ਜੈਤੋ, 1 ਫਰਵਰੀ (ਜੋਗਿੰਦਰ ਕਾਲੜਾ)- ਥਾਣੇਦਾਰ ਦੇ ਕਥਿਤ ਧੱਕੜ ਰਵੱਈਏ ਤੋਂ ਸਤੀ ਔਰਤ ਨੇ ਅੱਜ ਜੈਤੋ ਥਾਣੇ ਵਿਚ ਕੀਟਨਾਸ਼ਕ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ। ਮਾਮਲਾ ਉਲਟਿਆ ਵੇਖ ਪੁਲੀਸ ਦੇ ਹੱਥਾਂ ਦੇ ਤੋਤੇ ਉੱਡੇ ਗਏ। ਮੌਕੇ ’ਤੇ ਹਾਜ਼ਰ ਪੁਲੀਸ ਦੇ ਛੋਟੇ ਅਧਿਕਾਰੀ ਮਾਮਲੇ ’ਤੇ ਮਿੱਟੀ ਪਾਉਣ ਲਈ ਹੱਲ ਤਲਾਸ਼ਦੇ ਰਹੇ। ਇਸ ਘਟਨਾ ’ਚ ਇਥੋਂ ਦੇ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਪਿੰਡ ਸੂਰਘੂਰੀ ਦੀ ਮਨਦੀਪ ਕੌਰ ਪਤਨੀ ਜਗਤਾਰ ਸਿੰਘ ਨੇ ਦੱਸਿਆ ਕਿ ਗਲੀ ਦੀ ਨਾਲੀ ਦੇ ਝਗੜੇ ਦੇ ਸਬੰਧ ਵਿਚ ਅੱਜ ਉਸ ਨੂੰ ਇਕ ਏ.ਐਸ.ਆਈ. ਨੇ 10 ਵਜੇ ਥਾਣੇ ’ਚ ਸੱਦਿਆ ਸੀ। ਇਸ ਮੌਕੇ ਪਿੰਡ ਦੇ ਪੰਚਾਇਤੀ ਨੁਮਾਇੰਦੇ ਅਤੇ ਵਿਰੋਧੀ ਗੁੱਟ ਦੇ ਬੰਦੇ ਵੀ ਆਏ ਹੋਏ ਸਨ। ਮਨਦੀਪ ਕੌਰ
ਨੇ ਥਾਣੇਦਾਰ ’ਤੇ ਜ਼ਬਰਦਸਤੀ ਰਾਜ਼ੀਨਾਮਾ ਕਰਾਉਣ ਦੇ ਦੋਸ਼ਾਂ ਤੋਂ ਇਲਾਵਾ ਗਾਲੀ-ਗਲੋਚ ਕਰਨ, ਥੱਪੜ ਮਾਰਨ ਅਤੇ ਧੂਹ ਕੇ ਹਵਾਲਾਤ ਵਿਚ ਬੰਦ ਕਰਨ ਦੇ ਦੋਸ਼ ਲਾਏ। ਉਸ ਨੇ ਕਿਹਾ ਇਸੇ ਦੌਰਾਨ ਉਸ ਨੇ ਆਪਣੇ ਨਾਲ ਸ਼ੀਸ਼ੀ ਵਿਚ ਲਿਆਂਦਾ ਤਰਲ ਕੀਟਨਾਸ਼ਕ ਪੀ ਲਿਆ। ਮਨਦੀਪ ਕੌਰ ਅਨੁਸਾਰ ਉਸ ਨੂੰ ਉਸ ਦਾ ਪਤੀ ਜਗਤਾਰ ਸਿੰਘ ਹਸਪਤਾਲ ਲੈ ਕੇ ਆਇਆ। ਜਗਤਾਰ ਸਿੰਘ ਨੇ ਦੱਸਿਆ ਕਿ ਝਗੜਾ ਪੁਰਾਣਾ ਹੈ ਅਤੇ ਇਸ ਦੇ ਸਬੰਧ ’ਚ 26 ਸਤੰਬਰ 2013 ਨੂੰ ਜੈਤੋ ਥਾਣੇ ’ਚ ਉਸਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਐਫ.ਆਈ.ਆਰ ਨੰਬਰ 120 ਦਰਜ ਕੀਤੀ ਹੋਈ ਹੈ। ਉਸ ਨੇ ਪੁਲੀਸ ’ਤੇ ‘ਵੱਢੀ ਖਾਣ’ ਦਾ ਦੋਸ਼ ਲਾਉਂਦਿਆਂ ਆਖਿਆ ਕਿ ਪੁਲੀਸ ਇਸੇ ਲਈ ਅੱਜ ਇਕਤਰਫ਼ਾ ਕਾਰਵਾਈ ਕਰ ਰਹੀ ਸੀ ਜਿਸ ਤੋਂ ਦੁਖੀ ਹੋ ਕੇ ਉਸ ਦੀ ਪਤਨੀ ਨੂੰ ਇਹ ਕਦਮ ਚੁੱਕਣਾ ਪਿਆ।
… ਤੇ ਥਾਣੇਦਾਰ ਬਾਲੜੀ ਤੋਂ ਮੂੰਹ ਲੁਕਾਉਣ ਲਈ ਪਰ੍ਹੇ ਖਿਸਕ ਗਿਆ-ਹਸਪਤਾਲ ’ਚ ਮੌਜੂਦ ਏ.ਐਸ.ਆਈ. ਜਰਨੈਲ ਸਿੰਘ ਨੇ ਔਰਤ ਨਾਲ ਕਿਸੇ ਵੀ ਕਿਸਮ ਦੀ ਜ਼ਿਆਦਤੀ ਤੋਂ ਇਨਕਾਰ ਕੀਤਾ। ਇਸ ਅਧਿਕਾਰੀ ਨੇ ਜਦੋਂ ਇਹ ਕਿਹਾ ਕਿ ਮਨਦੀਪ ਕੌਰ ਨੇ ਦਵਾਈ ਥਾਣੇ ’ਚ ਨਹੀਂ ਬਲ ਕਿ ਆਪਣੇ ਘਰੇ ਜਾ ਕੇ ਪੀਤੀ ਹੈ ਤਾਂ ਉਥੇ ਖੜੋਤੀ ਮਨਦੀਪ ਕੌਰ ਦੀ 13 ਕੁ ਵਰ੍ਹਿਆਂ ਦੀ ਅੱਠਵੀਂ ’ਚ ਪੜ੍ਹਦੀ ਬਾਲੜੀ ਹਰਪ੍ਰੀਤ ਆਪਣੇ ਹੰਝੂ ਨਾ ਰੋਕ ਸਕੀ। ਉਸ ਨੇ ਭੁੱਬਾਂ ਮਾਰ ਕੇ ਰੋਂਦਿਆਂ ਪੁਲੀਸ ਅਧਿਕਾਰੀ ਦੇ ਸਾਹਮਣੇ ਹੀ ਉਸ ’ਤੇ ਝੂਠ ਬੋਲਣ ਦਾ ਦੋਸ਼ ਲਾਇਆ। ਉਸ ਨੇ ਹੁਬਕੀਂ-ਹੁਬਕੀਂ ਰੋਂਦਿਆਂ ਆਖਿਆ ਕਿ ਜਦੋਂ ਪੁਲੀਸ ਵਾਲਾ ਉਸ ਦੀ ਮਾਂ ਨੂੰ ਧੂਹ ਕੇ ਹਵਾਲਾਤ ’ਚ ਬੰਦ ਕਰ ਰਿਹਾ ਸੀ ਤਾਂ ਉਸ ਵਕਤ ਉਹੋ ਆਪਣੀ ਮਾਂ ਦੇ ਨਾਲ ਹੀ ਸੀ। ਬੱਚੀ ਦੀਆਂ ਗੱਲਾਂ ਸੁਣ ਕੇ ਥਾਣੇਦਾਰ ਉਥੋਂ ਪਰ੍ਹੇ ਖਿਸਕ ਗਿਆ।
ਸਾਰਿਆਂ ਨੂੰ ਫਸਾਉਣ ਲਈ ਦਵਾਈ ਪੀਤੀ: ਐਸ.ਐਚ.ਓ.
