June 21, 2026 1:19 am

ਮ੍ਰਿਤਕ ਔਰਤ ਦੀ ਲਾਸ਼ ਨੂੰ ਸੜਕ ‘ਤੇ ਰੱਖਕੇ ਕੀਤਾ ਰੋਸ ਪ੍ਰਗਟ

ਧੂਰੀ 1 ਅਗਸਤ (ਹਸਨਪੁਰੀ)- ਬੀਤੀ 5 ਜੁਲਾਈ ਨੂੰ ਧੂਰੀ-ਸੰਗਰੂਰ ਮੁੱਖ ਮਾਰਗ ਦੇ ਪਿੰਡ ਲੱਡਾ ਦੇ ਨੇੜੇ  ਟਰਾਲੇ ਦੇ ਸਕੂਟਰ ਸਵਾਰ ਪਤੀ-ਪਤਨੀ ਨੂੰ ਫੇਂਟ ਮਾਰਨ ਦੋਰਾਨ ਦੁਰਘਟਨਾ ਗ੍ਰਸਤ ਹੋਏ ਸਕੂਟਰ ਸਵਾਰ ਪਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਹੁਣ 25-26 ਦਿਨਾਂ ਬਾਅਦ ਪਤਨੀ ਦੀ ਵੀ ਇਲਾਜ ਦੌਰਾਨ ਮੌਤ  ਹੋਣ ਤੇ ਲੋਕਾਂ ਵਿੱਚ ਰੋਸ਼ ਪਾਇਆ ਗਿਆ ਤੇ  ਉਹਨਾਂ ਦੇ ਵਾਰਸਾਂ ਵਲੋ ਦੋਸ਼ੀਆਂ ਅਤੇ ਪ੍ਰਸ਼ਾਸ਼ਨ ਤੇ ਡਿਓੂਟੀ ਚ ਲਾਪਰਵਾਹੀ ਵਰਤਣ ਦਾ ਦੋਸ਼ ਲਗਾਇਆ ਅਤੇ ਇਸਦੇ  ਲਈ ਜਿੰਮੇਵਾਰ ਪੁਲਸ ਮੁਲਾਜਮ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ। ਇਸ ਮੰਗ  ਨੂੰ ਲੈਕੇ ਅੱਜ ਸਵੇਰੇ ਉਨ੍ਹਾਂ ਮ੍ਰਿਤਕ  ਔਰਤ ਦੀ ਲਾਸ਼ ਨੂੰ ਸੜਕ ਤੇ ਰੱਖਕੇ  ਪਿੰਡ ਬੇਨੜਾ ਵਿਖੇ ਧੂਰੀ-ਸੰਗਰੂਰ ਮੁੱਖ ਮਾਰਗ ਤੇ ਚੱਕਾ ਜਾਮ ਕਰਕੇ ਆਵਾਜਾਈ ਨੂੰ ਠੱਪ  ਕਰਕੇ ਪੁਲਸ ਦੇ ਖਿਲਾਫ ਨਾਅਰੇਬਾਜੀ ਕਰਦੇ ਹੋਏ ਰੋਸ਼ ਦਾ ਇਜ਼ਹਾਰ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ  ‘ਚ ਸ਼ਾਮਲ ਕੁਲਵੰਤ ਸਿੰਘ, ਦਰਸ਼ਨ, ਗੁਰਮੇਲ  ਕੌਰ, ਇਕਬਾਲ ਸਿੰਘ, ਕਰਨੈਲ ਸਿੰਘ, ਬੱਗਾ  ਸਿੰਘ ਸਰਪੰਚ, ਜਰਨੈਲ ਸਿੰਘ ਤੇ  ਹੋਰਨਾਂ ਨੇ ਦੱਸਿਆਂ ਕਿ ਬੀਤੀ 5 ਜੁਲਾਈ  ਨੂੰ ਪਤੀ-ਪਤਨੀ ਹਰਮੇਸ਼ ਜਿੰਦਲ ਅਤੇ  ਕਮਲਾ ਜਿੰਦਲ ਸੰਗਰੂਰ ਤੋਂ ਧੂਰੀ  ਵੱਲ ਪਿੰਡ ਬੇਨੜਾ ਸਕੂਟਰ ਤੇ  ਆ ਰਹੇ ਸਨ ਤਾਂ ਪਿੰਡ ਲੱਡਾ  ਦੇ ਨਜ਼ਦੀਕ ਇਕ ਟਰਾਲੇ ਨੇ ਫੇਂਟ  ਮਾਰ ਦਿੱਤੀ ਸੀ ਤੇ ਹਰਮੇਸ਼ ਜਿੰਦਲ  ਦੀ ਮੌਕੇ ‘ਤੇ ਹੀ ਮੌਤ ਹੋ  ਗਈ ਅਤੇ ਕਮਲਾ ਜਿੰਦਲ ਜੋ ਕਿ  ਗੰਭੀਰ ਰੂਪ ਚ ਜਖਮੀ ਹੋ ਗਈ  ਸੀ, ਜੋ ਕਿ ਜੇਰੇ ਇਲਾਜ ਲੁਧਿਆਣਾ  ਵਿਖੇ ਦਾਖਿਲ ਸੀ, ਦੀ ਵੀ ਹੁਣ  ਮੌਤ ਹੋ ਗਈ ਹੈ। ਉਹਨਾਂ ਦੱਸਿਆ  ਕਿ ਉਕਤ ਟਰਾਲੇ ਦੀ ਪਹਿਚਾਣ  ਹੋਣ ਦੇ ਬਾਵਜੂਦ ਪੁਲਸ ਵੱਲੋਂ  ਉਸ ਟਰਾਲੇ ਵਾਲੇ ਦੇ ਖਿਲਾਫ  ਕੋਈ ਕਾਰਵਾਈ ਨਹੀ ਕੀਤੀ ਜਿਸ  ਨਾਲ ਪੁਲਸ ਵੱਲੋ ਕੀਤੀ ਕਾਰਵਾਈ  ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ।  ਉਨ੍ਹਾਂ ਇਸ ਮੌਕੇ ਟਰਾਲੇ ਵਾਲੇ  ਦੇ ਖਿਲਾਫ ਉੁੱਚ ਪੱਧਰੀ ਪੜਤਾਲ  ਕਰਕੇ ਬਣਦੀ ਕਾਰਵਾਈ ਨੂੰ ਅਮਲ  ਚ ਲਿਆਓੁਣ ਦੀ ਮੰਗ ਕੀਤੀ ਅਤੇ  ਉਹਨਾਂ ਉਕਤ ਮਾਮਲੇ ਦੀ ਪੜਤਾਲ  ਕਰ ਰਹੇ ਪੁਲਸ ਮੁਲਾਜਮਾਂ ਖਿਲਾਫ  ਲਾਪਰਵਾਹੀ ਵਰਤਣ ਦਾ ਦੋਸ਼ ਲਾਉਂਦਿਆਂ  ਉਨਾਂ ਨੂੰ ਸਸਪੈਂਡ ਕਰਨ ਦੀ ਮੰਗ  ਕੀਤੀ। ਇਸ ਦੋਰਾਨ ਐਸ.ਡੀ.ਐਮ  ਧੂਰੀ ਦੀ ਧਰਨਾ ਖਤਮ ਕਰਨ ਦੀ  ਕੋਸ਼ਿਸ਼ ਨਾਕਾਮਯਾਬ ਰਹੀ, ਪਰ ਏ.ਡੀ.ਸੀ. ਪ੍ਰੀਤਮ ਸਿੰਘ ਜੋਹਲ ਤੇ ਐਸ.ਐਸ.ਪੀ  ਸੰਗਰੂਰ ਨੇ ਥਾਣਾ ਸਦਰ ਧੂਰੀ  ਦੇ ਏ.ਐਸ.ਆਈ ਸੁਖਚੈਨ ਸਿੰਘ  ਤੇ ਹਵਾਲਦਾਰ ਸੁਖਦੇਵ ਸਿੰਘ ਨੂੰ  ਸਸਪੈਂਡ ਕਰਕੇ ਬਣਦੀ ਕਾਰਵਾਈ ਕਰਨ  ਦਾ ਆਸ਼ਵਾਸ਼ਨ ਦੇਣ ਤੋ ਬਾਅਦ ਧਰਨਾ  ਖਤਮ ਕਵਾਇਆ ਗਿਆ ।

Send this to a friend