ਵਿਖੇ ਹੋਏ ਵੱਡੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਦਿੱਲੀ ਸਰਕਾਰ ਬਹੁਤ ਸਾਰੇ ਮਾਮਲਿਆਂ ’ਚ ਕੇਂਦਰ ਸਰਕਾਰ ਦਾ ਹੀ ਹਿੱਸਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦੇ ਬਹੁਤ ਸਾਰੇ ਵਿਭਾਗ ਕੇਂਦਰ ਸਰਕਾਰ ਦੇ
ਅਧਿਕਾਰ ਖੇਤਰ ਹੀ ਆਉਂਦੇ ਹਨ ਇਸ ਲਈ ਦਿੱਲੀ ਦੇ ਹਿਤ ’ਚ ਇਹੀ ਹੋਵੇਗਾ ਕਿ ਇਥੇ ਭਾਜਪਾ ਦੀ ਸਰਕਾਰ ਸਥਾਪਤ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਹੱਕ ’ਚ ਭੁਗਤਣ ਵਾਲੀ ਹਰ ਵੋਟ ਅਰਾਜਕਤਾ ਨੂੰ ਬੜਾਵੇ ਦੇਵੇਗੀ ਜਦੋਂ ਕਿ ਅਕਾਲੀ-ਭਾਜਪਾ ਗਠਜੋੜ ਨੂੰ ਪਾਈ ਗਈ ਵੋਟ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦਿੱਲੀ ’ਚ ਵਿਕਾਸ ਦਾ ਨਵਾਂ ਦੌਰ ਸ਼ੁਰੂ ਕਰੇਗੀ। ਦਿੱਲੀ ਵਾਸੀਆਂ ਨੂੰ ਵੋਟ ਪਾਉਣ ਤੋਂ ਪਹਿਲਾਂ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਗਏ ਕੰਮਾਂ ਦੀ ਤੁਲਨਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਕੰਮਾਂ ਨਾਲ ਕਰਨ ਦਾ ਸੱਦਾ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇੱਕ ਪਾਸੇ ਅਰਾਜਕਤਾ ਫਲਾਉਣ ਵਾਲਾ ਆਗੂ ਹੈ ਜੋ ਸਿਰਫ ਧਰਨਿਆਂ ’ਚ ਵਿਸ਼ਵਾਸ ਰੱਖਦਾ ਹੈ ਅਤੇ ਦੂਸਰੇ ਪਾਸੇ ਸ੍ਰੀ ਨਰਿੰਦਰ ਮੋਦੀ ਵਰਗੀ ਸ਼ਖਸੀਅਤ ਹੈ ਜਿਸ ਨੇ ਭਾਰਤ ਦੀ ਸਥਿਤੀ ਦੁਨਿਆ ਭਰ ’ਚ ਮਜ਼ਬੂਤ ਕੀਤੀ ਹੈ ਅਤੇ ਅਮਰੀਕਾ ਦੇ ਰਾਸ਼ਟਰਪਤੀ ਸ੍ਰੀ ਬਰਾਕ ਓਬਾਮਾ ਦੀ ਭਾਰਤ ਫੇਰੀ ਇਸ ਦੀ ਤਾਜ਼ਾ ਉਦਹਾਰਣ ਹੈ। ਸ. ਬਾਦਲ ਨੇ ਕਿਹਾ ਕਿ ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ ਤਾਂ ਹਾਲ ਹੀ ਵਿੱਚ ਹੋਏ ਖੁਲਾਸਿਆਂ ਤੋਂ ਇਸ ਪਾਰਟੀ ਦੇ ਆਗੂਆਂ ਦੀਆਂ ਕਰਤੂਤਾਂ ਤੇ ਉਪਦੇਸ਼ਾਂ ਵਿਚਲਾ ਫਰਕ ਸਾਫ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਆਗੂ ਹਮੇਸ਼ਾਂ ਦੁਹਾਈ ਦਿੰਦੇ ਰਹੇ ਕਿ ਉਹ ਕੋਈ ਵੀ ਸ਼ੱਕੀ ਜਾਂ ਕਾਲੇ ਧਨ ਦਾ ਚੰਦਾ ਸਵਿਕਾਰ ਨਹੀਂ ਕਰਨਗੇ ਪਰ ਇਸੇ ਪਾਰਟੀ ਨੇ ਇੱਕੋ ਹੀ ਬੋਗਸ ਕੰਪਨੀ ਤੋਂ ਚਾਰ ਵੱਖ-ਵੱਖ ਚੈਕਾਂ ਰਾਹੀਂ 4 ਕਰੋੜ ਰੁਪਏ ਦਾ ਚੰਦਾ ਵਸੂਲਿਆਂ ਜੋ ਕਿ ਸਿੱਧਾ-ਸਿੱਧਾ ਕਾਲੇ ਧਨ ਨੂੰ ਸਫੈਦ ਕਰਨ ਦਾ ਮਾਮਲਾ ਹੈ।
ਕਾਲਕਾਜੀ ਤੋਂ ਗਠਜੋੜ ਦੇ ਉਮੀਦਵਾਰ ਸ. ਹਰਮੀਤ ਸਿੰਘ ਕਾਲਕਾ ਨੂੰ ਮੁੜ ਵੱਡੇ ਫਰਕ ਨਾਲ ਜਿਤਾਉਣ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਸ. ਕਾਲਕਾ ਨੇ ਵਿਧਾਇਕ ਵਜੋਂ ਆਪਣੇ ਇੱਕ ਸਾਲ ਤੋਂ ਵੀ ਘੱਟ ਦੇ ਕਾਰਜਕਾਲ ਦੌਰਾਨ ਹਲਕੇ ਦੇ ਵਿਕਾਸ ਲਈ 36 ਕਰੋੜ ਰੁਪਏ ਦਾ ਫੰਡ ਲਿਆਂਦਾ। ਉਨ੍ਹਾਂ ਕਿਹਾ ਕਿ ਕਾਲਕਾਜੀ ਹਲਕੇ ਦੇ ਇਤਿਹਾਸ ’ਚ ਇਸ ਦੀ ਕੋਈ ਮਿਸਾਲ ਨਹੀਂ ਮਿਲਦੀ।
ਇਸ ਮੌਕੇ ਬੋਲਦਿਆਂ ਸ. ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਉਨ੍ਹਾਂ ਹਲਕੇ ਦੇ ਵਿਕਾਸ ਲਈ ਸਿਰਫ 36 ਕਰੋੜ ਰੁਪਏ ਹੀ ਨਹੀਂ ਲਿਆਂਦੇ ਬਲਕਿ ਉਨ੍ਹਾਂ ਜੋ-ਜੋ ਹੋਰ ਵਿਕਾਸ ਦੇ ਕੰਮ ਆਰੰਭ ਕਰਵਾਏ ਹਨ ਉਨ੍ਹਾਂ ਦੀ ਸੂਚੀ ਵਾਲੇ ਪਰਚੇ ਵੀ ਲੋਕਾਂ ’ਚ ਵੰਡ ਰਹੇ ਹਨ। ਆਮ ਆਦਮੀ ਪਾਰਟੀ ਦੇ ਹਲਕੇ ਤੋਂ ਸਾਬਕਾ ਉਮੀਦਵਾਰ ਸ੍ਰੀ ਧਰਮਵੀਰ ਜੋ ਹੁਣ ਸ. ਹਰਮੀਤ ਸਿੰਘ ਕਾਲਕਾ ਦੀ ਹਿਮਾਇਤ ਕਰ ਰਹੇ ਹਨ ਨੇ ਵੀ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਨੂੰ ਪੂਰੀ ਤਰ੍ਹਾਂ ਨਕਾਰ ਦੇਣ।



