ਬਰਨਾਲਾ, 1 ਅਗਸਤ ਜਤਿੰਦਰ ਦਿਓਗਣ)- ਪੰਜਾਬ ਵਿੱਚ ਵਾਪਰੇ ਕਾਲੇ ਦੌਰ ਦੌਰਾਨ ਫਰਜੀ ਮੁਕਾਬਲਿਆਂ ਵਿੱਚ ਮਾਰੇ ਗਏ ਬੇਕਸੂਰ ਹਜਾਰਾਂ ਨੌਜਵਾਨਾਂ ਬਾਰੇ ਪੰਜਾਬ ਪੁਲਿਸ ਦੇ ਸਬ ਇਸਪੈਕਟਰ ਸੁਰਜੀਤ ਸਿੰਘ ਵੱਲੋਂ ਕੀਤੇ ਖੁਲਾਸੇ ਦੇ ਬਾਅਦ ਹੋਰ ਕਈ ਪਰਤਾਂ ਖੁਲਣੀਆਂ ਸ਼ੁਰੂ ਹੋ ਗਈਆਂ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਬਰਨਾਲਾ ਜਿਲ੍ਹੇ ਦੇ ਪਿੰਡ ਤਾਜੋਕੇ ਵਿੱਚ ਸਾਹਮਣੇ ਆਇਆ ਹੋਇਆ ਹੈ। ਇੱਥੋ ਦੇ ਵਸਨੀਕ ਨਿਹਾਲ ਸਿੰਘ ਨੂੰ ਮਈ 1992 ਵਿੱਚ ਪੁਲਿਸ ਨੇ ਘਰੋਂ ਚੁੱਕ ਲਿਆ ਅਤੇ ਚਾਰ ਦਿਨਾਂ ਬਾਅਦ ਫਰਜੀ ਮੁਕਾਬਲਾ ਦਿਖਾਕੇ ਉਸਨੂੰ ਮਾਰ ਦਿੱਤਾ ਗਿਆ।

ਪੀੜ੍ਹਤ ਪਰਿਵਾਰ ਮੁਤਾਬਕ ਨਿਹਾਲ ਸਿੰਘ ਘਰ ਵਿੱਚ ਬੈਠਾ ਆਪਣਾ ਪਿਤਾ ਪੁਰਖੀ ਕਿੱਤਾ ਲੋਹਾਰ ਦਾ ਕੰਮ ਕਰਦਾ ਸੀ ਤਾਂ ਅਚਾਨਕ ਸ਼ਾਮ ਪੰਜ ਵਜੇ ਦੇ ਕਰੀਬ ਪੁਲਿਸ ਨੇ ਉਹਨਾਂ ਦਾ ਦਰਵਾਜਾ ਖੜ੍ਹਕਾਇਆ। ਉਹਨਾਂ ਨੇ ਨਿਹਾਲ ਸਿੰਘ ਨੂੰ ਕਿਸੇ ਦਾ ਘਰ ਦੱਸਣ ਲਈ ਆਪਣੇ ਨਾਲ ਗੱਡੀ ਵਿੱਚ ਬੈਠਾ ਲਿਆ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਕਹਿ ਦਿੱਤਾ ਕਿ ਇਸਨੂੰ ਛੱਡ ਦਿੱਤਾ ਜਾਵੇਗਾ। ਨਿਹਾਲ ਸਿੰਘ ਦੀ ਪਤਨੀ ਅਮਰਜੀਤ ਕੌਰ ਨੇ ਹੰਝੂ ਭਰੀਆਂ ਅੱਖਾਂ ਨਾਲ ਦੱਸਿਆ ਕਿ ਸਾਨੂੰ ਚਾਰ ਦਿਨਾਂ ਬਾਅਦ ਪਤਾ ਲੱਗਿਆ ਕਿ ਪੁਲਿਸ ਨੇ ਬਠਿੰਡਾ ਜਿਲ੍ਹਾ ਦੇ ਪਿੰਡ ਤੁੰਗਵਾਲੀ ਕੋਲ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਹੈ। ਪੀੜ੍ਹਤ ਬੇਟੇ ਸਵਰਨ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਨੂੰ ਮੁਕਾਬਲੇ ਵਿੱਚ ਮਾਰਨ ਤੋਂ ਬਾਅਦ ਵੀ ਪੁਲਿਸ ਸਾਨੂੰ ਤੰਗ ਕਰਦੀ ਰਹੀ ਤੇ ਪੁਲਿਸ ਮੁਲਾਜ਼ਮ ਘਰ ਆ ਕੇ ਨਿਹਾਲ ਸਿੰਘ ਬਾਰੇ ਪੁੱਛਦੇ ਰਹੇ। ਉਨ੍ਹਾਂ ਦੱਸਿਆ ਕਿ 1997 ਵਿੱਚ ਸੰਗਰੂਰ ਤੋਂ ਜਾਰੀ ਨਿਹਾਲ ਸਿੰਘ ਦੀ ਮੌਤ ਦਾ ਇੱਕ ਫਰਜੀ ਸਰਟੀਫਿਕੇਟ ਪਿੰਡ ਦਾ ਚੌਕੀਦਾਰ ਘਰ ਦੇ ਗਿਆ ਤਾਂ ਕਿਤੇ ਜਾ ਕੇ ਪੁਲਿਸ ਸਾਨੂੰ ਤੰਗ ਕਰਨੋਂ ਹਟੀ। ਉਨ੍ਹਾਂ ਦੱਸਿਆ ਕਿ ਨਿਹਾਲ ਸਿੰਘ ਘਰ ਵਿੱਚ ਹੀ ਲੋਕਾਂ ਦੀਆਂ ਮੰਜੇ-ਪੀੜ੍ਹੀਆਂ, ਗੱਡੇ ਆਦਿ ਲੋਹਾਰ ਦਾ ਕੰਮ ਕਰਦਾ ਸੀ ਅਤੇ ਕਦੇ ਕਿਸੇ ਨਾਲ ਆਉਣੀ ਜਾਣੀ ਨਹੀਂ ਸੀ। ਪੀੜ੍ਹਤ ਪਰਿਵਾਰ ਨੇ ਦੱਸਿਆ ਕਿ ਨਿਹਾਲ ਸਿੰਘ ਦੀ ਮੌਤ ਤੋ ਬਾਅਦ ਘਰ ਦੀ ਆਰਥਿਕ ਹਾਲਤ ਐਨੀ ਮਾੜੀ ਹੋ ਗਈ ਕਿ ਲੜਕੀ ਦੇ ਵਿਆਹ ਅਤੇ ਦੂਜੇ ਬੱਚਿਆਂ ਦੇ ਪਾਲਣ ਪੋਸ਼ਣ ਕਰਨ ਲਈ ਘਰ ਵੀ ਵਿਕ ਗਿਆ। ਉਸ ਤੋ ਬਾਅਦ ਨਿਹਾਲ ਸਿੰਘ ਦੀ ਪਤਨੀ ਨੂੰ ਆਪਣੇ ਬੱਚਿਆਂ ਨਾਲ ਮਜਬੂਰਨ ਆਪਣੇ ਪੇਕੇ ਪਿੰਡ ਜੇਠੂਕੇ ਵਿਖੇ ਰਹਿ ਰਹੀ ਹੈ। ਪੀੜ੍ਹਤ ਪਰਿਵਾਰ ਨੇ ਮਾਨਯੋਗ ਉੱਚ ਅਦਾਲਤਾਂ ਅਤੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਸਾਡੇ ਨਾਲ ਹੋਈ ਵਧੀਕੀ ਦੀ ਉੱਚ ਪੱਧਰੀ ਜਾਂਚ ਹੋਵੇ ਅਤੇ ਸਾਨੂੰ ਇਨਸਾਫ ਦਿੱਤਾ ਜਾਵੇ ਅਤੇ ਫਰਜੀ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਬੇਕਸੂਰ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਮੀਡੀਆ ਜਰੀਏ ਸੱਚ ਸਾਹਮਣੇ ਲਿਆਉਣ ਲਈ ਅਪੀਲ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਸਾਡੀਆਂ ਸਰਕਾਰਾਂ ਤੇ ਹੋਰ ਧਾਰਮਿਕ ਜਥੇਬੰਦੀਆਂ ਆਉਣ ਵਾਲੇ ਸਮੇਂ ਵਿੱਚ ਕੀ ਪ੍ਰਤੀਕਰਮ ਦਿੰਦੀਆਂ ਹਨ ਅਤੇ ਇਹਨਾਂ ਫਰਜੀ ਪੁਲਿਸ ਮੁਕਾਬਲਿਆਂ ਦੀ ਜਾਂਚ ਕਿਸ ਤਰ੍ਹਾਂ ਹੁੰਦੀ ਹੈ।