ਵਿਭਾਗੀ ਕੰਮ ਲਈ ਬਾਹਰ ਗਏ ਐਸ.ਐਚ.ਓ. ਅਮਰਜੀਤ ਸਿੰਘ ਕੁਲਾਰ ਨੇ ਦੱਸਿਆ ਕਿ ਮਨਦੀਪ ਕੌਰ ਤੇ ਉਸ ਦੇ ਪਤੀ ਨੂੰ ਏ.ਐਸ.ਆਈ ਬਲਜੀਤ ਸਿੰਘ ਨੇ ਅੱਜ ਨਾਲੀ ਦੇ ਝਗੜੇ ਦੇ ਸਬੰਧ ਵਿਚ ਥਾਣੇ ਸੱਦਿਆ ਸੀ। ਉਨ੍ਹਾਂ ਆਖਿਆ ਕਿ ਮਨਦੀਪ ਕੌਰ ਜਦੋਂ ਪੰਚਾਇਤ ਵਿਚ ਝੂਠੀ ਪੈ ਗਈ ਤਾਂ ਉਸ ਨੇ ਸਾਰਿਆਂ ਨੂੰ ਉਲਝਾਉਣ ਲਈ ਜ਼ਹਿਰ ਪੀਣ ਦੀ ਪਹਿਲਾਂ ਰਚੀ ਸਾਜਿਸ਼ ਨੂੰ ਅੰਜ਼ਾਮ ਦਿੱਤਾ। ਉਨ੍ਹਾਂ ਆਖਿਆ ਕਿ ਇਸ ਔਰਤ ਨੇ ਪਹਿਲਾਂ ਪੁਲੀਸ ਹੈਲਪਲਾਈਨ 181 ਨੰਬਰ ’ਤੇ ਚਾਰ ਸ਼ਿਕਾਇਤਾਂ ਦਰਜ ਕਰਵਾਈਆਂ ਸਨ ਜੋ ਤਫ਼ਤੀਸ਼ ਦੌਰਾਨ ਸਾਰੀਆਂ ਝੂਠੀਆਂ ਸਿੱਧ ਹੋਈਆਂ ਸਨ।
ਮਾਮਲੇ ਦੇ ਦੋਸ਼ੀਆਂ ਦੀ ਪੜਤਾਲ ਹੋਵੇਗੀ: ਡੀ.ਐਸ.ਪੀ.
ਜੈਤੋ ਦੇ ਡੀ.ਐਸ.ਪੀ. ਗੁਰਜੀਤ ਸਿੰਘ ਰੋਮਾਣਾ ਐਸ.ਐਸ.ਪੀ. ਵੱਲੋਂ ਬੁਲਾਈ ਮੀਟਿੰਗ ’ਚ ਸ਼ਾਮਿਲ ਹੋਣ ਲਈ ਫ਼ਰੀਦਕੋਟ ਗਏ ਹੋਏ ਸਨ। ਉਨ੍ਹਾਂ ਫ਼ੋਨ ’ਤੇ ਦੱਸਿਆ ਕਿ ਉਹ ਵਾਪਿਸ ਆ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨਗੇ ਅਤੇ ਦੋਸ਼ੀ ਸਿੱਧ ਹੋਣ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਹਰ ਹਾਲਤ ਕੀਤੀ ਜਾਵੇਗੀ।



