ਸੰਗਰੂਰ, 28 ਜਨਵਰੀ (ਹਰਜੀਤ ਸਿੰਘ ਹਸਨਪੁਰੀ)- ਪਿੰਡ ਘਨੌਰੀ ਕਲਾਂ ਵਿੱਚ ਬਣਾਏ ਜਾ ਰਹੇ ਮੀਟ ਪਲਾਂਟ ਨੂੰ ਬੰਦ ਕਰਵਾਉਣ ਲਈ ਸੰਘਰਸ਼ ਦੇ ਰਾਹ ਪਏ ਪਿੰਡ ਵਾਸੀ ਕੱਲ੍ਹ ਸੰਤ ਸਮਾਜ ਤੇ ਬੁੱਚੜਖਾਨਾ ਵਿਰੋਧੀ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੰਗਤ ਦਰਸ਼ਨ ਦੌਰਾਨ ਘਨੌਰੀ ਕਲਾਂ ਵਿੱਚ ਮਿਲੇ ਪਰ ਮੁੱਖ ਮੰਤਰੀ ਵੱਲੋਂ ਲੋਕਾਂ ਦੇ ਇਸ ਗੰਭੀਰ ਮਾਮਲੇ ਦਾ ਉਕਾ ਹੀ ਨੋਟਿਸ ਨਾ ਲੈਣ ਤੋਂ ਭੜਕੇ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਖ਼ਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਸ਼ੇਰਪੁਰ ਧੂਰੀ ਮੁੱਖ ਸੜਕ ’ਤੇ ਆਵਾਜਾਈ ਠੱਪ ਕਰ ਦਿੱਤੀ। ਬਾਅਦ ਵਿੱਚ ਐਸਐਚਓ ਸਦਰ ਪਰਮਿੰਦਰ ਸਿੰਘ ਬਾਠ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਕੇ ਜਾਮ ਖੁੱਲ੍ਹਵਾਇਆ।
ਕੱਲ੍ਹ ਸਵੇਰੇ ਪਿੰਡ ਘਨੌਰੀ ਕਲਾਂ ਦੇ ਧੂਰੀ ਵਾਲੇ ਪਾਸੇ ਸੰਤ ਸਮਾਜ ਵੱਲੋਂ ਗਊ ਰੱਖਿਆ ਮਿਸ਼ਨ ਦੇ ਸੁਆਮੀ ਕ੍ਰਿਸ਼ਨਾਨੰਦ ਭੂਰੀ ਵਾਲੇ, ਸੁਆਮੀ ਅਮ੍ਰਿਤਾ ਨੰਦ ਝਲੂਰ ਵਾਲੇ, ਬਾਬਾ ਸੁੱ ਸਿੰਘ ਟੂਸੇ ਮਾਛੀਵਾੜੇ ਵਾਲੇ ਅਤੇ ਬਾਬਾ ਭੁਪਿੰਦਰ ਸਿੰਘ ਪਟਿਆਲੇ ਵਾਲੇ ਦੀ ਅਗਵਾਈ ਹੇਠ ਰੋਸ ਰੈਲੀ ਕੀਤੀ ।ਜਿਸ ਵਿੱਚ ਗਊ ਰਕਸ਼ਾ ਬੋਰਡ ਪੰਜਾਬ ਦੇ ਚੇਅਰਮੈਨ ਕੀਮਤੀ ਲਾਲ ਭਗਤ ਬਜਰੰਗ ਦਲ ਦੇ ਜ਼ਿਲ੍ਹਾ ਆਗੂ ਰਜਿੰਦਰ ਮਲੇਰਕੋਟਲਾ ਅਤੇ ਯੂਥ ਕਾਂਗਰਸ ਦੇ ਆਰਓ ਦਲਵੀਰ ਸਿੰਘ ਗੋਲਡੀ ਖੰਗੂੜਾ ਵੀ ਵਿਸ਼ੇਸ਼ ਤੌਰ ’ਤੇ ਪੁੱਜੇ। ਸੰਤ ਸਮਾਜ ਨੇ ਸਪਸੱ ਕੀਤਾ ਕਿ ਪੰਜਾਬ ਦੀ ਧਰਤੀ ’ਤੇ ਬੁੱਚੜਖਾਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਘਨੌਰੀਕਲਾਂ ਦੇ ਬੁੱਚੜਖਾਨੇ ਮਗਰੋਂ ਦਰਜਨ ਤੋਂ ਵੱਧ ਬੁੱਚੜਖਾਨੇ ਪੰਜਾਬ ਵਿੱਚ ਹੋਰ ਖੁੱਲ੍ਹੇ ਜਾਣ ਦੀ ਤਜਵੀਜ਼ ਹੈ। ਡੀ ਐਸਪੀ ਕ੍ਰਿਸ਼ਨ ਕੁਮਾਰ ਪੈਂਥੇ ਨੇ ਸੰਤ ਸਮਾਜ ਐੈਕਸ਼ਨ ਕੇਮਟੀ ਦੇ ਆਗੂਆਂ ਨੂੰ ਆਪਣੇ ਨਾਲ ਲੈ ਕੇ ਮੁੱਖ ਮੰਤਰੀ ਨੂੁੰ ਮਿਲਣ ਲਈ ਗਏ, ਜਿੱਥੇ ਮੁੱਖ ਮੰਤਰੀ ਨੇ ਉਨ੍ਹਾਂ ਦੇ ਮਾਮਲੇ ਨੂੰ ਬਹੁਤੀ ਤਵੱਜੋ ਨਾ ਦਿੱਤੀ। ਜਦੋਂ ਇਸ ਗੱਲ ਦਾ ਪਤਾ ਪਿੰਡ ਵਾਸੀਆਂ ਨੂੰ ਲੱਗਿਆ ਤਾਂ ਉਨ੍ਹਾਂ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਮਾਰਦਿਆਂ ਸੜ੍ਹਕ ਜਾਮ ਕਰ ਦਿੱਤੀ। ਬਾਅਦ ਵਿੱਚ ਸੰਤ ਬਾਬਾ ਸ਼ੁੱਧ ਸਿੰਘ ਟੂਸੇ ਨੇ 28 ਜਨਵਰੀ ਪਿੰਡ ਘਨੌਰੀ ਕਲਾਂ ਦੇ ਗੁਰਦੁਆਰਾ ਕਰਤਾਰਸ਼ਰ ਵਿਖੇ ਦੁਪਹਿਰ 2 ਵਜੇ ਦੀਵਾਨ ਕਰਵਾਉਣ ਦਾ ਫੈਸਲਾ ਕੀਤਾ। ਉਧਰ ਪਿੰਡ ਦੇ ਨੌਜਵਾਨਾਂ ਨੇ 28 ਦੇ ਦੀਵਾਨਾਂ ਵਿੱਚ ਵੱਡਾ ਇੱਕਠ ਕਰਨ ਲਈ ਐਕਸ਼ਨ ਕਮੇਟੀ ਦੇ ਆਗੂਆਂ ਦੀ ਅਗਵਾਈ ਹੇਠ ਚੇਤਨਾ ਮਾਰਚ ਕੀਤਾ।



